ਮੈਰੀਕਾਮ ਨੂੰ ਸੋਨਾ, ਪੁਰਸ਼ ਵਰਗ ‘ਚ ਭਾਰਤੀ ਮੁੱਕੇਬਾਜ਼ ਖੁੰਝੇ

ਨਵੀਂ ਦਿੱਲੀ (ਨਦਬ) : ਭਾਰਤੀ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਇੰਡੀਅਨ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਆਖਰੀ ਦਿਨ ਅੱਜ ਇੱਥੇ ਸੋਨ ਤਮਗਾ ਆਪਣੇ ਨਾਂ ਕੀਤਾ, ਹਾਲਾਂਕਿ ਪੁਰਸ਼ ਵਰਗ ਵਿਚ ਜ਼ਿਆਦਾਤਰ ਮੁਕਾਬਲਿਆਂ ਵਿਚ ਕਿਊਬਾ ਤੇ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਭਾਰਤੀ ਖਿਡਾਰੀਆਂ ‘ਤੇ ਭਾਰੀ ਪਏ।
ਮੈਰੀਕਾਮ ਨੇ 48 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਫਿਲਪੀਨਜ਼ ਦੀ ਜੋਸੀ ਗਾਬੂਕੋ ਨੂੰ 4-1 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਆਸਾਮ ਦੀ ਪਿਲਾਓ ਬਸੂਮਤਾਰੀ (64 ਕਿਲੋ) ਨੇ ਸੋਨਾ ਜਿੱਤਿਆ। ਆਸਾਮ ਦੀ ਇਕ ਹੋਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਵੇਲਟਰਵੇਟ (69 ਕਿਲੋ) ਵਿਚ ਪੂਜਾ ਨੂੰ ਹਰਾ ਕੇ ਸੋਨ ਤਮਗਾ ਜਿੱਤਣ ਵਿਚ ਕਾਯਮਾਬੀ ਹਾਸਲ ਕੀਤੀ।
ਐੱਲ. ਸਰਿਤਾ ਦੇਵੀ (60 ਕਿਲੋ) ਨੂੰ ਫਾਈਨਲ ਵਿਚ ਫਿਨਲੈਂਡ ਦੀ ਮਿਰਾ ਪੋਟਕੋਨੋਨ ਤੋਂ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।
ਪੁਰਸ਼ ਵਰਗ ਵਿਚ ਸੰਜੀਤ (91 ਕਿਲੋ) ਨੇ ਦੇਸ਼ ਲਈ ਪਹਿਲਾ ਸੋਨਾ ਜਿੱਤਿਆ। ਮਨੀਸ਼ ਕੌਸ਼ਿਕ (60 ਕਿਲੋ) ਨੂੰ ਰਿੰਗ ਵਿਚ ਉਤਰੇ ਬਿਨਾਂ ਹੀ ਸੋਨ ਤਮਗਾ ਮਿਲਿਆ। ਮਨੀਸ਼ ਦਾ ਵਿਰੋਧੀ ਬਾਟੂਮੂਰ ਮਿਸ਼ੀਲਟ ਜ਼ਖ਼ਮੀ ਹੋਣ ਕਾਰਨ ਨਹੀਂ ਖੇਡ ਸਕਿਆ।
ਸਤੀਸ਼ ਕੁਮਾਰ (91 ਕਿਲੋ ਤੋਂ ਵੱਧ), ਦਿਨੇਸ਼ ਡਾਗਰ (69 ਕਿਲੋ), ਦੇਵਾਂਸ਼ੂ ਜਯਸਵਾਲ(81 ਕਿਲੋ) ਨੂੰ ਆਪਣੇ-ਆਪਣੇ ਮੁਕਾਬਲਿਆਂ ਵਿਚ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਇਕ ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੀ ਇਸ ਪ੍ਰਤੀਯੋਗਿਤਾ ਦੇ ਹਰੇਕ ਸੋਨ ਤਮਗਾ ਜੇਤੂ ਨੂੰ 2500 ਡਾਲਰ ਤੇ ਚਾਂਦੀ ਤੇ ਕਾਂਸੀ ਤਮਗਾ ਜੇਤੂਆਂ ਨੂੰ ਕ੍ਰਮਵਾਰ 1500 ਤੇ 500 ਡਾਲਰ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।