ਲੂ ਸ਼ੁਨ ਦੀਆਂ ਮਿੰਨੀ ਕਹਾਣੀਆਂ

ਪੱਤਝੜ ਦੀ ਰਾਤ
ਮੇਰੇ ਪਿਛਲੇ ਵਿਹੜੇ ਦੀ ਕੰਧ ਕੋਲ਼ ਤੁਸੀਂ ਦੋ ਰੁੱਖ ਦੇਖ ਸਕਦੇ ਹੋ ਇਕ ਖਜੂਰ ਦਾ ਰੁੱਖ ਹੈ ਤੇ ਦੂਜਾ ਵੀ ਖਜੂਰ ਦਾ ਰੁੱਖ ਹੈ।
ਉਨ੍ਹਾਂ ਉੱਪਰ ਰਾਤ ਦਾ ਅਸਮਾਨ ਬਹੁਤ ਅਨੋਖਾ ਅਤੇ ਉੱਚਾ ਹੈ। ਮੈਂ ਕਦੇ ਏਨਾ ਅਨੋਖਾ ਤੇ ਉੱਚਾ ਅਸਮਾਨ ਨਹੀਂ ਵੇਖਿਆ। ਲਗਦਾ ਹੈ ਉਹ ਮਨੁੱਖਾਂ ਦੇ ਇਸ ਸੰਸਾਰ ਨੂੰ ਛੱਡਣਾ ਚਾਹੁੰਦਾ ਹੈ ਤਾਂ ਕਿ ਜਦੋਂ ਲੋਕ ਉੱਪਰ ਵੇਖਣ ਤਾਂ ਉਸ ਨੂੰ ਵੇਖ ਨਾ ਸਕਣ। ਫਿਲਹਾਲ ਇਹ ਬਿਲਕੁਲ ਨੀਲਾ ਹੈ, ਪਰ ਉਸ ਦੀਆਂ ਅਨੇਕਾਂ ਘੂਰਦੀਆਂ ਅੱਖਾਂ ਠੰਢੀਆਂ ਝਪਕੀਆਂ ਲੈ ਰਹੀ ਹਨ। ਉਸ ਦੇ ਬੁੱਲ੍ਹਾਂ ਉੱਤੇ ਉੱਡਦੀ ਜਿਹੀ ਮੁਸਕਰਾਹਟ ਖੇਡ ਰਹੀ ਹੈ, ਮੁਸਕਰਾਹਟ ਜਿਸ ਨੂੰ ਉਹ ਬਹੁਤ ਅਹਿਮ ਸਮਝਦਾ ਹੈ ਤੇ ਉਹ ਰੋਜ਼ ਮੇਰੇ ਵਿਹੜੇ ਦੇ ਜੰਗਲ਼ੀ ਬੂਟਿਆਂ ਨੂੰ ਸੰਘਣੇ ਕੋਹਰੇ ਨਾਲ਼ ਢਕ ਦਿੰਦਾ ਹੈ।
ਮੈਨੂੰ ਨਹੀਂ ਪਤਾ ਇਨ੍ਹਾਂ ਬੂਟਿਆਂ ਨੂੰ ਕੀ ਕਹਿੰਦੇ ਨੇ, ਉਨ੍ਹਾਂ ਨੂੰ ਆਮ ਤੌਰ ‘ਤੇ ਕਿਹੜੇ ਨਾਮਾਂ ਨਾਲ਼ ਜਾਣਿਆ ਜਾਂਦਾ ਹੈ। ਮੈਨੂੰ ਯਾਦ ਹੈ ਕਿ ਉਨ੍ਹਾਂ ਵਿਚੋਂ ਇਕ ਉੱਤੇ ਛੋਟੇ ਗੁਲਾਬੀ ਫੁੱਲ ਲੱਗੇ ਹੋਏ ਸਨ ਅਤੇ ਉਸਦੇ ਫੁੱਲ ਹਾਲੇ ਤੱਕ ਖਿੜੇ ਹੋਏ ਹਨ, ਭਾਵੇਂ ਪਹਿਲਾਂ ਨਾਲ਼ੋਂ ਵੱਧ ਛੋਟੇ ਹਨ। ਠੰਢੀ ਰਾਤ ਦੀ ਹਵਾ ਵਿਚ ਠਰਦੇ ਹੋਏ ਉਹ ਆਉਣ ਵਾਲੀ ਬਹਾਰ ਦਾ, ਪੱਤਝੜ ਜਾਣ ਦਾ ਸੁਪਨੇ ਵੇਖਦੇ ਹਨ। ਉਹ ਸੁਪਨੇ ਵੇਖਦੇ ਹਨ ਕਿ ਉਨ੍ਹਾਂ ਦੇ ਆਖਰੀ ਪੱਤਿਆਂ ਉੱਤੇ ਇਕ ਕੁਸ਼ਕਾਇ ਕਵੀ ਵੱਲੋਂ ਹੰਝੂ ਪੂੰਝਣ ਦਾ, ਜੋ ਉਨ੍ਹਾਂ ਨੂੰ ਦੱਸਦਾ ਹੈ ਕਿ ਪੱਤਝੜ ਆਵੇਗਾ ਤੇ ਸਿਆਲ਼ ਆਉਣਗੇ, ਪਰ ਫੇਰ ਬਹਾਰ ਆਵੇਗੀ, ਜਦੋਂ ਤਿਤਲੀਆਂ ਇੱਧਰੋਂ-ਉੱਧਰ ਨੱਚਣਗੀਆਂ ਅਤੇ ਸਭ ਮਧੂ-ਮੱਖੀਆਂ ਬਹਾਰ ਦਾ ਗੀਤ ਗੁਣਗੁਣਾਉਣਗੀਆਂ। ਉਦੋਂ ਛੋਟੇ ਗੁਲਾਬੀ ਫੁੱਲ ਹੱਸਣਗੇ, ਭਾਵੇਂ ਉਹ ਪਾਲ਼ੇ ਨਾਲ਼ ਕੁਝ ਉਦਾਸ ਕਿਰਮਚੀ ਰੰਗੇ ਹੋ ਗਏ ਹਨ ਅਤੇ ਹਾਲੇ ਵੀ ਕੰਬ ਰਹੇ ਹਨ।
ਜਿੱਥੇ ਤੱਕ ਖਜੂਰ ਦੇ ਰੁੱਖਾਂ ਦਾ ਸੁਆਲ ਹੈ, ਉਨ੍ਹਾਂ ਦੇ ਸਾਰੇ ਪੱਤੇ ਝੜ ਚੁੱਕੇ ਹਨ। ਪਹਿਲਾਂ ਇਕ ਜਾਂ ਦੋ ਮੁੰਡੇ ਖਜੂਰ ਤੋੜਨ ਆਉਂਦੇ ਰਹੇ ਜੋ ਦੂਜੇ ਲੋਕਾਂ ਤੋਂ ਬਚ ਗਈਆਂ ਸਨ। ਪਰ ਹੁਣ ਇਕ ਵੀ ਨਹੀਂ ਬਚੀ ਅਤੇ ਰੁੱਖਾਂ ਦੇ ਸਭ ਪੱਤੇ ਵੀ ਝੜ ਗਏ। ਉਹ ਛੋਟੇ ਗੁਲਾਬੀ ਫੁੱਲਾਂ ਦੇ ਪੱਤਝੜ ਮਗਰੋਂ ਬਹਾਰ ਵਿਚ ਝੜੇ ਪੱਤਿਆਂ ਦੇ ਸੁਪਨੇ ਬਾਰੇ ਵੀ ਜਾਣਦੇ ਹਨ। ਬੇਸ਼ੱਕ ਉਨ੍ਹਾਂ ਦੇ ਸਭ ਪੱਤੇ ਝੜ ਗਏ ਹਨ ਅਤੇ ਸਿਰਫ ਤਣੇ ਹੀ ਬਾਕੀ ਬਚੇ ਹਨ, ਪਰ ਫਲ਼ਾਂ ਅਤੇ ਪੱਤਿਆਂ ਦੇ ਭਾਰ ਤੋਂ ਸੱਖਣੇ ਉਹ ਸ਼ਾਨ ਨਾਲ਼ ਤਣੇ ਹੋਏ ਹਨ। ਕੁਝ ਟਾਹਣੀਆਂ ਹਾਲੇ ਵੀ ਝੁਕੀਆਂ ਹੋਈਆਂ ਹਨ, ਖਜੂਰ ਤੋੜਨ ਵਾਲੀਆਂ ਸੋਟੀਆਂ ਨਾਲ਼ ਤਣਿਆਂ ਉੱਤੇ ਹੋਏ ਜ਼ਖ਼ਮ ਨੂੰ ਪਲੋਸ ਰਹੀਆਂ ਹਨ, ਜਦਕਿ ਸਲਾਖ ਵਾਂਗ ਸਖਤ ਤੇ ਸਭ ਤੋਂ ਉੱਚੀਆਂ ਤੇ ਸਿੱਧੀਆਂ ਟਾਹਣੀਆਂ ਹੈਰਾਨੀ ਵਿਚ ਪਲਕਾਂ ਝਪਕਦੀਆਂ ਹੋਈਆਂ ਚੁੱਪਚਾਪ ਅਨੋਖੇ ਤੇ ਉੱਚੇ ਅਸਮਾਨ ਨੂੰ ਚੀਰ ਰਹੀਆਂ ਹਨ। ਉਹ ਅਸਮਾਨ ਵਿਚਲੇ ਪੂਰੇ ਚੰਨ ਨੂੰ ਵੀ ਪੀਲਾ ਅਤੇ ਪ੍ਰੇਸ਼ਾਨ ਬਣਾਉਂਦੀਆਂ ਹੋਈਆਂ ਚੀਰ ਰਹੀਆਂ ਹਨ।
ਹੈਰਾਨੀ ਵਿਚ ਪਲਕਾਂ ਝਪਕਦਾ ਅਸਮਾਨ ਹੋਰ ਵਧੇਰੇ ਨੀਲਾ ਹੁੰਦਾ ਜਾ ਰਿਹਾ ਹੈ, ਹੋਰ ਵਧੇਰੇ ਪ੍ਰੇਸ਼ਾਨ ਹੁੰਦਾ ਜਾ ਰਿਹਾ ਹੈ, ਜਿਵੇਂ ਚੰਨ ਨੂੰ ਪਿੱਛੇ ਛੱਡ ਕੇ ਅਤੇ ਖਜੂਰ ਦੇ ਰੁੱਖਾਂ ਤੋਂ ਬਚਦਾ ਹੋਇਆ ਇਨਸਾਨਾਂ ਦੀ ਦੁਨੀਆ ਤੋਂ ਭੱਜਣ ਨੂੰ ਕਾਹਲ਼ਾ ਹੋਵੇ। ਪਰ ਚੰਨ ਵੀ ਆਪਣੇ ਆਪ ਨੂੰ ਪੂਰਬ ਦਿਸ਼ਾ ਵੱਲ ਲੁਕਾ ਰਿਹਾ ਹੈ, ਜਦਕਿ ਹਾਲੇ ਵੀ ਚੁੱਪ ਅਤੇ ਸਲਾਖਾਂ ਵਰਗੀਆਂ ਸਖਤ ਨੰਗੀਆਂ ਟਾਹਣੀਆਂ ਅਨੋਖੇ ਤੇ ਉੱਚੇ ਅਸਮਾਨ ਉੱਤੇ ਘਾਤਕ ਜਖ਼ਮ ਦਾਗਣ ਲਈ, ਚਾਹੇ ਉਹ ਕਿੰਨੇ ਹੀ ਰੂਪਾਂ ਵਿਚ ਆਪਣੀਆਂ ਸਭ ਜਾਦੂਈ ਅੱਖਾਂ ਨੂੰ ਝਪਕੇ, ਚੀਰ ਰਹੇ ਹਨ।
ਚੀਕ ਦੀ ਆਵਾਜ਼ ਨਾਲ਼ ਇਕ ਤੇਜ਼ ਰਾਤ ਦਾ ਪੰਛੀ ਗੁਜਰਦਾ ਹੈ।
ਅਚਾਨਕ ਮੈਂ ਅੱਧੀ ਰਾਤ ਦਾ ਹਾਸਾ ਸੁਣਦਾ ਹਾਂ। ਉਸਦੀ ਅਵਾਜ਼ ਮੱਧਮ ਜਿਹੀ ਹੈ, ਜਿਵੇਂ ਸੁੱਤਿਆਂ ਨੂੰ ਜਗਾਉਣਾ ਨਾ ਚਾਹੁੰਦੀ ਹੋਵੇ, ਪਰ ਚਾਰੇ ਪਾਸੇ ਹਵਾ ਇਸ ਹਾਸੇ ਨੂੰ ਗੂੰਜਣ ਲਾ ਦਿੰਦੀ ਹੈ। ਅੱਧੀ ਰਾਤ, ਤੇ ਹੋਰ ਕੋਈ ਨਹੀਂ। ਇਕਦਮ ਮੈਂ ਮਹਿਸੂਸ ਕਰਦਾ ਹਾਂ ਕਿ ਹੱਸਣ ਵਾਲ਼ਾ ਮੈਂ ਹਾਂ ਅਤੇ ਇਕਦਮ ਇਹ ਹਾਸਾ ਮੈਨੂੰ ਆਪਣੇ ਕਮਰੇ ਅੰਦਰ ਧੱਕਦਾ ਹੈ। ਮੈਂ ਇਕਦਮ ਲੈਂਪ ਦੀ ਬੱਤੀ ਬਾਲ਼ ਕੇ ਤੇਜ਼ ਕਰਦਾ ਹਾਂ।
ਪਿਛਲੀ ਖਿੜਕੀ ਦੀ ਸੀਸ਼ੇ ਥਾਣੀਂ ਪਟ-ਪਟ ਦੀ ਅਵਾਜ਼ ਆ ਰਹੀ ਹੈ, ਜਿੱਥੇ ਮੱਛਰਾਂ ਦੇ ਝੁੰਡ ਸ਼ੀਸ਼ੇ ਨਾਲ਼ ਝੱਲਿਆਂ ਵਾਂਗ ਟਕਰਾ ਰਹੇ ਹਨ। ਕੁਝ ਖਿੜਕੀ ਦੇ ਸੁਰਾਖ਼ ਰਾਹੀਂ ਅੰਦਰ ਆ ਵੜੇ ਹਨ। ਅੰਦਰ ਆਉਂਦਿਆਂ ਹੀ ਉਹ ਲੈਂਪ ਦੇ ਸ਼ੀਸ਼ੇ ਨਾਲ਼ ਪਟ-ਪਟ ਟਕਰਾਉਂਦੇ ਹਨ। ਇਕ ਉੱਪਰੋਂ ਲੈਂਪ ਦੇ ਸ਼ੀਸ਼ੇ ਅੰਦਰ ਲੋਅ ਉੱਤੇ ਡਿੱਗਦਾ ਹੈ ਤੇ ਮੈਂ ਸਮਝਦਾਂ ਹਾਂ ਕਿ ਉਹ ਅਸਲੀ ਹੈ। ਕਾਗਜ਼ ਦੇ ਢੱਕਣ ਉੱਤੇ ਦੋ ਜਾਂ ਤਿੰਨ ਹਫੇ ਹੋਏ ਬੈਠੇ ਹਨ। ਪਿਛਲੀ ਰਾਤ ਤੋਂ ਮਗਰੋਂ ਇੱਥੇ ਨਵਾਂ ਕਾਗਜ਼ ਦਾ ਢੱਕਣ ਹੈ। ਉਸ ਦੇ ਬਰਫੀਲੇ ਸਫ਼ੈਦ ਕਾਗਜ਼ ਵਿਚ ਝਾਲਰਾਂ ਲੱਗੀਆਂ ਹੋਈਆਂ ਹਨ ਤੇ ਉਹ ਇਕ ਕਿਨਾਰੇ ਤੋਂ ਲਹੂ ਰੰਗੇ ਗਾਰਡੀਨੀਆ ਫੁੱਲਾਂ ਦੇ ਰੰਗ ਨਾਲ਼ ਰੰਗਿਆ ਹੋਇਆ ਹੈ।
ਲਹੂ ਰੰਗੇ ਗਾਰਡੀਨੀਆ ਦੇ ਫੁੱਲ ਜਦੋਂ ਖਿੜਨਗੇ, ਖਜੂਰ ਦੇ ਰੁੱਖ ਸੋਹਣੇ ਪੱਤਿਆਂ ਨਾਲ਼ ਝੁਕਣਗੇ, ਉਦੋਂ ਉਹ ਛੋਟੇ ਗੁਲਾਬ ਦੇ ਫੁੱਲਾਂ ਦੇ ਸੁਪਨੇ ਦਾ ਇਕ ਵਾਰ ਫੇਰ ਸੁਪਨਾ ਵੇਖਣਗੇ… ਅਤੇ ਮੈਂ ਇਕ ਵਾਰ ਫੇਰ ਅੱਧੀ ਰਾਤ ਦਾ ਹਾਸਾ ਸੁਣਾਂਗਾ। ਮੈਂ ਕਾਹਲ਼ੀ ਨਾਲ਼ ਵਿਚਾਰਾਂ ਦੀ ਇਸ ਲੜੀ ਨੂੰ ਤੋੜਕੇ ਹਾਲੇ ਤੱਕ ਕਾਗਜ਼ ਉੱਤੇ ਬੈਠੇ ਛੋਟੇ ਹਰੇ ਪਤੰਗਿਆਂ ਨੂੰ ਵੇਖਦਾ ਹਾਂ। ਸੂਰਜਮੁਖੀ ਦੇ ਬੀਜਾਂ ਵਾਂਗ ਆਪਣੇ ਵੱਡੇ ਸਿਰਾਂ ਅਤੇ ਛੋਟੀਆਂ ਪੂੰਛਾਂ ਨਾਲ਼ ਕਣਕ ਦੇ ਦਾਣੇ ਨਾਲ਼ੋਂ ਅੱਧੇ ਅਕਾਰ ਵਾਲੇ ਉਹ ਸਭ ਖਿੱਚਵੇਂ ਤੇ ਦਿਲ-ਹਲੂਣਵੇਂ ਹਰੇ ਹਨ।
ਮੈਂ ਅੰਗੜਾਈ ਲੈਂਦਾ ਹਾਂ, ਸਿਗਰਟ ਬਾਲ਼ਦਾ ਹਾਂ ਅਤੇ ਧੂੰਆਂ ਛੱਡਦਾ ਹਾਂ, ਲੈਂਪ ਸਾਹਮਣੇ ਇਨ੍ਹਾਂ ਹਰੇ ਅਤੇ ਸੰਵੇਦਨਸ਼ੀਲ ਨਾਇਕਾਂ ਨੂੰ ਮੌਨ ਸ਼ਰਧਾਂਜਲੀ ਦਿੰਦਾ ਹੋਇਆ।
***

ਗ਼ਰੀਬਾਂ ਨੂੰ ਸੰਤੁਸ਼ਟੀ ਦਾ ਨੁਸਖ਼ਾ
ਇੱਕ ਅਧਿਆਪਕ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾਉਂਦਾ, ਉਸ ਦੇ ਬੱਚਿਆਂ ਨੂੰ ਦੂਜੇ ਹੀ ਪੜ੍ਹਾਉਂਦੇ ਹਨ। ਇਕ ਡਾਕਟਰ ਆਪਣਾ ਇਲਾਜ ਆਪਣੇ ਆਪ ਨਹੀਂ ਕਰਦਾ, ਉਸ ਦਾ ਇਲਾਜ ਕੋਈ ਦੂਜਾ ਡਾਕਟਰ ਕਰਦਾ ਹੈ। ਪਰ ਆਪਣਾ ਜੀਵਨ ਜਿਉਣ ਦਾ ਤਰੀਕਾ ਹਰ ਆਦਮੀ ਨੂੰ ਖ਼ੁਦ ਖੋਜਣਾ ਪੈਂਦਾ ਹੈ, ਕਿਉਂਕਿ ਜਿਉਣ ਦੀ ਕਲਾ ਦੇ ਜੋ ਵੀ ਨੁਸਖ਼ੇ ਦੂਜੇ ਲੋਕ ਬਣਾਉਂਦੇ ਹਨ, ਉਹ ਵਾਰ-ਵਾਰ ਬੇਕਾਰ ਸਾਬਤ ਹੁੰਦੇ ਹਨ।
ਦੁਨੀਆਂ ਵਿੱਚ ਪੁਰਾਤਨ ਸਮੇਂ ਤੋਂ ਹੀ ਅਮਨ ਅਤੇ ਚੈਨ ਬਣਾਈ ਰੱਖਣ ਲਈ ਗ਼ਰੀਬੀ ਵਿਚ ਸੰਤੁਸ਼ਟ ਰਹਿਣ ਦਾ ਉਪਦੇਸ਼ ਵੱਡੇ ਪੈਮਾਨੇ ‘ਤੇ ਦਿੱਤਾ ਜਾਂਦਾ ਹੈ। ਗ਼ਰੀਬਾਂ ਨੂੰ ਵਾਰ-ਵਾਰ ਦੱਸਿਆ ਜਾਂਦਾ ਹੈ ਕਿ ਸੰਤੁਸ਼ਟੀ ਹੀ ਪੈਸਾ ਹੈ। ਗ਼ਰੀਬਾਂ ਲਈ ਸੰਤੁਸ਼ਟੀ ਹਾਸਲ ਕਰਨ ਦੇ ਅਨੇਕ ਨੁਸਖ਼ੇ ਤਿਆਰ ਕੀਤੇ ਗਏ ਹਨ, ਪਰ ਉਨ੍ਹਾਂ ਵਿਚੋਂ ਕੋਈ ਵੀ ਪੂਰੀ ਤਰ੍ਹਾਂ ਸਫ਼ਲ ਸਾਬਤ ਨਹੀਂ ਹੋਇਆ ਹੈ। ਹੁਣ ਵੀ ਰੋਜ਼ਾਨਾ ਨਵੇਂ-ਨਵੇਂ ਨੁਸਖ਼ੇ ਸੁਝਾਏ ਜਾ ਰਹੇ ਹਨ। ਮੈਂ ਹੁਣੇ ਹਾਲ ਹੀ ਵਿਚ ਅਜਿਹੇ ਦੋ ਨੁਸਖ਼ਿਆਂ ਨੂੰ ਵੇਖਿਆ ਹੈ। ਉਂਝ ਇਹ ਦੋਵੇਂ ਵੀ ਬੇਕਾਰ ਹੀ ਹਨ।
ਇਨ੍ਹਾਂ ਵਿਚੋਂ ਇਕ ਨੁਸਖਾ ਇਹ ਹੈ ਕਿ ਲੋਕਾਂ ਨੂੰ ਆਪਣੇ ਕੰਮਾਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ। ‘ਜੇਕਰ ਤੁਸੀ ਆਪਣੇ ਕੰਮ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿਉ ਤਾਂ ਕੰਮ ਚਾਹੇ ਕਿੰਨਾ ਵੀ ਮੁਸ਼ਕਲ ਕਿਉਂ ਨਾ ਹੋਵੇ, ਤੁਸੀ ਖੁਸ਼ੀ ਨਾਲ਼ ਕੰਮ ਕਰੋਗੇ ਅਤੇ ਕਦੇ ਨਹੀਂ ਥੱਕੋਗੇ।’ ਜੇਕਰ ਕੰਮ ਬਹੁਤ ਮੁਸ਼ਕਲ ਨਾ ਹੋਵੇ ਤਾਂ ਇਹ ਗੱਲ ਸੱਚ ਹੋ ਸਕਦੀ ਹੈ। ਚਲੋ, ਅਸੀਂ ਖਾਣ ਮਜ਼ਦੂਰਾਂ ਅਤੇ ਕਿਰਤੀਆਂ ਦੀ ਗੱਲ ਨਹੀਂ ਕਰਦੇ। ਆਉ ਅਸੀਂ ਸ਼ੰਘਾਈ ਦੇ ਕਾਰਖ਼ਾਨਿਆਂ ਵਿਚ ਦਿਨ ‘ਚ 10 ਘੰਟਿਆਂ ਤੋਂ ਜ਼ਿਆਦਾ ਕੰਮ ਕਰਨ ਵਾਲ਼ੇ ਮਜ਼ਦੂਰਾਂ ਬਾਰੇ ਗੱਲ ਕਰੀਏ। ਉਹ ਮਜ਼ਦੂਰ ਸ਼ਾਮ ਤੱਕ ਥੱਕ ਕੇ ਚੂਰ-ਚੂਰ ਹੋ ਜਾਂਦੇ ਹੋ। ਉਨ੍ਹਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਹੁੰਦਾ ਹੈ। ਜੇਕਰ ਤੁਹਾਨੂੰ ਆਪਣੇ ਸਰੀਰ ਦੀ ਦੇਖਭਾਲ਼ ਦੀ ਫੁਰਸਤ ਨਹੀਂ ਮਿਲ਼ਦੀ ਤਾਂ ਤੁਸੀ ਕੰਮ ਵਿਚ ਦਿਲਚਸਪੀ ਕਿੱਥੋਂ ਪੈਦਾ ਕਰੋਗੇ? ਇਸ ਹਾਲਤ ਵਿਚ ਉਹੀ ਆਦਮੀ ਕੰਮ ਵਿਚ ਦਿਲਚਸਪੀ ਲੈ ਸਕਦਾ ਹੈ ਜੋ ਜੀਵਨ ਵਿਚ ਜ਼ਿਆਦਾ ਦਿਲਚਸਪੀ ਰੱਖਦਾ ਹੋਵੇ। ਜੇਕਰ ਤੁਸੀ ਸ਼ੰਘਾਈ ਦੇ ਮਜ਼ਦੂਰਾਂ ਨਾਲ਼ ਗੱਲ ਕਰੋ ਤਾਂ ਉਹ ਕੰਮ ਦੇ ਘੰਟੇ ਘੱਟ ਕਰਨ ਦੀ ਹੀ ਗੱਲ ਕਰਨਗੇ। ਉਹ ਕੰਮ ਵਿਚ ਦਿਲਚਸਪੀ ਪੈਦਾ ਕਰਨ ਦੀ ਗੱਲ ਕਲਪਨਾ ਵਿਚ ਵੀ ਨਹੀਂ ਸੋਚ ਸਕਦੇ।
ਇਸ ਤੋਂ ਵੀ ਜ਼ਿਆਦਾ ਪੱਕਾ ਨੁਸਖ਼ਾ ਦੂਜਾ ਹੈ। ਕੁਝ ਲੋਕ ਅਮੀਰਾਂ ਅਤੇ ਗ਼ਰੀਬਾਂ ਦੀ ਤੁਲਨਾ ਕਰਦੇ ਹੋਏ ਕਹਿੰਦੇ ਹਨ ਕਿ ਅੱਗ ਵਰ੍ਹਾਉਣ ਵਾਲ਼ੇ ਗ਼ਰਮੀ ਦੇ ਦਿਨਾਂ ਵਿਚ ਅਮੀਰ ਲੋਕ ਆਪਣੀ ਪਿੱਠ ‘ਤੇ ਵਗਦੇ ਮੁੜ੍ਹਕੇ ਦੀ ਧਾਰ ਦੀ ਚਿੰਤਾ ਨਾ ਕਰਦੇ ਹੋਏ ਸਮਾਜਕ ਸੇਵਾ ਵਿਚ ਲੱਗੇ ਰਹਿੰਦੇ ਹਨ। ਗ਼ਰੀਬਾਂ ਦਾ ਕੀ ਹੈ? ਉਹ ਇਕ ਉੱਟੀ ਚਟਾਈ ਗਲ਼ੀ ਵਿਚ ਵਿਛਾ ਲੈਂਦੇ ਹਨ, ਫੇਰ ਆਪਣੇ ਕੱਪੜੇ ਲਾਹੁੰਦੇ ਹਨ ਅਤੇ ਚਟਾਈ ਉੱਤੇ ਬੈਠ ਕੇ ਅਰਾਮ ਨਾਲ ਠੰਡੀ ਹਵਾ ਖਾਂਦੇ ਹਨ। ਇਹ ਕਿੰਨਾ ਸੁਖਦਾਈ ਹੈ। ਇਸ ਨੂੰ ਕਹਿੰਦੇ ਹਨ ਚਟਾਈ ਸਮੇਟਣ ਵਾਂਗ ਦੁਨੀਆਂ ਨੂੰ ਜਿੱਤਣਾ। ਇਹ ਸਭ ਅਨੋਖਾ ਅਤੇ ਰਾਜਸੀ ਨੁਸਖ਼ਾ ਹੈ, ਪਰ ਇਸ ਤੋਂ ਬਾਅਦ ਇਕ ਦੁੱਖ ਭਰਿਆ ਦ੍ਰਿਸ਼ ਸਾਹਮਣੇ ਆਉਂਦਾ ਹੈ। ਜੇ ਤੁਸੀ ਠੰਢ ਦੀ ਰੁੱਤ ਵਿਚ ਗਲ਼ੀਆਂ ਵਿਚੋਂ ਗੁਜ਼ਰ ਰਹੇ ਹੋਵੋ ਤਾਂ ਵੇਖੋਗੇ ਕਿ ਕੁਝ ਲੋਕ ਆਪਣੇ ਢਿੱਡ ਕਸ ਕੇ ਫੜੀ ਬੈਠੇ ਹਨ ਅਤੇ ਕੁੱਝ ਨੀਲੇ ਤਰਲ ਪਦਾਰਥ ਦੀ ਉਲਟੀ ਕਰ ਰਹੇ ਹਨ। ਇਹ ਉਲਟੀ ਕਰਨ ਵਾਲ਼ੇ ਉਹ ਹੀ ਗ਼ਰੀਬ ਲੋਕ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਧਰਤੀ ਉੱਤੇ ਸਵਰਗ ਦਾ ਸੁੱਖ ਲੁੱਟਦੇ ਹਨ ਅਤੇ ਚਟਾਈ ਸਮੇਟਣ ਵਾਂਗ ਦੁਨੀਆਂ ਨੂੰ ਜਿੱਤਦੇ ਹਨ। ਮੇਰਾ ਖਿਆਲ ਹੈ ਕਿ ਸ਼ਾਇਦ ਹੀ ਕੋਈ ਅਜਿਹਾ ਮੂਰਖ ਹੋਵੇਗਾ ਜੋ ਸੁੱਖ ਦਾ ਮੌਕਾ ਵੇਖਕੇ ਵੀ ਉਸ ਤੋਂ ਫਾਇਦਾ ਨਾ ਉਠਾਉਂਦਾ ਹੋਵੇ। ਜੇ ਗ਼ਰੀਬੀ ਇੰਨੀ ਸੁੱਖ ਭਰੀ ਹੁੰਦੀ ਤਾਂ ਇਹ ਅਮੀਰ ਲੋਕ ਸਭ ਤੋਂ ਪਹਿਲਾਂ ਗਲ਼ੀਆਂ ਵਿਚ ਜਾ ਕੇ ਸੌਂ ਜਾਂਦੇ ਅਤੇ ਗ਼ਰੀਬਾਂ ਦੀ ਚਟਾਈ ਲਈ ਕੋਈ ਜਗ੍ਹਾ ਨਾ ਛੱਡਦੇ।
ਹੁਣੇ ਹਾਲ ਹੀ ਵਿਚ ਹੀ ਸ਼ੰਘਾਈ ਦੇ ਹਾਈ ਸਕੂਲ ਦੇ ਇਮਤਿਹਾਨਾਂ ਦੇ ਵਿਦਿਆਰਥੀਆਂ ਦੇ ਲੇਖ ਛਪੇ ਹਨ। ਉਨ੍ਹਾਂ ਵਿਚ ਇਕ ਲੇਖ ਦਾ ਸਿਰਲੇਖ ਹੈ ‘ਠੰਢ ਤੋਂ ਬਚਾਉਣ ਯੋਗ ਕੱਪੜੇ ਅਤੇ ਢਿੱਡ ਭਰ ਕੇ ਭੋਜਨ’। ਇਸ ਲੇਖ ਵਿਚ ਕਿਹਾ ਗਿਆ ਹੈ ਕਿ”ਇਕ ਗ਼ਰੀਬ ਵਿਅਕਤੀ ਵੀ ਘੱਟ ਖਾਕੇ ਅਤੇ ਘੱਟ ਪਹਿਨਕੇ ਜੇਕਰ ਮਾਨਵੀ ਗੁਣਾਂ ਦਾ ਵਿਕਾਸ ਕਰਦਾ ਹੈ ਤਾਂ ਭਵਿੱਖ ਵਿਚ ਉਸ ਨੂੰ ਜਸ ਮਿਲ਼ੇਗਾ। ਜਿਸ ਦਾ ਆਤਮਕ ਜੀਵਨ ਅਮੀਰ ਹੈ ਉਸ ਨੂੰ ਆਪਣੇ ਭੌਤਿਕ ਜੀਵਨ ਦੀ ਗ਼ਰੀਬੀ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਮਨੁੱਖੀ ਜੀਵਨ ਦੀ ਸਾਰਥਕਤਾ ਪਹਿਲੇ ਵਿਚ ਹੈ, ਦੂਜੇ ਵਿਚ ਨਹੀਂ। ”
ਇਸ ਲੇਖ ਵਿਚ ਸਿਰਫ਼ ਭੋਜਨ ਦੀ ਲੋੜ ਨੂੰ ਨਹੀਂ ਨਕਾਰਿਆ ਗਿਆ ਹੈ, ਕੁਝ ਅੱਗੇ ਦੀਆਂ ਗੱਲਾਂ ਵੀ ਕਹੀਆਂ ਗਈਆਂ ਹਨ। ਪਰ ਹਾਈ ਸਕੂਲ ਦੇ ਵਿਦਿਆਰਥੀ ਦੇ ਇਸ ਸੁੰਦਰ ਨੁਸਖ਼ੇ ਤੋਂ ਯੂਨੀਵਰਸਿਟੀ ਦੇ ਉਹ ਵਿਦਿਆਰਥੀ ਸੰਤੁਸ਼ਟ ਨਹੀਂ ਹਨ ਜੋ ਨੌਕਰੀ ਖੋਜ ਰਹੇ ਹਨ।
ਤੱਥ ਹਮੇਸ਼ਾ ਬੇਰਹਿਮ ਹੁੰਦੇ ਹਨ। ਉਹ ਖੋਖਲ਼ੀਆਂ ਗੱਲਾਂ ਦੇ ਪਰਖਚੇ ਉਡਾ ਦਿੰਦੇ ਹਨ। ਮੇਰੇ ਖਿਆਲ ਵਿਚ ਹੁਣ ਉਹ ਸਮਾਂ ਆ ਗਿਆ ਹੈ ਕਿ ਅਜਿਹੀ ਪੰਡਤਾਊ ਬਕਵਾਸ ਨੂੰ ਬੰਦ ਕਰ ਦਿੱਤਾ ਜਾਵੇ। ਹੁਣ ਕਿਸੇ ਵੀ ਹਾਲਤ ਵਿਚ ਇਸ ਦਾ ਕੋਈ ਲਾਭ ਨਹੀਂ ਹੈ।
(13 ਅਗਸਤ, 1934)
***

ਯੋਧਾ ਅਤੇ ਮੱਖੀਆਂ
ਸ਼ਾਪਨਹਾਵਰ ਨੇ ਕਿਹਾ ਹੈ ਕਿ ਮਨੁੱਖ ਦੀ ਮਹਾਨਤਾ ਦਾ ਅੰਦਾਜ਼ਾ ਲਾਉਣ ਵਿਚ, ਆਤਮਿਕ ਉਚਾਈ ਅਤੇ ਸਰੀਰਕ ਅਕਾਰ ਨੂੰ ਤੈਅ ਕਰਨ ਵਾਲ਼ੇ ਨੇਮ ਇਕ-ਦੂਜੇ ਦੇ ਵਿਰੁੱਧ ਹੁੰਦੇ ਹਨ ਕਿਉਂਕਿ ਉਹ ਸਾਡੇ ਤੋਂ ਜਿੰਨੇ ਦੂਰ ਹੁੰਦੇ ਹਨ, ਮਨੁੱਖਾਂ ਦੇ ਸਰੀਰ ਓਨੇ ਹੀ ਛੋਟੇ ਦਿਖਦੇ ਹਨ ਅਤੇ ਉਨ੍ਹਾਂ ਦੀਆਂ ਆਤਮਾਵਾਂ ਓਨੀਆਂ ਹੀ ਮਹਾਨ।
ਕਿਉਂਕਿ ਨੇੜਿਓਂ ਦੇਖਣ ‘ਤੇ ਕਿਸੇ ਵੀ ਵਿਅਕਤੀ ਦਾ ਨਾਇਕਪੁਣਾ ਘੱਟ ਲੱਗਣ ਲੱਗਦਾ ਹੈ, ਜਿੱਥੋਂ ਉਹਦੇ ਦਾਗ਼ ਅਤੇ ਜ਼ਖ਼ਮ ਸਾਫ਼ ਨਜ਼ਰੀਂ ਆਉਂਦੇ ਹਨ, ਉਹ ਸਾਡੇ ‘ਚੋਂ ਹੀ ਇਕ ਦਿਖਦਾ ਹੈ, ਦੇਵਤਾ, ਦੈਵੀ ਪ੍ਰਾਣੀ ਜਾਂ ਕਿਸੇ ਨਵੀਂ ਪ੍ਰਜਾਤੀ ਦਾ ਜੀਵ ਨਹੀਂ। ਉਹ ਬਸ ਮਨੁੱਖ ਹੁੰਦਾ ਹੈ ਪਰ ਇਸੇ ਵਿਚ ਤਾਂ ਉਹਦੀ ਮਹਾਨਤਾ ਹੁੰਦੀ ਹੈ। ਜਦ ਕੋਈ ਯੋਧਾ ਯੁੱਧ ਵਿਚ ਮਰਦਾ ਹੈ ਤਾਂ ਮੱਖੀਆਂ ਨੂੰ ਸਭ ਤੋਂ ਪਹਿਲਾਂ ਉਹਦੇ ਦਾਗ਼ ਅਤੇ ਜ਼ਖ਼ਮ ਨਜ਼ਰ ਆਉਂਦੇ ਹਨ। ਉਹ ਉਨ੍ਹਾਂ ‘ਤੇ ਉੱਟ ਪੈਂਦੀਆਂ ਹਨ, ਗੁਣਗੁਣਾਉਂਦੀਆਂ ਹੋਈਆਂ ਇਹ ਸੋਚਕੇ ਬਹੁਤ ਖੁਸ਼ ਹੁੰਦੀਆਂ ਹਨ ਕਿ ਉਹ ਹਾਰੇ ਹੋਏ ਯੋਧੇ ਤੋਂ ਵੀ ਮਹਾਨ ਵੀਰ ਹਨ ਅਤੇ ਕਿਉਂਕਿ ਯੋਧਾ ਮਰ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਦੌੜਾਉਂਦਾ ਨਹੀਂ ਤਾਂ ਮੱਖੀਆਂ ਹੋਰ ਜ਼ੋਰ ਨਾਲ਼ ਭਿਣਭਿਣਾਉਂਦੀਆਂ ਹਨ ਅਤੇ ਕਲਪਨਾ ਕਰਦੀਆਂ ਹਨ ਕਿ ਉਹ ਅਮਰ ਸੰਗੀਤ ਪੈਦਾ ਕਰ ਰਹੀਆਂ ਹਨ ਕਿਉਂਕਿ ਉਹ ਤਾਂ ਉਸ ਨਾਲ਼ੋਂ ਕਿਤੇ ਵੱਧ ਪੂਰਣ ਅਤੇ ਦੋਸ਼ ਰਹਿਤ ਹਨ।
ਸੱਚ ਹੈ, ਕੋਈ ਵੀ ਮੱਖੀਆਂ ਦੇ ਦਾਗ਼ਾਂ ਅਤੇ ਜ਼ਖਮਾਂ ‘ਤੇ ਧਿਆਨ ਨਹੀਂ ਦਿੰਦਾ।
ਫਿਰ ਵੀ, ਯੋਧਾ ਆਪਣੇ ਸਾਰੇ ਦਾਗ਼ਾਂ ਦੇ ਬਾਵਜੂਦ ਇਕ ਯੋਧਾ ਹੈ, ਜਦਕਿ ਸਭ ਤੋਂ ਪੂਰਣ ਅਤੇ ਦੋਸ਼ ਰਹਿਤ ਮੱਖੀ ਵੀ ਮੱਖੀ ਹੀ ਹੈ।
ਚਲੋ ਖਿੰਡੋ, ਮੱਖੀਓ! ਤੁਹਾਡੇ ਕੋਲ਼ ਖੰਭ ਹੋਣਗੇ ਅਤੇ ਤੁਸੀਂ ਭਿਣਭਿਣਾ ਸਕਦੀਆਂ ਹੋਵੋਂਗੀਆਂ ਪਰ ਤੁਸੀਂ ਕਦੀ ਵੀ ਇਕ ਯੋਧੇ ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਕੀੜੇ ਕਿਤੋਂ ਦੇ!
***

ਮੋਈ ਅੱਗ
ਮੈਂ ਇੱਕ ਸੁਪਨਾ ਵੇਖਿਆ। ਮੈਂ ਬਰਫ਼ ਦੇ ਪਹਾੜ ‘ਤੇ ਭੱਜਿਆ ਜਾ ਰਿਹਾ ਸੀ।
ਇਹ ਇੱਕ ਵੱਡਾ, ਬਹੁਤ ਉੱਚਾ ਪਹਾੜ ਸੀ ਜਿਸਦੀਆਂ ਚੋਟੀਆਂ ਬਰਫ਼ੀਲੇ ਅਸਮਾਨ ਨੂੰ ਛੂਹ ਰਹੀਆਂ ਸਨ ਅਤੇ ਅਸਮਾਨ ਜੰਮੇ ਹੋਏ ਬੱਦਲਾਂ ਨਾਲ਼ ਭਰਿਆ ਹੋਇਆ ਸੀ ਜੋ ਮੱਛੀ ਦੀ ਖੱਲ ਵਾਂਗ ਲੱਗ ਰਹੇ ਸਨ। ਪਹਾੜ ਦੇ ਪੈਰਾਂ ਵਿਚ ਬਰਫ਼ ਦਾ ਜੰਗਲ਼ ਸੀ ਜਿਸ ਵਿੱਚ ਪਾਈਨ ਅਤੇ ਸਾਈਪ੍ਰਸ ਦੇ ਰੁੱਖਾਂ ਜਿਹੇ ਪੱਤੇ ਅਤੇ ਟਾਹਣੀਆਂ ਨਜ਼ਰ ਆ ਰਹੀਆਂ ਸਨ। ਸਭ ਕੁਝ ਬਰਫ਼ੀਲਾ ਠੰਢਾ ਸੀ, ਠੰਢੀ ਸਵਾਹ ਵਾਂਗਰ ਬੇਜਾਨ।
ਪਰ ਚਾਣਚੱਕ ਮੈਂ ਬਰਫ਼ ਦੀ ਘਾਟੀ ਵਿਚ ਡਿੱਗ ਪਿਆ।
ਚਾਰੇ ਪਾਸੇ, ਉੱਪਰ-ਹੇਠਾਂ ਸਭ ਕੁਝ ਬਰਫ਼ੀਲਾ ਠੰਢਾ ਸੀ, ਠੰਢੀ ਸਵਾਹ ਵਾਂਗੂ ਬੇਜਾਨ। ਪਰ ਰੰਗਹੀਣ ਬਰਫ਼ ਉੱਪਰ ਅਣਗਿਣਤ ਲਾਲ ਪ੍ਰਛਾਵੇਂ ਖਿੰਡੇ ਹੋਏ ਸਨ, ਮੂੰਗੇ ਦੇ ਜਾਲ਼ ਵਾਂਗ ਆਪਣੇ ਵਿਚ ਗੁੱਥਮ-ਗੁੱਥਾ। ਹੇਠਾਂ ਦੇਖਿਆ ਤਾਂ ਮੇਰੇ ਪੈਰਾਂ ਕੋਲ਼ ਇਕ ਭਾਂਬੜ ਪਿਆ ਦਿਸਿਆ।
ਇਹ ਮੋਈ ਅੱਗ ਸੀ। ਇਹਦਾ ਰੂਪ ਲਟ-ਲਟ ਕਰਦੀਆਂ ਲਪਟਾਂ ਜਿਹਾ ਸੀ, ਪਰ ਇਹ ਬਿਲਕੁਲ ਸਥਿਰ ਸੀ, ਪੂਰੀ ਤਰ੍ਹਾਂ ਜੰਮੀ ਹੋਈ, ਮੂੰਗੇ ਦੀਆਂ ਸ਼ਾਖਾਵਾਂ ਵਾਂਗ ਅਤੇ ਇਹਦੇ ਕਿਨਾਰਿਆਂ ‘ਤੇ ਜੰਮਿਆ ਹੋਇਆ ਕਾਲ਼ਾ ਧੂੰਆਂ, ਜੋ ਸਿੱਧਾ ਕਿਸੇ ਚਿਮਨੀ ਵਿਚੋਂ ਨਿੱਕਲਿਆ ਜਾਪ ਰਿਹਾ ਸੀ। ਚਾਰ-ਚੁਫੇਰੇ ਦੀ ਬਰਫ਼ ‘ਤੇ ਪੈ ਰਹੇ ਇਹਦੇ ਅਕਸ ਚਮਕਦੀ ਬਰਫ਼ ਵਿਚ ਕਈ ਗੁਣਾ ਹੋ ਕੇ ਅਣਗਿਣਤ ਦਿੱਖਾਂ ਵਿਚ ਬਦਲ ਗਏ ਸਨ, ਜਿਸ ਕਾਰਨ ਬਰਫ਼ ਦੀ ਘਾਟੀ ਮੂੰਗੇ ਵਾਂਗ ਲਾਲ ਹੋ ਗਈ ਸੀ।
ਆਹ!
ਬਚਪਨ ਵਿੱਚ ਤੇਜ਼ ਚਲਦੇ ਜਹਾਜਾਂ ਕਾਰਨ ਸਮੁੰਦਰ ਵਿਚ ਉੱਠਦੀ ਝੱਗ ਅਤੇ ਮਘਦੀ ਭੱਠੀ ਵਿਚੋਂ ਨਿੱਕਲ਼ਦੀਆਂ ਲਪਟਾਂ ਨੂੰ ਵੇਖਣਾ ਮੈਨੂੰ ਬੜਾ ਚੰਗਾ ਲਗਦਾ ਸੀ। ਉਨ੍ਹਾਂ ਨੂੰ ਵੇਖਣਾ ਮੈਨੂੰ ਪਸੰਦ ਹੀ ਨਹੀਂ ਸੀ, ਸਗੋਂ ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਵੇਖਣਾ ਚਾਹੁੰਦਾ ਸੀ। ਪਰ ਉਹ ਲਗਾਤਾਰ ਬਦਲਦੇ ਰਹਿੰਦੇ ਸਨ ਅਤੇ ਉਨ੍ਹਾਂ ਦਾ ਕੋਈ ਇੱਕ ਰੂਪ ਹੀ ਨਹੀਂ ਸੀ ਹੁੰਦਾ। ਮੈਂ ਚਾਹੇ ਜਿੰਨਾ ਵੀ ਮਰਜ਼ੀ ਨਿਗ੍ਹਾ ਟਿਕਾ ਕੇ ਵੇਖਦਾ, ਮੇਰੇ ਮਨ ਵਿਚ ਕਦੇ ਵੀ ਉਹਦੀ ਸਪੱਸ਼ਟ ਤਸਵੀਰ ਨਹੀਂ ਬਣਦੀ ਸੀ।
ਆਖ਼ਰ ਮੈਂ ਤੈਨੂੰ ਹਾਸਲ ਕਰ ਹੀ ਲਿਆ, ਮੋਈ ਲਾਟ!
ਮੈਂ ਉਸ ਮੋਈ ਅੱਗ ਨੂੰ ਨੇੜਿਓਂ ਵੇਖਣ ਲਈ ਚੁੱਕਿਆ ਤਾਂ ਉਹਦੇ ਬਰਫ਼ੀਲੇਪਨ ਨਾਲ਼ ਮੇਰੀਆਂ ਉਂਗਲ਼ਾਂ ਵੱਢੀਆਂ ਜਾਣ ਲੱਗੀਆਂ। ਪਰ ਦਰਦ ਸਹਿ ਕੇ ਵੀ ਮੈਂ ਉਹਨੂੰ ਆਪਣੀ ਜੇਬ ਵਿਚ ਪਾ ਲਿਆ। ਪੂਰੀ ਘਾਟੀ ਚਾਣਚੱਕ ਸਵਾਹ ਵਾਂਗ ਬਦਰੰਗ ਹੋ ਗਈ। ਮੈਂ ਸੋਚਣ ਲੱਗਿਆ ਕਿ ਇਸ ਥਾਂ ਤੋਂ ਨਿੱਕਲਿਆ ਕਿਵੇਂ ਜਾਵੇ।
ਮੇਰੇ ਸਰੀਰ ਵਿਚੋਂ ਕਾਲ਼ੇ ਧੂੰ ਦੀ ਇਕ ਲਕੀਰ ਲਰਜਦੀ ਜਿਹੀ ਬਾਹਰ ਨਿੱਕਲ਼ੀ ਅਤੇ ਤਾਰ ਦੇ ਸੱਪ ਵਾਂਗੂ ਉੱਪਰ ਉੱਠਣ ਲੱਗੀ। ਅਚਾਨਕ ਲਾਲ-ਲਾਲ ਲਪਟਾਂ ਹਰ ਪਾਸੇ ਵਹਿਣ ਲੱਗੀਆਂ ਅਤੇ ਮੈਂ ਇਕ ਬਹੁਤ ਵੱਡੇ ਅਗਨਕੁੰਡ ਦੇ ਐਨ ਵਿਚਕਾਰ ਸਾਂ। ਹੇਠਾਂ ਵੇਖਿਆ ਤਾਂ ਪਤਾ ਲੱਗਿਆ ਕਿ ਮੋਈ ਅੱਗ ਫਿਰ ਤੋਂ ਬਲ਼ ਉੱਠੀ ਸੀ, ਮੇਰੇ ਕੱਪੜਿਆਂ ਨੂੰ ਜਲ਼ਾ ਕੇ ਬਾਹਰ ਆ ਗਈ ਸੀ ਅਤੇ ਬਰਫ਼ੀਲੀ ਜ਼ਮੀਨ ‘ਤੇ ਵਹਿ ਰਹੀ ਸੀ।
”ਆਹ ਦੋਸਤ! ਉਹਨੇ ਕਿਹਾ, ”ਤੂੰ ਮੈਨੂੰ ਆਪਣੀ ਗਰਮਾਹਟ ਨਾਲ਼ ਜਗਾ ਦਿੱਤੈ!
ਮੈ ਉਹਨੂੰ ਅਵਾਜ਼ ਮਾਰੀ ਅਤੇ ਉਹਦਾ ਨਾਂ ਪੁੱਛਿਆ।
ਮੇਰੇ ਸਵਾਲ ਨੂੰ ਅਣਗੌਲਿਆਂ ਕਰਦਿਆਂ ਉਹਨੇ ਕਿਹਾ, ”ਲੋਕਾਂ ਨੇ ਮੈਨੂੰ ਇਸ ਬਰਫ਼ੀਲੀ ਘਾਟੀ ਵਿਚ ਲਿਆ ਕੇ ਛੱਡ ਦਿੱਤਾ ਸੀ। ਮੈਨੂੰ ਛੱਡਣ ਵਾਲ਼ੇ ਕਦੋਂ ਦੇ ਮਰ-ਖਪ ਗਏ ਹਨ ਅਤੇ ਮੈਂ ਵੀ ਇਸ ਬਰਫ਼ ਵਿਚ ਜੰਮ ਕੇ ਮਰਨ ਦੀ ਕੰਢੇ ਸੀ। ਜੇ ਤੂੰ ਮੈਨੂੰ ਦੁਬਾਰਾ ਗਰਮੀ ਨਾ ਦਿੰਦਾ ਅਤੇ ਮੈਨੂੰ ਫਿਰ ਤੋਂ ਨਾ ਜਗਾਉਂਦਾ, ਤਾਂ ਬਹੁਤ ਜਲਦੀ ਮੈਂ ਮਰ ਗਈ ਹੁੰਦੀ।
”ਮੈਨੂੰ ਖੁਸ਼ੀ ਹੈ ਕਿ ਤੂੰ ਜਾਗ ਗਈ। ਮੈਂ ਇਸ ਬਰਫ਼ ਦੀ ਘਾਟੀ ਵਿਚੋਂ ਨਿੱਕਲ਼ਣ ਬਾਰੇ ਸੋਚ ਰਿਹਾ ਹਾਂ ਅਤੇ ਮੈਂ ਤੈਨੂੰ ਆਪਣੇ ਨਾਲ਼ ਲਿਜਾਣਾ ਚਾਹੁੰਦਾ ਹਾਂ ਤਾਂ ਕਿ ਤੂੰ ਫਿਰ ਕਦੇ ਜੰਮੇਂ ਨਾ, ਸਗੋਂ ਸਦਾ-ਸਦਾ ਲਈ ਬਲ਼ਦੀ ਰਹੇਂ।
”ਉਹ ਨਹੀਂ! ਫੇਰ ਤਾਂ ਮੈਂ ਬਲ਼ ਕੇ ਖਤਮ ਹੋ ਜਾਵਾਂਗੀ।
”ਜੇ ਤੂੰ ਬਲ਼ ਕੇ ਖਤਮ ਹੋ ਗਈ ਤਾਂ ਮੈਨੂੰ ਬੜਾ ਦੁੱਖ ਹੋਣੈ। ਚੰਗਾ ਹੋਊ ਜੇ ਮੈਂ ਤੈਨੂੰ ਇੱਥੇ ਹੀ ਛੱਡ ਦਿਆਂ।
”ਉਹ ਨਹੀਂ! ਫੇਰ ਤਾਂ ਮੈਂ ਇੱਥੇ ਜੰਮ ਕੇ ਮਰ ਜਾਊਂ।
”ਫੇਰ ਕੀ ਕੀਤਾ ਜਾਵੇ?
”ਤੂੰ ਖੁਦ ਕੀ ਕਰੇਂਗਾ?” ਉਹਨੇ ਮੋੜਵਾਂ ਸਵਾਲ ਕੀਤਾ।
”ਜਿਵੇਂ ਕਿ ਮੈਂ ਤੈਨੂੰ ਦੱਸ ਚੁੱਕਾ ਹਾਂ, ਮੈਂ ਇਸ ਬਰਫ਼ ਦੀ ਘਾਟੀ ਵਿਚੋਂ ਬਾਹਰ ਨਿੱਕਲ਼ਣਾ ਚਾਹੁੰਦਾ ਹਾਂ।
”ਫੇਰ ਬਿਹਤਰ ਇਹੋ ਹੋਵੇਗਾ ਕਿ ਮੈਂ ਬਲ਼ਦੀ-ਬਲ਼ਦੀ ਖਤਮ ਹੋ ਜਾਵਾਂ।
ਉਹ ਇਕ ਲਾਲ ਪੂਛਲ਼ ਤਾਰੇ ਵਾਂਗ ਉੱਪਰ ਉੱਛਲ਼ੀ ਅਤੇ ਅਸੀਂ ਦੋਵੇਂ ਨਾਲ਼-ਨਾਲ਼ ਘਾਟੀ ਤੋਂ ਬਾਹਰ ਆ ਗਏ। ਚਾਣਚੱਕ ਇਕ ਵੱਡੀ ਸਾਰੀ ਪੱਥਰ ਦੀ ਗੱਡੀ ਚਲਦੀ ਹੋਈ ਆਈ ਅਤੇ ਮੈਂ ਉਹਦੇ ਚੱਕਿਆਂ ਹੇਠ ਕੁਚਲ਼ ਕੇ ਮਰ ਗਿਆ। ਪਰ ਮਰਦਿਆਂ-ਮਰਦਿਆਂ ਮੈਂ ਵੇਖਿਆ ਕਿ ਪੱਥਰ ਦੀ ਗੱਡੀ ਬਰਫ਼ ਦੀ ਘਾਟੀ ਵਿਚ ਡਿਗ ਰਹੀ ਹੈ।
”ਆਹ, ਤੂੰ ਮੋਈ ਅੱਗ ਨੂੰ ਫਿਰ ਕਦੇ ਨਹੀਂ ਮਿਲ਼ ਸਕੇਂਗਾ।” ਇਹ ਕਹਿਦਿਆਂ ਮੈਂ ਖੁਸ਼ੀ ਨਾਲ਼ ਹੱਸਿਆ, ਜਿਵੇਂ ਕਿ ਗੱਲ ਤੋਂ ਖੁਸ਼ ਹਾਂ ਕਿ ਅਜਿਹਾ ਹੋਣਾ ਚਾਹੀਦਾ ਸੀ।
(25 ਅਪ੍ਰੈਲ, 1925)
***

ਜਾਗਣਾ
ਸਕੂਲ ਜਾਂਦੇ ਵਿਦਿਆਰਥੀਆਂ ਵਾਂਗ ਰੋਜ਼ ਸਵੇਰੇ ਬੰਬ ਵਰਾਊ ਜਹਾਜ਼ ਪੀਕਿੰਗ ਉੱਪਰ ਉਡਾਨ ਭਰਦੇ ਹਨ। ਅਤੇ ਹਰ ਵਾਰ ਜਦ ਮੈਂ ਉਨ੍ਹਾਂ ਦੇ ਇੰਜਣਾਂ ਨੂੰ ਹਵਾ ‘ਤੇ ਹਮਲਾ ਬੋਲਦੇ ਸੁਣਦਾ ਹਾਂ ਤਾਂ ਮੈਨੂੰ ਹਲਕੇ ਜਿਹੇ ਤਣਾਅ ਦਾ ਅਹਿਸਾਸ ਹੁੰਦਾ ਹੈ ਜਿਵੇਂ ਮੈਂ ਮੌਤ ਦੇ ਹਮਲੇ ਦਾ ਮੌਕੇ ਦਾ ਗਵਾਹ ਬਣ ਰਿਹਾ ਹੋਵਾਂ, ਭਾਵੇਂ ਇਸ ਨਾਲ਼ ਜੀਵਨ ਦੀ ਹੋਂਦ ਦੀ ਮੇਰੀ ਚੇਤਨਾ ਵਧ ਜਾਂਦੀ ਹੈ।
ਇੱਕ-ਦੱਬੇ-ਦੱਬੇ ਧਮਾਕਿਆਂ ਤੋਂ ਬਾਅਦ ਜਹਾਜ਼ ਭਿਣਭਿਣਾਉਂਦੇ ਹੋਏ ਹੋਲ਼ੀ ਰਫ਼ਤਾਰ ਨਾਲ਼ ਵਾਪਸ ਉੱਡ ਜਾਂਦੇ ਹਨ। ਸ਼ਾਇਦ ਕੁਝ ਲੋਕ ਫੱਟੜ ਹੁੰਦੇ ਹਨ, ਪਰ ਦੁਨੀਆਂ ਆਮ ਨਾਲ਼ੋਂ ਜ਼ਿਆਦਾ ਸ਼ਾਂਤ ਲੱਗਣ ਲੱਗਦੀ ਹੈ। ਬਾਰੀ ਤੋਂ ਬਾਹਰ ਪਾਪੂਲਰ ਦੀਆਂ ਕੋਮਲ ਪੱਤੀਆਂ ਧੁੱਪ ਵਿਚ ਗਾੜੇ ਸੋਨੇ ਜਿਹੀਆਂ ਚਮਕਦੀਆਂ ਹਨ, ਫੁੱਲਾਂ ਨਾਲ਼ ਭਰਿਆ ਆਲੂਬੁਖਾਰੇ ਦਾ ਰੁਖ ਕੱਲ੍ਹ ਤੋਂ ਵੀ ਵੱਧ ਵੱਡਾ ਲੱਗਦਾ ਹੈ। ਜਦ ਮੈਂ ਆਪਣੇ ਬਿਸਤਰੇ ‘ਤੇ ਚਾਰੇ ਪਾਸੇ ਖਿੰਡੇ ਅਖ਼ਬਾਰਾਂ ਨੂੰ ਸਮੇਟ ਦਿੰਦਾ ਹਾਂ ਅਤੇ ਪਿਛਲੀ ਰਾਤ ਮੇਜ਼ ‘ਤੇ ਜਮਾ ਹੋ ਗਈ ਹਲਕੀ ਘਸਮੈਲੀ ਧੂੜ ਨੂੰ ਸਾਫ਼ ਕਰ ਦਿੰਦਾ ਹੈ ਤਾਂ ਛੋਟਾ-ਜਿਹਾ ਚੌਰਸ ਕਮਰਾ ਅਜਿਹਾ ਲੱਗਣ ਲਗਦਾ ਹੈ ਜਿਹਦੇ ਲਈ ਕਹਿੰਦੇ ਹਨ, ”ਖੁਸ਼ੀ ਭਰੀਆਂ ਬਾਰੀਆਂ ਅਤੇ ਬੇਦਾਗ ਮੇਜ਼।
ਕਿਸੇ ਕਾਰਨ ਮੈਂ ਇੱਥੇ ਜਮਾਂ ਹੋ ਗਏ ਨੌਜਵਾਨ ਲੇਖਕਾਂ ਦੇ ਖਰੜਿਆਂ ਨੂੰ ਸੰਪਾਦਨ ਕਰਨ ਲਗਦਾ ਹਾਂ। ਮੈਂ ਉਨ੍ਹਾਂ ਸਭ ਨੂੰ ਪੜ੍ਹਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਸਮਾਂ-ਲੜੀ ਅਨੁਸਾਰ ਪੜ੍ਹਦਾ ਹਾਂ ਅਤੇ ਇਨ੍ਹਾਂ ਨੌਜਵਾਨ ਲੋਕਾਂ ਦੀਆਂ ਆਤਮਾਵਾਂ ਵਾਰੀ-ਵਾਰੀ ਨਾਲ਼ ਮੇਰੇ ਸਾਹਮਣੇ ਆਉਣ ਲੱਗਦੀਆਂ ਹਨ ਜੋ ਕਿਸੇ ਵੀ ਤਰ੍ਹਾਂ ਦੀ ਮੁਲੰਮੇਬਾਜ਼ੀ ਤੋਂ ਨਫ਼ਰਤ ਕਰਦੇ ਹਨ। ਉਹ ਬਹੁਤ ਚੰਗੇ ਹਨ, ਉਨ੍ਹਾਂ ਵਿੱਚ ਇਮਾਨਦਾਰੀ ਹੈ — ਪਰ, ਆਹ! ਇਹ ਕਿੰਨੇ ਉਦਾਸ ਹਨ, ਇਹ ਮੇਰੇ ਪਿਆਰੇ ਨੌਜਵਾਨ, ਉਹ ਸ਼ਿਕਾਇਤ ਕਰਦੇ ਹਨ, ਗੁੱਸਾ ਹੁੰਦੇ ਹਨ ਅਤੇ ਅਖ਼ੀਰ ਰੁੱਖੇ ਬਣ ਜਾਂਦੇ ਹਨ।
ਉਨ੍ਹਾਂ ਦੀਆਂ ਆਤਮਾਵਾਂ ਹਵਾ ਅਤੇ ਧੂੜ ਦੇ ਥਪੇੜੇ ਸਹਿਕੇ ਰੁੱਖੀਆਂ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਦੀ ਆਤਮਾ ਮਨੁੱਖ ਦੀ ਆਤਮਾ ਹੈ, ਅਜਿਹੀ ਆਤਮਾ ਜੋ ਮੈਨੂੰ ਪਿਆਰੀ ਹੈ। ਮੈਂ ਖੁਸ਼ੀ-ਖੁਸ਼ੀ ਇਸ ਰੁੱਖੇਪਨ ਨੂੰ ਚੁੰਮਾਂਗਾ ਜਿਸ ਤੋਂ ਖ਼ੂਨ ਟਪਕ ਰਿਹਾ ਹੈ ਪਰ ਜਾ ਅਕਾਰਹੀਣ ਅਤੇ ਰੰਗਹੀਣ ਹੈ। ਖੂਬਸੂਰਤ, ਦੂਰ ਤੱਕ ਮਸ਼ਹੂਰ ਦੁਰਲੱਭ ਫੁੱਲਾਂ ਨਾਲ਼ ਬਗੀਚਿਆਂ ਵਿੱਚ ਸ਼ਰਮੀਲੀਆਂ ਅਤੇ ਸੋਹਲ ਕੁੜੀਆਂ ਸੁਸਤਾ ਕੇ ਸਮਾਂ ਲੰਘਾ ਰਹੀਆਂ ਹਨ, ਬਗਲੇ ਚੀਕਦੇ ਹੋਏ ਲੰਘ ਰਹੇ ਹਨ ਅਤੇ ਸੰਘਣੇ, ਚਿੱਟੇ ਬੱਦਲ ਉੱਠ ਰਹੇ ਹਨ, ਇਹ ਸਭ ਬੇਹੱਦ ਦਿਲਖਿੱਚਵਾਂ ਹੈ ਪਰ ਮੈਂ ਨਹੀਂ ਭੁੱਲ ਸਕਦਾ ਕਿ ਮੈਂ ਮਨੁੱਖਾਂ ਦੀਆਂ ਦੁਨੀਆਂ ਵਿੱਚ ਰਹਿ ਰਿਹਾ ਹਾਂ।
ਅਤੇ ਇਹ ਅਚਾਨਕ ਮੈਨੂੰ ਇੱਕ ਘਟਨਾ ਦੀ ਯਾਦ ਦਿਵਾਉਂਦਾ ਹੈ: ਦੋ ਜਾਂ ਤਿੰਨ ਵਰ੍ਹੇ ਪਹਿਲਾਂ, ਮੈਂ ਪੀਕਿੰਗ ਵਿਸ਼ਵ-ਵਿਦਿਆਲੇ ਦੇ ਸਟਾਫ਼ ਰੂਮ ਵਿਚ ਸੀ ਕਿ ਇੱਕ ਵਿਦਿਆਰਥੀ, ਜਿਸਨੂੰ ਮੈਂ ਨਹੀਂ ਜਾਣਦਾ ਸੀ, ਅੰਦਰ ਆਇਆ। ਉਹਨੇ ਮੈਨੂੰ ਇੱਕ ਲਿਫ਼ਾਫਾ ਦਿੱਤਾ ਅਤੇ ਇੱਕ ਵੀ ਸ਼ਬਦ ਬੋਲਿਆਂ ਬਿਨਾਂ ਚਲਾ ਗਿਆ ਅਤੇ ਮੈਂ ਉਸਨੂੰ ਖੋਲਿਆ ਤਾਂ ‘ਛੋਟਾ ਘਾਹ’ ਰਸਾਲੇ ਦੀ ਇਕ ਕਾਪੀ ਮਿਲੀ। ਉਹਨੇ ਇਕ ਸ਼ਬਦ ਵੀ ਨਹੀਂ ਕਿਹਾ ਸੀ ਪਰ ਉਹ ਮੌਨ ਕਿੰਨਾ ਮੁਖਰ ਸੀ ਅਤੇ ਇਹ ਤੋਹਫ਼ਾ ਕਿੰਨਾ ਅਨਮੋਲ! ਮੈਨੂੰ ਦੁੱਖ ਹੈ ਕਿ ‘ਛੋਟਾ ਘਾਹ’ ਹੁਣ ਨਹੀਂ ਛਪ ਰਿਹਾ; ਲਗਦਾ ਹੈ ਇਹਨੇ ਬਸ ‘ਡੁੱਬੀ ਘੰਟੀ’ ਦੇ ਵਢੇਰੇ ਦੀ ਭੂਮਿਕਾ ਅਦਾ ਕੀਤੀ ਅਤੇ ‘ਡੁੱਬੀ ਘੰਟੀ’ ਇਨਸਾਨੀ ਸਮੁੰਦਰ ਥੱਲੇ ਡੂੰਘਾਈ ਵਿੱਚ, ਹਵਾ ਅਤੇ ਧੂੜ ਦੀਆਂ ਗੁਫਾਵਾਂ ਵਿੱਚ ਇਕੱਲੀ ਵੱਜ ਰਹੀ ਹੈ।
ਜੰਗਲੀ ਘਾਹ ਨੂੰ ਦਰੜ ਸੁੱਟਣ ‘ਤੇ ਵੀ ਉਸ ਵਿੱਚੋਂ ਇੱਕ ਛੋਟਾ ਜਿਹਾ ਫੁੱਲ ਉਗਦਾ ਹੈ। ਮੈਨੂੰ ਯਾਦ ਆਉਂਦਾ ਹੈ ਕਿ ਤਾਲਸਤਾਏ ਇਸ ਤੋਂ ਇਨੇ ਜੋਸ਼ ਵਿੱਚ ਆ ਗਏ ਸਨ ਕਿ ਉਨ੍ਹਾਂ ਨੇ ਇਸ ‘ਤੇ ਇੱਕ ਕਹਾਣੀ ਲਿਖ ਦਿੱਤੀ। ਨਿਸ਼ਚਿਤ ਰੂਪ ਨਾਲ਼, ਜਦ ਸੁੱਕੇ, ਬੰਜਰ ਮਰੂਥਲ ਵਿੱਚ ਪੌਦੇ ਆਪਣੀਆਂ ਜੜਾਂ ਜ਼ਮੀਨ ਥੱਲੇ ਡੂੰਘਾਈ ਵਿਚ ਭੇਜਕੇ ਪਾਣੀ ਖਿੱਚ ਲਿਆਉਂਦੇ ਹਨ ਅਤੇ ਇਕ ਹਰਾ ਜੰਗਲ ਖੜਾ ਕਰ ਦਿੰਦੇ ਹਨ ਤਾਂ ਉਹ ਸਿਰਫ਼ ਆਪਣੀ ਹੋਂਦ ਲਈ ਜੂਝ ਰਹੇ ਹੁੰਦੇ ਹਨ ਪਰ ਥੱਕੇ-ਹਾਰੇ, ਪਿਆਸੇ ਮੁਸਾਫ਼ਰਾਂ ਦੇ ਦਿਲ ਉਨ੍ਹਾਂ ਨੂੰ ਦੇਖਕੇ ਖੁਸ਼ ਹੋ ਜਾਂਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ ਅਜਿਹੀ ਜਗ੍ਹਾ ਪਹੁੰਚ ਚੁੱਕੇ ਹਨ ਜਿੱਥੇ ਥੋੜੀ ਦੇਰ ਅਰਾਮ ਕੀਤਾ ਜਾ ਸਕਦਾ ਹੈ। ਨਿਸ਼ਚਿਤ ਹੀ, ਇਹ ਡੂੰਘੀ ਬੇਗਰਜੀ ਅਤੇ ਉਦਾਸੀ ਦਾ ਭਾਵ ਪੈਦਾ ਕਰਦਾ ਹੈ।
ਪਾਠਕਾਂ ਨੂੰ ਸੰਬੋਧਤ ਕਰਦੇ ਹੋਏ ”ਬਿਨਾਂ ਸਿਰਲੇਖ” ਨਾਲ਼ ‘ਡੁੱਬੀ ਘੰਟੀ’ ਦੇ ਸੰਪਾਦਕਾਂ ਨੇ ਲਿਖਿਆ ਹੈ :
ਕੁੱਝ ਲੋਕ ਕਹਿੰਦੇ ਹਨ, ਸਾਡਾ ਸਮਾਜ ਇਕ ਮਰੂਥਲ ਹੈ। ਜੇਕਰ ਅਜਿਹਾ ਹੁੰਦਾ, ਤਾਂ ਸੁੰਨੇਪਣ ਨਾਲ਼ ਭਰਿਆ ਹੀ ਸਹੀ ਪਰ ਤੁਹਾਨੂੰ ਸ਼ਾਂਤੀ ਦਾ ਅਹਿਸਾਸ ਹੁੰਦਾ, ਵੀਰਾਨਾ ਹੀ ਸਹੀ ਪਰ ਤੁਹਾਨੂੰ ਅਨੰਤਤਾ ਦਾ ਅਹਿਸਾਸ ਹੁੰਦਾ। ਇਹ ਇੰਨਾ ਅਰਾਜਕ, ਵਿਓਹੀ ਅਤੇ ਸਭ ਤੋਂ ਵੱਧ ਕੇ ਇੰਨਾ ਬਦਲਣ ਵਾਲ਼ਾ ਨਾ ਹੁੰਦਾ, ਜਿਵੇਂ ਕਿ ਇਹ ਹੈ।
ਹਾਂ, ਨੌਜਵਾਨਾਂ ਦੀਆਂ ਆਤਮਾਵਾਂ ਮੇਰੇ ਸਾਹਮਣੇ ਉਭਰੀਆਂ ਹਨ। ਉਹ ਰੁੱਖੀਆਂ ਹੋ ਗਈਆਂ ਹਨ ਜਾਂ ਰੁੱਖੀਆਂ ਹੋਣ ਵਾਲੀਆਂ ਹਨ। ਪਰ ਮੈਂ ਇਨ੍ਹਾਂ ਆਤਮਾਵਾਂ ਨੂੰ ਪਿਆਰ ਕਰਦਾ ਹਾਂ ਜੋ ਚੁੱਪਚਾਪ ਖ਼ੂਨ ਦੇ ਹੰਝੂ ਰੋਂਦੀਆਂ ਹਨ ਅਤੇ ਬਰਦਾਸ਼ਤ ਕਰਦੀਆਂ ਹਨ, ਕਿਉਂਕਿ ਉਹ ਮੈਨੂੰ ਇਹ ਅਹਿਸਾਸ ਕਰਾਉਂਦੀਆਂ ਹਨ ਕਿ ਮੈਂ ਮਨੁੱਖਾਂ ਦੀ ਦੁਨੀਆਂ ਵਿਚ ਹਾਂ — ਮੈਂ ਮਨੁੱਖਾਂ ਵਿੱਚ ਜੀ ਰਿਹਾ ਹਾਂ।
ਮੈਂ ਸੰਪਾਦਨ ਦੇ ਕੰਮ ਵਿੱਚ ਜੁਟਿਆ ਹਾਂ; ਸੂਰਜ ਢਲ਼ ਗਿਆ ਹੈ ਅਤੇ ਮੈਂ ਲੈਂਪ ਦੀ ਰੋਸ਼ਨੀ ਵਿੱਚ ਕੰਮ ਕਰਦਾ ਰਹਿੰਦਾ ਹਾਂ। ਹਰ ਤਰ੍ਹਾਂ ਦੇ ਨੌਜਵਾਨ ਮੇਰੀਆਂ ਅੱਖਾਂ ਸਾਹਵੇਂ ਲਿਸ਼ਕ ਜਾਂਦੇ ਹਨ ਭਾਵੇਂ ਮੇਰੇ ਚਾਰੇ ਪਾਸੇ ਸ਼ਾਮ ਦੇ ਮਟਕ ਹਨੇਰੇ ਤੋਂ ਬਿਨਾਂ ਕੁਝ ਵੀ ਨਹੀਂ ਹੈ। ਥੱਕਿਆ ਹੋਇਆ, ਮੈਂ ਇੱਕ ਸਿਗਰਟ ਧੁਖਾਉਂਦਾ ਹਾਂ, ਹੌਲ਼ੀ ਜਿਹੀ ਆਪਣੀਆਂ ਅੱਖਾਂ ਬੰਦ ਕਰਦਾ ਹਾਂ, ਐਵੇਂ ਹੀ ਕੁੱਝ ਸੋਚਦੇ ਹੋਏ ਅਤੇ ਇੱਕ ਲੰਬਾ, ਬਹੁਤ ਲੰਬਾ ਸੁਫ਼ਨਾ ਦੇਖਦਾ ਹਾਂ। ਮੈਂ ਝਟਕੇ ਨਾਲ਼ ਜਾਗਦਾ ਹਾਂ। ਚਾਰੇ ਪਾਸੇ ਕੁਝ ਨਹੀਂ ਬਸ ਮਟਕ ਹਨੇਰਾ ਹੈ; ਰੁਕੀ ਹੋਈ ਹਵਾ ਵਿੱਚ ਸਿਗਰਟ ਦਾ ਧੂੰਆ ਗਰਮੀ ਦੇ ਅੰਬਰੀਂ ਬੱਦਲ ਦੇ ਛੋਟੇ ਟੁਕੜਿਆਂ ਦੀ ਤਰ੍ਹਾਂ ਤੈਰ ਰਿਹਾ ਹੈ ਅਤੇ ਹੋਲ਼ੀ-ਹੋਲ਼ੀ ਅਬੁੱਝ ਅਕਾਰ ਧਾਰ ਰਿਹਾ ਹੈ।
(10 ਅਪ੍ਰੈਲ 1926)

Leave a Reply

Your email address will not be published. Required fields are marked *