ਬਲਜੀਤ ਸਿੰਘ ਬਣੇ ਕੈਲਗਰੀ ਯੂਨੀਵਰਸਿਟੀ ਦੇ ਡੀਨ

ਟੋਰਾਟੋ, (ਨਦਬ) : ਕਨੇਡਾ ‘ਚ ਵੱਖ-ਵੱਖ ਪੰਜਾਬੀ ਪੂਰੀ ਤਰ੍ਹਾਂ ਛਾਏ ਹੋਏ ਹਨ ਅਤੇ ਉਨ੍ਹਾਂ ਨੇ ਹਰੇਕ ਖੇਤਰ ‘ਚ ਉੱਚੇ ਤੋਂ ਉੱਚਾ ਰੁਤਬਾ ਹਾਸਲ ਕੀਤਾ ਹੋਇਆ ਹੈ, ਫਿਰ ਚਾਹੇ ਇਹ ਖੇਤਰ ਰਾਜਨੀਤੀ ਹੋਵੇ, ਸਿੱਖਿਆ ਹੋਵੇ ਜਾਂ ਫਿਰ ਕੋਈ ਹੋਰ। ਹਾਲ ‘ਚ ਹੀ ਕਨੇਡਾ ‘ਚ ਇੱਕ ਹੋਰ ਪੰਜਾਬੀ ਨੇ ਯੂਨੀਵਰਸਿਟੀ ਡੀਨ ਬਣ ਕੇ ਮੱਲ੍ਹਾਂ ਮਾਰੀਆਂ ਹਨ। ਕਨੇਡਾ ਦੀ ਪ੍ਰਸਿੱਧ ਕੈਲਗਰੀ ਯੂਨੀਵਰਸਟੀ ਵਿਚ ਪੰਜਾਬੀ ਮੂਲ ਦੇ ਵੈਟਰਨਰੀ ਮੈਡੀਕਲ ਸਿੱਖ ਮਾਹਰ ਬਲਜੀਤ ਸਿੰਘ ਨੂੰ ਵੈਟਰਨਰੀ ਮੈਡੀਸਨ ਫ਼ੈਕਲਟੀ ਦਾ ਡੀਨ ਨਿਯੁਕਤ ਕੀਤਾ ਗਿਆ ਹੈ। ਕੈਲਗਰੀ ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਲਜੀਤ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸ. ਬਲਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਟੀ ਆਫ਼ ਕੈਲਗਰੀ ਦੇ ਵੈਟਰਨਰੀ ਮੈਡੀਸਨ ਫ਼ੈਕਲਟੀ ਦੇ ਡੀਨ ਵਜੋਂ ਨਿਯੁਕਤੀ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇੱਥੇ ਵਰਣਨਯੋਗ ਹੈ ਕਿ ਬਲਜੀਤ ਸਿੰਘ ਵੈਟਰਨਰੀ ਮੈਡੀਸਨ ਦੇ ਖੇਤਰ ਵਿਚ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਖੋਜੀ, ਸਿੱਖਿਆਰਥੀ ਅਤੇ ਪ੍ਰਸ਼ਾਸਕ ਹਨ। ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਤੋਂ ਵੈਟਰਨਰੀ ਸਾਇੰਸ ਸਬੰਧੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਓਨਟਾਰੀਓ ਦੀ ਯੂਨੀਵਰਸਟੀ ਤੋਂ ਆਪਣੀ ਪੀ.ਐਚ.ਡੀ. ਪੂਰੀ ਕੀਤੀ ਅਤੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਟੀ ਤੋਂ ਸਿਖਲਾਈ ਹਾਸਲ ਕੀਤੀ।
ਡਾ. ਬਲਜੀਤ ਸਿੰਘ ਨੂੰ ਯੂਨੀਵਰਸਿਟੀ ਆਫ ਕੈਲਗਰੀ (ਫੈਕੂਲਟੀ ਆਫ ਵੈਟਰਨਰੀ ਮੈਡੀਸਨ) ‘ਚ ਡਾ. ਅਲਸਟੇਅਰ ਕ੍ਰਿਬ ਦੀ ਥਾਂ ਡੀਨ ਨਿਯੁਕਤ ਕੀਤਾ ਗਿਆ ਹੈ। ਡਾ. ਕ੍ਰਿਬ ਨੇ ਇਸ ਸਾਲ ਦੀ ਸ਼ੁਰੂਆਤ ‘ਚ ਅਸਤੀਫਾ ਦੇ ਦਿੱਤਾ ਸੀ ਅਤੇ ਉਹ 10 ਸਾਲ ਤੱਕ ਇਸ ਅਹੁਦੇ ‘ਤੇ ਕਾਬਜ਼ ਰਹੇ। ਅਹੁਦਾ ਸੰਭਾਲਣ ਉਪਰੰਤ ਡਾ. ਬਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਬਹੁਤ ਖ਼ੁਸ਼ੀ ਹੈ ਪਰ ਨਾਲ ਹੀ ਇਹ ਅਹੁਦਾ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਾਉਂਦਾ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਉਹ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਡਾ. ਬਲਜੀਤ ਇਸ ਤੋਂ ਪਹਿਲਾਂ ਸਸਕੈਚਵਨ ਯੂਨੀਵਰਸਿਟੀ ਦੇ ਵੈਸਟਰਨ ਕਾਲਜ ਆਫ਼ ਵੈਟਰਨਰੀ ਮੈਡੀਸਨ ‘ਚ ਸਹਾਇਕ ਡੀਨ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।