‘ਯੰਗਸਿਤਾਨ’ ਰਸਾਲੇ ਦਾ ਫੀਲਡ ਹਾਕੀ ਬਾਰੇ ਵਿਸ਼ੇਸ਼ ਅੰਕ ਜਾਰੀ

ਕੈਲਗਰੀ (ਨਦਬ) : ‘ਯੰਗਸਿਤਾਨ’ ਰਸਾਲੇ ਦਾ ਫੀਲਡ ਹਾਕੀ ਬਾਰੇ ਵਿਸ਼ੇਸ਼ ਅੰਕ ਇੱਥੇ ਜਾਰੀ ਕਰ ਦਿੱਤਾ ਗਿਆ ਹੈ। 84 ਪੰਨਿਆਂ ਦੇ ਇਸ ਅੰਕ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਲੇਖ ਛਾਪੇ ਗਏ ਹਨ। ਰਸਾਲੇ ਦੇ ਸੰਪਾਦਕ ਸੁਖਵੀਰ ਗਰੇਵਾਲ ਨੇ ਦੱਸਿਆ ਕਿ ਪਲੇਠੇ ਅੰਕ ਵਿੱਚ ਫੀਲਡ ਬਾਰੇ ਵਿਸ਼ੇਸ਼ ਲੇਖਾਂ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ ਦੇ ਫੀਲਡ ਹਾਕੀ ਟੂਰਨਾਮੈਟਾਂ ਦੀ ਕਵਰੇਜ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਛਾਪੀ ਗਈ ਹੈ।
ਪ੍ਰਿੰਸੀਪਲ ਸਰਵਣ ਸਿੰਘ ਦਾ ਸਿੱਖ ਹਾਕੀ ਖਿਡਾਰੀਆਂ ਬਾਰੇ ਲੇਖ ਇੱਕ ਖੋਜਪੂਰਨ ਲੇਖ ਹੈ। ਇਸ ਲੇਖ ਵਿੱਚ ਉਹਨਾਂ ਨੇ ਉਹਨਾਂ 137 ਹਾਕੀ ਉਲੰਪੀਅਨਾਂ ਬਾਰੇ ਜ਼ਿਕਰ ਕੀਤਾ ਹੈ ਜੋ ਦੁਨੀਆਂ ਭਰ ਦੇ 9 ਮੁਲਕਾਂ ਵਲੋਂ ਖੇਡੇ। ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਲੀਵੁੱਡ ਅਤੇ ਹਾਕੀ ਦੇ ਰਿਸ਼ਤੇ ਨੂੰ ਭਲੀਭਾਂਤ ਚਿਤਰਿਆ ਹੈ। 2017 ਦਾ ਸਾਲ ਭਾਰਤੀ ਹਾਕੀ ਲਈ ਕਾਫੀ ਚੰਗਾ ਰਿਹਾ ਹੈ।ਪੂਰੇ ਸਾਲ ਦਾ ਲੇਖਾ-ਜੋਖਾ ਨਵਦੀਪ ਸਿੰਘ ਗਿੱਲ ਨੇ ਆਪਣੇ ਲੇਖ ਵਿੱਚ ਕਰਕੇ ਪਿਛਲੇ ਸਾਲ ਦੀਆਂ ਯਾਦਾਂ ਨੂੰ ਪਾਠਕਾਂ ਦੇ ਸਾਹਮਣੇ ਰੂਪਮਾਨ ਕੀਤਾ ਹੈ।
ਸਨਵੀਰ ਜੱਸੜ ਦੇ ਲੇਖ ‘ਸੱਟ-ਪਿੱਛੇ ਹੱਟ’ਨੂੰ ਵੀ ਪਾਠਕਾਂ ਨੇ ਬੇਹੱਦ ਸਲਾਹਿਆ ਹੈ।ਪੰਜਾਬੀ ਭਾਈਚਾਰੇ ਵਲੋਂ ਕੈਨੇਡਾ ਅਤੇ ਅਮਰੀਕਾ ਵਿੱਚ ਫੀਲਡ ਹਾਕੀ ਟੂਰਨਾਮੈਂਟ ਵੱਡੀ ਪੱਧਰ ਤੇ ਕਰਵਾਏ ਜਾਂਦੇ ਹਨ। ਸਾਲ 2017 ਦੌਰਾਨ ਹੋਏ ਟੂਰਨਾਮੈਂਟਾਂ ਦੀ ਇਸ ਮੈਗਜ਼ੀਨ ਵਿੱਚ ਫੋਟੋਆਂ ਸਮੇਤ ਕਵਰੇਜ਼ ਰਸਾਲੇ ਦੀ ਦਾ ਕੇਂਦਰ ਹੈ। ਪੰਜਾਬੀ ਭਾਈਚਾਰੇ ਦੀ ਕੈਨੇਡਾ ਵਿੱਚ ਜੰਮੀ-ਪਲ਼ੀ ਪੀੜ੍ਹੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਕਵਰ ਕੀਤਾ ਗਿਆ ਹੈ। ਫੀਲਡ ਹਾਕੀ ਬਾਰੇ ਪਹਿਲੀ ਵਾਰ ਛਪੇ ਇਸ ਮੈਗਜ਼ੀਨ ਦਾ ਕੈਨੇਡਾ ਅਤੇ ਅਮਰੀਕਾ ਦੀਆਂ ਫੀਲਡ ਹਾਕੀ ਕਲੱਬਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ।