ਜਹਾਜ਼ ‘ਚ ਔਰਤ ਨਾਲ ਛੇੜਛਾੜ ਦੇ ਦੋਸ਼ ‘ਚ ਭਾਰਤੀ ਕਾਬੂ
ਨਿਊਯਾਰਕ (ਨਦਬ): ਲਾਸ ਏਂਜਲਸ ਤੋਂ ਨਿਊ ਜਰਸੀ ਜਾ ਰਹੀ ਉਡਾਨ ਵਿੱਚ ਨਾਲ ਦੀ ਸੀਟ ਉਤੇ ਬੈਠੀ ਇਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ 58 ਸਾਲਾ ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਵਾਸੀ ਵੀਰਭੱਦਰਰਾਓ ਕੁਨਾਮ ਖ਼ਿਲਾਫ਼ ਜਿਨਸੀ ਛੇੜ-ਛਾੜ ਦੇ ਦੋਸ਼ ਲੱਗੇ ਹਨ। ਉਹ ਕੱਲ੍ਹ ਨੇਵਾਰਕ ਦੀ ਸੰਘੀ ਅਦਾਲਤ ਵਿੱਚ ਜ਼ਿਲ੍ਹਾ ਮੈਜਿਸਟਰੇਟ ਜੋਸੇਫ ਡਿੱਕਸਨ ਅੱਗੇ ਪੇਸ਼ ਹੋਇਆ ਅਤੇ 50 ਹਜ਼ਾਰ ਅਮਰੀਕੀ ਡਾਲਰ ਦੇ ਮੁਚੱਲਕੇ ਉਤੇ ਰਿਹਾਅ ਕੀਤਾ ਗਿਆ। ਇਨ੍ਹਾਂ ਦੋਸ਼ਾਂ ਤਹਿਤ ਦੋ ਸਾਲ ਦੀ ਕੈਦ ਅਤੇ ਢਾਈ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ। ਜਹਾਜ਼ ਦੇ ਨੇਵਾਰਕ ਉਤਰਨ ਉਤੇ ਕੁਨਾਮ ਨੂੰ 30 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਐਫਬੀਆਈ ਦੀ ਸੰਘੀ ਹਿਰਾਸਤ ਵਿੱਚ ਰੱਖਿਆ ਗਿਆ। ਸ਼ਿਕਾਇਤ ਮੁਤਾਬਕ ਇਕ ਔਰਤ ਵਿਚਾਲੜੀ ਸੀਟ ‘ਤੇ ਬੈਠੀ ਸੀ ਅਤੇ ਨਾਲ ਦੀ ਸੀਟ ਉਤੇ ਕੁਨਾਮ ਬੈਠਾ ਸੀ। ਔਰਤ ਸੌਂ ਗਈ। ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਕੁਨਾਮ ਉਸ ਨੂੰ ਬਦਨੀਅਤ ਨਾਲ ਹੱਥ ਲਗਾ ਰਿਹਾ ਸੀ। ਇਸ ਔਰਤ ਨੇ ਆਪਣੇ ਨਾਲ ਬੈਠੇ ਸਾਥੀ ਨੂੰ ਇਸ ਬਾਰੇ ਦੱਸਿਆ। ਇਸ ਤੋਂ ਦੋਹੇਂ ਖਹਿਬੜ ਪਏ। ਪੀੜਤ ਦੇ ਸਾਥੀ ਨੂੰ ਮੁਲਜ਼ਮ ਨੇ ਕਥਿਤ ਤੌਰ ‘ਤੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਸਾਰੇ ਇਸ ਘਟਨਾ ਬਾਰੇ ਭੁੱਲ ਜਾਣ ਅਤੇ ਉਸ ਕਾਰਨ ਹੋਈ ਪ੍ਰੇਸ਼ਾਨੀ ਲਈ ਉਸ ਨੇ ਸ਼ਰਾਬ ਦੀ ਪੇਸ਼ਕਸ਼ ਵੀ ਕੀਤੀ। ਪੀੜਤ ਔਰਤ ਦੇ ਸਾਥੀ ਨੇ ਕੁਨਾਮ ਦੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਜਹਾਜ਼ ਦੇ ਅਮਲੇ ਨੂੰ ਇਸ ਬਾਰੇ ਸ਼ਿਕਾਇਤ ਕਰ ਦਿੱਤੀ।