ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਨਵਜੋਤ ਕੌਰ ਨੇ ਸੋਨੇ ਦਾ ਤਮਗਾ ਜਿੱਤਿਆ

ਨਵੀਂ ਦਿੱਲੀ (ਨਦਬ) : ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ‘ਚ ਨਵਜੋਤ ਕੌਰ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ, ਜਿਸ ਨੇ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 2 ਮਾਰਚ ਨੂੰ ਨਵਜੋਤ ਨੇ ਜਾਪਾਨ ਦੀ ਮਿਆ ਆਈਮਾਈ ਨੂੰ 9-1 ਨਾਲ ਹਰਾ ਕੇ ਮਹਿਲਾ ਦੀ 65 ਕਿਲੋ ਗ੍ਰਾਮ ਵਰਗ ਫ੍ਰੀ ਸਟਾਈਲ ਫਾਈਨਲ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ।
ਨਵਜੋਤ ਕੌਰ ਨੇ ਸੀਨੀਅਰ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ‘ਚੋਂ ਸੋਨ ਤਮਗਾ ਜਿੱਤ ਕੇ ਪਹਿਲੀ ਭਾਰਤੀ ਮਹਿਲਾ ਰੈਸਲਰ ਬਣਨ ਦਾ ਮਾਣ ਹਾਸਲ ਕਰ ਲਿਆ ਹੈ। ਦਿੱਲੀ ਏਅਰਪੋਰਟ ਪਹੁੰਚਣ ‘ਤੇ ਨਵਜੋਤ ਨੇ ਕਿਹਾ ਹੈ ਕਿ ਉਸ ਦਾ ਟੀਚਾ ਏਸ਼ੀਅਨ ਖੇਡਾਂ ਤੇ 2020 ਦੀਆਂ ਓਲੰਪਿਕ ਖੇਡਾਂ ਹਨ।
ਨਵਜੋਤ ਕੌਰ ਨੇ ਇਸ ਤੋਂ ਪਹਿਲਾਂ 2013 ‘ਚ ਏਸ਼ੀਆਈ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ, ਜਦੋਂ ਕਿ 2014 ਦੀਆਂ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ।
ਸਾਕਸ਼ੀ ਮਲਿਕ ਨੇ 62 ਕਿਲੋਗ੍ਰਾਮ ਵਰਗ ਦੇ ਫ਼੍ਰੀ ਸਟਾਈਲ ਮੁਕਾਬਲੇ ‘ਚ ਕਾਸੀ ਦਾ ਤਮਗ਼ਾ ਹਾਸਲ ਕੀਤਾ ਹੈ। ਉਥੇ ਹੀ 50 ਕਿਲੋਗ੍ਰਾਮ ਵਰਗ ਦੇ ਮੁਕਾਬਲੇ ‘ਚ ਵਿਨੇਸ਼ ਫ਼ੋਗਾਟ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਉਸ ਨੂੰ ਫ਼ਾਈਨਲ ਮੁਕਾਬਲੇ ‘ਚ ਚੀਨੀ ਭਲਵਾਨ ਚੁਨ ਲੀ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨ ਪਿਆ। ਇਸ ਮੁਕਾਬਲੇਬਾਜ਼ੀ ‘ਚ ਸੰਗੀਤਾ ਫ਼ੋਗਾਟ ਨੇ 59 ਕਿਲੋਗ੍ਰਾਮ ਵਰਗ ‘ਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ।
ਨਵਜੋਤ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੀ ਜੰਮਪਲ ਹੈ। ਆਰਥਕ ਮੰਦੀ ਤੋਂ ਗੁਜਰ ਰਹੇ ਪਰਿਵਾਰ ਦੀ ਧੀ ਨੇ ਬਾਰਡਰ ਨਾਲ ਲੱਗਦੇ ਪਿੰਡ ਦਾ ਨਾਂ ਦੁਨੀਆਂ ਭਰ ‘ਚ ਰੋਸ਼ਨ ਕੀਤਾ ਹੈ।