ਜਦੋਂ ਬੰਦਾ ਜੁਗਾੜੀ ਹੋਵੇ ਤਾਂ ਬੰਬੂਕਾਟ ਕੀ, ਰਾਕਟ ਬਣਾਉਣਾ ਵੀ ਔਖਾ ਨਹੀਂ ਹੁੰਦਾ

ਅਮਨਦੀਪ ਸਿੰਘ, ਸਰੀ ਬੀ. ਸੀ., ਕਨੇਡਾ

 

‘ਮਿੱਤਰਾਂ ਦਾ ਫਿਟਫਿਟੀਆ, ਨੱਬੇ ਮੀਲ ਦੀ ਸਪੀਡ ‘ਤੇ ਜਾਂਦਾ’

‘ਮੇਰੇ ਸਾਈਕਲ ਵਿਚ ਤੂੰ ਮੋਟਰ ਸਾਈਕਲ ਮਾਰਿਆ ਵੇ’

ਪੁਰਾਣੀਆਂ ਪੰਜਾਬੀ ਫ਼ਿਲਮਾਂ ਦੇ ਇਹ ਗੀਤ ਅੱਜ ਜ਼ਿਹਨ ਵਿਚ ਕੁੱਝ ਤਾਜ਼ੇ ਹੋ ਗਏ।

ਕਿਸੇ ਵੀ ਤੇਜ਼ ਚੱਲਣ ਵਾਲੀ ਸਵਾਰੀ ਨੂੰ ਆਮ ਕਰ ਕੇ ਬੰਬੂਕਾਟ ਦੇ ਵਿਸ਼ੇਸ਼ਣ ਨਾਲ ਨਿਵਾਜਿਆ ਜਾਂਦਾ ਰਿਹਾ ਹੈ। ਪੰਜਾਬੀਆਂ ਦਾ ਮੋਟਰ ਸਾਈਕਲ ਨਾਲ ਵਾਹਵਾ ਚਿਰ ਦਾ ਤੇ ਡੂੰਘਾ ਮੋਹ ਹੈ। ਸ਼ਾਇਦ ਇਸੇ ਲਈ ਮੋਟਰ ਸਾਈਕਲ ਨੂੰ ਗੀਤਾਂ ਵਿਚ ਸਹਿਜੇ ਹੀ ਥਾਂ ਮਿਲ ਗਈ। ਜਦੋਂ ਮੈਂ ਫ਼ਿਲਮ ਵੇਖਣ ਜਾਂਦਾ ਹੁੰਦਾ ਤਾਂ ਪਤਾ ਨੀਂ ਕਿਉਂ ਕੁੱਝ ਤੌਖਲੇ ਹਮੇਸ਼ਾ ਮਨ ਵਿਚ ਹੁੰਦੇ ਆ, ਕੀ ਕਹਾਣੀ ਵਧੀਆ ਹੋਊ, ਕੀ ਨਿਰਦੇਸ਼ਨ ਵਧੀਆ ਕੀਤਾ ਹੋਊ, ਕੀ ਅਦਾਕਾਰਾਂ ਨੇ ਆਪਣੇ ਕਿਰਦਾਰਾਂ ਨਾਲ ਇਨਸਾਫ਼ ਕੀਤਾ ਹੋਊ ਕਿ ਨਹੀਂ, ਇਸ ਤੋਂ ਵੀ ਵੱਧ, ਕਿ ਕੀ ਇਹ ਫ਼ਿਲਮ ਵੇਖਣ ਲਈ ਮੇਰਾ ਕਿਸੇ ਨੂੰ ਸਿਫ਼ਾਰਸ਼ ਕਰਨ ਦੇ ਲਈ ਕੋਈ ਕਾਰਨ ਵੀ ਹੋਊ ਜਾਂ ਕੋਈ ਵਧੀਆ ਸੁਨੇਹਾ ਮਿਲੇਗਾ ਕਿ ਨਹੀਂ?

ਹਰ ਚੀਜ਼ ਨੂੰ ਵੇਖਣ ਦੇ ਕਈ ਪੱਖ ਹੁੰਦੇ ਆ, ਜਿਵੇਂ ਕਿ ਕਿਸੇ ਨੂੰ ਮਾਂਹ ਸਵਾਦੀ ਤੇ ਕਿਸੇ ਨੂੰ ਵਾਦੀ, ਕੋਈ ਚੀਜ਼ ਕਿਸੇ ਨੂੰ ਬਹੁਤ ਚੰਗੀ ਲੱਗ ਸਕਦੀ ਹੈ ਤੇ ਕਿਸੇ ਦੂਸਰੇ ਨੂੰ ਬਿਲਕੁਲ ਬੁਰੀ। ਇਸ ਲਈ ਹੋ ਸਕਦਾ ਇਸ ਫ਼ਿਲਮ ਬਾਰੇ ਮੇਰਾ ਨਜ਼ਰੀਆ ਬਹੁਤਿਆਂ ਤੋਂ ਵੱਖਰਾ ਹੋਵੇ ਪਰ ਇਹ ਕੋਈ ਨਵੀਂ ਗੱਲ ਨਹੀਂ ਹੋਵੇਗੀ। ਕਾਫ਼ੀ ਚਿਰ ਤੋਂ ਗੱਲਾਂ ਸੁਣਦਾ ਸੀ ਪਈ ‘ਐਮੀ ਵਿਰਕ’ ਦੀ ਫ਼ਿਲਮ ਆਉਣੀ ਆ ‘ਬੰਬੂਕਾਟ’। ਬੜੀ ਚਰਚਾ ਸੁਣਦਾ ਸੀ। ਫ਼ਿਲਮ ਵੇਖਣ ਦਾ ਮਨ ਤਾਂ ਉਦੋਂ ਈ ਬਣਾ ਲਿਆ ਸੀ, ਪਰ ਜਿੱਦਣ ਫ਼ਿਲਮ ਸਿਨੇਮਿਆਂ ਵਿਚ ਲੱਗੀ ਉੱਦਣ ਟਿਕਟਾਂ ਲੈਣ ਵਿੱਚ ਥੋੜ੍ਹੀ ਜਿਹੀ ਦੇਰ ਹੋ ਗਈ ਤੇ ਸਾਰਾ ਸ਼ੋਅ ਮੇਰੇ ਪਤਾ ਕਰਨ ਤੋਂ ਪਹਿਲਾਂ ਈ ਸੋਲਡ ਆਊਟ ਸੀ। ਸੋ ਸ਼ੁੱਕਰਵਾਰ ਨੂੰ ਫ਼ਿਲਮ ਵੇਖਣ ਦਾ ਸਬੱਬ ਨਾ ਬਣਿਆ। ਇਸ ਲਈ ਸਨਿੱਚਰਵਾਰ ਸ਼ਾਮ ਦਾ ਫਿਰ ਮਨ ਬਣਾਇਆ ਤਾਂ ਪਤਾ ਲੱਗਾ ਕਿ ਸ਼ਾਮ ਵਾਲਾ ਸ਼ੋਅ ਵੀ ਵਿਕ ਚੁੱਕਿਆ ਪਰ ਦੁਪਹਿਰ ਵਾਲਾ ਸ਼ੋਅ ਅਜੇ ਸ਼ਾਇਦ ਖ਼ਾਲੀ ਸੀ। ਇਸ ਲਈ ਫਟਾਫਟ ਟਿਕਟ ਲੈ ਲਈ।

‘ਅੰਗਰੇਜ਼’ ਫ਼ਿਲਮ ਨੇ ਪੁਰਾਣੇ ਪੰਜਾਬ ਦੀ ਜ਼ਿੰਦਗੀ ਦਾ ਖ਼ਾਕਾ ਖਿੱਚ ਕੇ ਜਿਹੜਾ ਮੀਲ ਪੱਥਰ ਗੱਡਿਆ, ਜੇ ਹੁਣ ਪੁਰਾਣਿਆਂ ਵੇਲਿਆਂ ਦੀ ਗੱਲ ਕਰਦੀ ਕੋਈ ਪੰਜਾਬੀ ਫ਼ਿਲਮ ਉਸ ਦੇ ਮੇਚ ਨਾ ਬੈਠੇ ਤਾਂ ਲੱਗਦਾ ਆ ਕਿ ਫ਼ਿਲਮ ਚੰਗੀ ਨਹੀਂ ਬਣੀ। ਇਸ ਲਈ ਜਦੋਂ ਇਹ ਚਰਚਾ ਛਿੜੀ ਕਿ ਬੰਬੂਕਾਟ ਵੀ ਪੁਰਾਣੇ ਵੇਲਿਆਂ ਦਾ ਹੈ ਤਾਂ ਅੰਗਰੇਜ਼ ਵਾਲੇ ਗਜ ਨਾਲ ਇਸਦਾ ਤੇਲ ਪਾਣੀ ਜਾਂਚਣਾ ਸੁਭਾਵਕ ਹੀ ਸੀ।

ਕਹਿਣ ਨੂੰ ਤਾਂ ਫ਼ਿਲਮ, ਮੋਟਰਸਾਈਕਲ ਦੇ ਆਲ਼ੇ ਦੁਆਲੇ ਬੁਣੀ ਗਈ ਇੱਕ ਨਿੱਕੀ ਜਿਹੀ ਕਹਾਣੀ ਹੈ, ਪਰ ਇਸ ਨਿੱਕੀ ਜਿਹੀ ਕਹਾਣੀ ਨਾਲ ਕਈ ਵੱਡੇ ਵੱਡੇ ਸੁਨੇਹੇ ਦੇਣ ਵਿਚ ਕਾਮਯਾਬ ਰਹੀ ਹੈ ਇਹ ਫ਼ਿਲਮ। ‘ਅਰਦਾਸ’ ਫ਼ਿਲਮ ਵਿਚ ਜਿੱਥੇ ਬਹੁਤਿਆਂ ਕਿਰਦਾਰਾਂ ਨੂੰ ਬਰਾਬਰ ਤੋਰ ਕੇ ਕਈ ਕਹਾਣੀਆਂ ਰਾਹੀਂ ਬਹੁਤੇ ਸੁਨੇਹੇ ਦੇਣ ਦੀ ਸਫਲ ਕੋਸ਼ਿਸ਼ ਕੀਤੀ ਗਈ ਸੀ ਉੱਥੇ ਇਸ ਫ਼ਿਲਮ ਵਿਚ ਇੱਕ ਹੀ ਕਹਾਣੀ ਦੇ ਵਿਚ ਇਹ ਸਭ ਕੁੱਝ ਵਧੀਆ ਤਰੀਕਿਆਂ ਨਾਲ ਸੰਜੋਇਆ ਗਿਆ ਹੈ, ਫਿਰ ਚਾਹੇ ਇੱਕ ਪੱਕੇ ਰੰਗ ਨੂੰ ਸਾਡੇ ਸਮਾਜ ਵਿਚ ਬਾਕੀਆਂ ਨਾਲੋਂ ਪਿਛਾਂਹ ਰੱਖਣ ਦਾ ਇਸ਼ਾਰਾ ਹੋਵੇ, ਜਾਂ ਪੰਜਾਬ ਦੇ ਨੌਜੁਆਨਾਂ ਦੀ ਅਕਲ ਅਤੇ ਹੁਨਰਮੰਦੀ ਦੀ ਗੱਲ।

ਸਭ ਤੋਂ ਵੱਧ ਜਿਸ ਨੁਕਤੇ ਨੂੰ ਸਮਝਣਾ ਬਣਦਾ ਹੈ ਉਹ ਇਹ ਹੈ ਕਿਵੇਂ ਰਿਸ਼ਤੇਦਾਰ, ਤੇ ਖ਼ਾਸ ਕਰ ਕੇ ਕੁੜੀ ਦੇ ਤਕੜੇ ਸਹੁਰੇ, ਕੁੜੀ ਵਾਲਿਆਂ ਤੇ ਰੋਹਬ ਰੱਖਦੇ ਹਨ। ਇਸ ਤੋਂ ਇਲਾਵਾ ਰਿਸ਼ਤਿਆਂ ਵਿਚਲਾ ਸਾੜਾ, ਇੱਕ ਦੂਜੇ ਤੋਂ ਵੱਧ ਕੇ ਟੌਹਰ ਮਾਰਨ ਦਾ ਝੱਸ ਤਾਂ ਅੱਜ ਵੀ ਉਸੇ ਤਰ੍ਹਾਂ ਹੈ। ਕੁੱਲ ਮਿਲਾ ਕੇ ਇਹ ਵਿਸ਼ਾ ਕੁੱਝ ਨਵਾਂ ਵੀ ਹੈ ਤੇ ਅਣਛੋਹਿਆ ਵੀ। ਇਸ ਲਈ ਫ਼ਿਲਮ ਨੂੰ ਵੇਖਦਿਆਂ ਹੋਇਆਂ ਕਹਾਣੀ ਵਿਚ ਤਾਜ਼ਗੀ ਬਰਕਰਾਰ ਰਹਿੰਦੀ ਹੈ ਤੇ ਦਰਸ਼ਕ ਫ਼ਿਲਮ ਨਾਲ ਜੁੜੇ ਰਹਿੰਦੇ ਹਨ।

ਫ਼ਿਲਮ ਦੇ ਗੀਤ ਦਿਲ ਟੁੰਬਵੇਂ ਹਨ। ਕੋਈ ਵੀ ਗੀਤ ਧੱਕੇ ਨਾਲ ਪਾਇਆ ਗਿਆ ਨਹੀਂ ਲੱਗਦਾ। ਸਗੋਂ ਕਹਾਣੀ ਦੀ ਰਵਾਨਗੀ ਦੇ ਨਾਲ ਗੀਤ ਵੀ ਰਵਾਂ ਰਵੀਂ ਤੁਰੇ ਰਹਿੰਦੇ ਹਨ। ਜੱਸ ਗਰੇਵਾਲ ਦੇ ਲਿਖੇ ਹੋਏ ਸੰਵਾਦ ਕਿਤਾਬੀ ਨਾ ਹੋ ਕੇ ਆਮ ਬੋਲ ਚਾਲ ਵਾਲੀ ਬੋਲੀ ਵਿਚ ਇੱਕ ਮੱਕ ਹੋ ਕੇ ਲਿਖੇ ਗਏ ਹਨ ਤੇ ਕਿਤੇ ਵੀ ਓਪਰਾਪਣ ਮਹਿਸੂਸ ਨਹੀਂ ਹੋਣ ਦਿੰਦੇ। ਵਿਨੀਤ ਮਲਹੋਤਰਾ ਦਾ ਫ਼ਿਲਮਾਂਕਣ ਵੀ ਵਧੀਆ ਤੇ ਪ੍ਰਭਾਵਸ਼ਾਲੀ ਹੈ। ਨਿਰਦੇਸ਼ਕ ਪੰਕਜ ਬਤਰਾ ਇਸ ਵਧੀਆ ਟੋਲੀ ਤੋਂ ਵਧੀਆ ਕੰਮ ਕਰਵਾਉਣ ਵਿਚ ਸਫਲ ਰਹੇ। ਬੰਬੂਕਾਟ ਦੀ ਸਾਰੀ ਹੀ ਟੋਲੀ ਵਧਾਈ ਦੀ ਹੱਕਦਾਰ ਹੈ।

ਐਮੀ ਵਿਰਕ ਦਿਨੋਂ ਦਿਨ ਆਪਣੀ ਆਵਾਜ਼ ਵਾਂਗੂ ਆਪਣੀ ਅਦਾਕਾਰੀ ਨੂੰ ਵੀ ਮਜ਼ਬੂਤੀ ਨਾਲ ਕਾਇਮ ਕਰ ਰਿਹਾ ਹੈ। ਐਮੀ ਵਿਰਕ ਜੇ ਇਸੇ ਤਰ੍ਹਾਂ ਵਧੀਆ ਵਿਸ਼ਿਆਂ ਨੂੰ ਹੱਥ ਪਾ ਕੇ ਕੁੱਝ ਨਵਾਂ ਲੈ ਕੇ ਦਰਸ਼ਕਾਂ ਅੱਗੇ ਆਉਂਦਾ ਰਹੇਗਾ ਤਾਂ ਦਰਸ਼ਕ ਵੀ ਉਸ ਨੂੰ ਹੱਥੀ ਛਾਵਾਂ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ।

ਸਿਮੀ ਚਾਹਲ ਦੀ ਅਦਾਕਾਰੀ ਤੋਂ ਕਿਤੇ ਵੀ ਇਹ ਝਲਕ ਨਹੀਂ ਪੈਂਦੀ ਕਿ ਉਹ ਨਵੀਂ ਆਈ ਹੈ। ਇੱਕ ਗੱਲ ਹੋਰ ਜੋ ਉਸਦੀ ਅਦਾਕਾਰੀ ਵਿਚ ਧਿਆਨ ਮੰਗਦੀ ਸੀ ਉਹ ਸਨ ਉਸਦੇ ਸੰਵਾਦ, ਮਾਲਵੇ ਦੀ ਠੇਠ ਬੋਲੀ ਵਿਚ ਸਹਿਜ ਢੰਗ ਨਾਲ ਪੰਜਾਬੀ ਬੋਲਣੀ ਅੱਜ ਕੱਲ੍ਹ ਬਹੁਤੀਆਂ ਕੁੜੀਆਂ ਨੂੰ ਨਹੀਂ ਆਉਂਦੀ ਕਿਉਂਕਿ ਹਿੰਦੀ ਬੋਲਣ ਦੀ ਹੋੜ ਵਿਚ ਪੰਜਾਬੀ ਬੋਲਣ ਦੇ ਲਹਿਜ਼ੇ ਉੱਤੇ ਵੀ ਹਿੰਦੀ ਆਪਣੀ ਛਾਪ ਛੱਡਣ ਲੱਗੀ ਹੈ। ਪਰ ਸਿੰਮੀ ਚਾਹਲ ਨੇ ਪੱਕੋ ਦੇ ਕਿਰਦਾਰ ਉੱਤੇ ਕਿਤੇ ਵੀ ਅੱਜਕੱਲ੍ਹ ਵਾਲਾ ਹਿੰਦੀ ਦਾ ਲਹਿਜ਼ਾ ਭਾਰੂ ਨਹੀਂ ਪੈਣ ਦਿੱਤਾ। ਇਸ ਗੱਲ ਲਈ ਸਿੰਮੀ ਚਾਹਲ ਨੂੰ ਵਧਾਈ ਦੇਣੀ ਬਣਦੀ ਹੈ।

ਬੀਨੂੰ ਢਿੱਲੋਂ ਦੀ ਅਦਾਕਾਰੀ ਆਪਣੀ ਪਰਪੱਕਤਾ ਪਹਿਲਾਂ ਹੀ ਸਿੱਧ ਕਰ ਚੁੱਕੀ ਹੈ ਇਸ ਲਈ ਉਸਦੀ ਅਦਾਕਾਰੀ ਤੇ ਕਿੰਤੂ ਪ੍ਰੰਤੂ ਕੀਤਾ ਹੀ ਨਹੀਂ ਜਾ ਸਕਦਾ। ਪੁਰਾਣੀ ਅਫ਼ਸਰਸ਼ਾਹੀ ਦੇ ਫੋਕੇ ਰੋਹਬ ਦੀ ਝਲਕ ਜੋ ਅੱਜ ਵੀ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਜਿਉਂ ਦੀ ਤਿਉਂ ਕਾਇਮ ਹੈ ਉਸਦੀ ਅਦਾਕਾਰੀ ਵਿਚ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਹੈ। ਇਸੇ ਅਫ਼ਸਰਸ਼ਾਹੀ ਦਾ ਕਿੱਲਾ ਜਦੋਂ ਧੌਣ ਵਿਚ ਅੜਦਾ ਹੈ ਤਾਂ ਬੰਦਾ, ਆਪਣੇ ਕਰੀਬੀਆਂ ਨਾਲ ਵੀ, ਕਿਵੇਂ ਹੰਕਾਰਿਆ ਜਾਂਦਾ, ਇਹ ਬੀਨੂੰ ਢਿੱਲੋਂ ਨੇ ਬਾਖ਼ੂਬੀ ਵਿਖਾਇਆ।

ਸਰਦਾਰ ਸੋਹੀ, ਹੌਬੀ ਧਾਲੀਵਾਲ ਨੇ ਸਾਂਝੇ ਪਰਵਾਰ ਵਿਚ ਰਹਿੰਦੇ ਦੋ ਭਰਾਵਾਂ ਦਾ ਉਹ ਰਿਸ਼ਤਾ ਵਧੀਆ ਢੰਗ ਨਾਲ ਨਿਭਾਇਆ ਜਿਹੜਾ ਕਿ ਸਮੇਂ ਦੇ ਨਾਲ ਸ਼ਾਇਦ ਕਿਤੇ ਗਵਾਚ ਚੱਲਿਆ ਹੈ। ਵੱਡੇ ਭਰਾ ਸਰਦਾਰ ਸੋਹੀ ਦੀ ਹਰ ਗੱਲ ਵਿਚ ਪੁੱਛ ਪ੍ਰਤੀਤ, ਤੇ ਸਲਾਹ ਲੈਣੀ ਤੇ ਉਸਦੀ ਕਹੀ ਗੱਲ ਤੇ ਫ਼ੁਲ ਚੜ੍ਹਾਉਣੇ, ਭਰਾਵਾਂ ਦੀ ਮਜ਼ਬੂਤ ਸਾਂਝ ਨੂੰ ਵਿਖਾਉਂਦਾ ਹੈ। ਨਿਰਮਲ ਰਿਸ਼ੀ ਨੂੰ ਮੇਰੇ ਹਾਣ ਦੀ ਪੀੜ੍ਹੀ ਬਹੁਤਾ ਕਰਕੇ ਗੁਲਾਬੋ ਮਾਸੀ ਦੇ ਨਾਂ ਨਾਲ ਹੀ ਜਾਣਦੀ ਹੈ। ਤੇ ਗੁਲਾਬੋ ਮਾਸੀ ਦੇ ਕਿਰਦਾਰ ਵਿਚ ਰੋਹਬ-ਦਾਬ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ। ਨਿਰਮਲ ਰਿਸ਼ੀ ਕੁੜਮਣੀ ਦੇ ਇਸ ਰੋਹਬਦਾਰ ਕਿਰਦਾਰ ਨੂੰ ਨਿਭਾਉਂਦੀ ਬਹੁਤ ਸਹਿਜ ਲੱਗਦੀ ਹੈ।

ਫ਼ਿਲਮ ਵਿਚ ਬਹੁਤ ਸਾਰੀਆਂ ਵਧੀਆ ਗੱਲਾਂ ਵਿਖਾਈਆਂ ਗਈਆਂ ਹਨ। ਫਿਰ ਚਾਹੇ ਉਹ ਸਾਡੇ ਸਮਾਜ ਦੇ ਮਾੜੇ ਰੁਝਾਨਾਂ ਨੂੰ ਪਰਦੇ ਤੇ ਵਿਖਾ ਕੇ ਹੀ ਕਿਉਂ ਨਾ ਹੋਣ, ਜਿਵੇਂ ਕਿ, ਪੱਕੇ ਰੰਗ ਦੀ ਕੁੜੀ ਨੂੰ ਹਰ ਵੇਲੇ ਹੀਣਾ ਹੋਣ ਦਾ ਅਹਿਸਾਸ ਕਰਾਇਆ ਜਾਣਾ, ਮਾੜੇ ਰਿਸ਼ਤੇਦਾਰ ਦੀ ਬਹੁਤੀ ਪੁੱਛ ਪ੍ਰਤੀਤ ਨਾ ਕਰਨੀ ਤੇ ਤਕੜੇ ਰਿਸ਼ਤੇਦਾਰ ਦੇ ਅੱਗੇ ਪਿੱਛੇ ਫਿਰਨਾ। ਮੋਟਰਸਾਈਕਲ, ਮੇਰਾ ਮਤਲਬ ਬੰਬੂਕਾਟ ਤੋਂ ਇਲਾਵਾ ਇਸ ਫ਼ਿਲਮ ਦਾ ਜੋ ਮੁੱਖ ਮਸਲਾ, ਸਹੁਰੇ ਘਰ ਵਿਚ ਆਪਣੇ ਆਪ ਨੂੰ ਦੂਜੇ ਰਿਸ਼ਤੇਦਾਰਾਂ ਤੋਂ ਉੱਚਾ ਸਿੱਧ ਕਰਨ ਵਿਚ ਲੱਗਦਾ ਜ਼ੋਰ, ਵੀ ਧਿਆਨ ਮੰਗਦੇ ਹਨ।

ਇੱਕ ਗੁੱਝਾ ਜਿਹਾ ਇਸ਼ਾਰਾ ਜੋ ਇਸ ਫ਼ਿਲਮ ਵਿਚ ਕੀਤਾ ਗਿਆ ਉਹ ਇਹ ਹੈ ਕਿ ਕਿਵੇਂ ਇੱਕ ਸਿੱਧ ਪੱਧਰਾ ਜਿਹਾ ਜਿੰਮੀਦਾਰ ਬੰਦਾ ਦੁਨੀਆ ਦੇ ਝਾਂਸੇ ਵਿਚ ਆ ਕੇ ਲੁੱਟ ਹੋ ਸਕਦਾ ਅਤੇ ਫਿਰ ਮੁਜਰਮ ਬਣ ਕੇ ਸਜਾ ਵੀ ਉਹੀ ਭੁਗਤਦਾ ਹੈ।

ਇਸ ਫ਼ਿਲਮ ਵਿਚ ਸਭ ਤੋਂ ਜ਼ਿਆਦਾ ਵੱਖਰੀ ਤੇ ਨਵੀਂ ਗੱਲ ਸੀ ਪੰਜਾਬ ਵਿਚਲੇ ਰਾਜਿਆਂ ਦਾ ਦੀ ਸ਼ਾਨੋ-ਸ਼ੌਕਤ ਤੇ ਦਬਦਬਾ। ਪੰਜਾਬ ਦੇ ਲੋਕ ਸ਼ਾਇਦ ਰਜਵਾੜਾਸ਼ਾਹੀ ਦੇ ਉਹ ਪੁਰਾਣੇ ਦਿਨ ਵਿਸਾਰ ਚੁੱਕੇ ਨੇ ਪਰ ਫਿਰ ਵੀ ਇਹ ਵੀ ਸਾਡਾ ਇਤਿਹਾਸ ਹੈ ਤੇ ਇਸਨੂੰ ਸਾਂਭਿਆ ਜਾਣਾ ਚਾਹੀਦਾ ਹੈ। ਉਮੀਦ ਹੈ ਕਿ ਇਸ ਪੱਖ ਨੂੰ ਵੀ ਆਉਣ ਵਾਲੀਆਂ ਫ਼ਿਲਮਾਂ ਵਿਚ ਅੱਖੋਂ ਪਰੋਖੇ ਨਹੀਂ ਕੀਤਾ ਜਾਇਆ ਕਰੇਗਾ।

ਇਹ ਫ਼ਿਲਮ ਵੇਖਣ ਤੋਂ ਬਾਅਦ ਪਹਿਲਾ ਖ਼ਿਆਲ ਜੋ ਮਨ ਵਿਚ ਆਉਂਦਾ ਹੈ ਉਹ ਹੈ ਕਿ ਪੰਜਾਬ ਦਾ ਨੌਜੁਆਨ ਅੱਜ ਵੀ ਅਕਲ ਅਤੇ ਹੁਨਰ ਵਿਚ ਘੱਟ ਨਹੀਂ ਹੈ, ਬੱਸ ਘਾਟ ਉਸਨੂੰ ਸਹੀ ਮੌਕਾ ਮਿਲਣ ਦੀ ਹੈ। ਅੱਜ ਦੀ ਨੌਜਵਾਨੀ ਨੂੰ ਜੇ ਘਰ ਪਰਵਾਰ ਦਾ ਸਾਥ ਤੇ ਸਹੀ ਰੁਜ਼ਗਾਰ ਦੇ ਮੌਕੇ ਮਿਲਣ ਤਾਂ ਸਾਡੇ ਪੰਜਾਬੀ ਨੌਜੁਆਨ ਕਿਸੇ ਤਕਨੀਕੀ ਮਾਹਿਰ ਜਾਂ ਸਾਇੰਸਦਾਨ ਤੋਂ ਘੱਟ ਨਹੀਂ ਹਨ।

Leave a Reply

Your email address will not be published. Required fields are marked *