ਦੇਸ਼ ਨੂੰ ਝੰਜੋੜਨ ਵਾਲੇ ਵੈਨ ਹਾਦਸੇ ਕਾਰਨ ਜੀ7 ਸਮਿਟ ‘ਤੇ ਨਹੀਂ ਹੋਵੇਗਾ ਕੋਈ ਅਸਰ : ਟਰੂਡੋ

ਟੋਰਾਂਟੋ : ਕੈਨੇਡਾ ਦੇ ਫਿੰਚ ਐਵੇਨਿਊ ‘ਚ ਸੋਮਵਾਰ ਨੂੰ ਵਾਪਰੇ ਵੈਨ ਹਾਦਸੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਘਟਨਾ ‘ਚ ਸਫੈਦ ਰੰਗ ਦੀ ਵੈਨ ਨੇ ਸੜਕ ‘ਤੇ ਪੈਦਲ ਚੱਲ ਰਹੇ ਲੋਕਾਂ ਨੂੰ ਦਰੜ ਦਿੱਤਾ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਤੇ 15 ਜ਼ਖਮੀ ਹੋ ਗਏ, ਜੋ ਹਸਪਤਾਲ ‘ਚ ਜੇਰੇ ਇਲਾਜ ਹਨ।
ਅੱਜ ਪਾਰਲੀਮੈਂਟ ਦੇ ਬਾਹਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਮਲਾਵਰ ਦੇ ਇਰਾਦੇ ਕੀ ਸਨ, ਇਹ ਪਤਾ ਲਗਾਉਣ ‘ਚ ਅਜੇ ਸਮਾਂ ਲੱਗੇਗਾ। ਸਿਰਫ ਟੋਰਾਂਟੋ ਹੀ ਨਹੀਂ, ਪੂਰੇ ਕੈਨੇਡਾ ਵਾਸੀ ਇਸ ਘਟਨਾ ਤੋਂ ਦੁਖੀ ਹਨ।
ਦੱਸਣਯੋਗ ਹੈ ਕਿ ਜੂਨ ‘ਚ ਕੈਨੇਡਾ ਦੇ ਕਿਊਬਿਕ ਵਿਖੇ ਜੀ7 ਸਮਿਟ ਹੋਣ ਜਾ ਰਹੀ ਹੈ। ਇਸ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਹਾਦਸੇ ਨਾਲ ਨਾ ਤਾਂ ਕੈਨੇਡਾ ਦੇ ਸੁਰੱਖਿਆ ਘੇਰੇ ਨੂੰ ਕੋਈ ਫਰਕ ਪਵੇਗਾ ਤੇ ਨਾ ਹੀ ਜੀ7 ਸਮਿਟ ਨੂੰ ਲੈ ਕੇ ਚੱਲ ਰਹੇ ਸੁਰੱਖਿਆ ਪ੍ਰਬੰਧਾਂ ‘ਤੇ ਅਸਰ ਪਵੇਗਾ।
ਦੱਸਣਯੋਗ ਹੈ ਕਿ ਵੈਨ ਹਾਦਸੇ ਤੋਂ ਬਾਅਦ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਦੋਸ਼ੀ ਡਰਾਈਵਰ ਦੀ ਪਛਾਣ ਐਲੇਕ ਮਿਨਾਸੀਅਨ ਵਜੋਂ ਹੋਈ ਹੈ।
ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਟਰੂਡੋ ਨੇ ਟਵਿਟਰ ‘ਤੇ ਵੀ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਸੀ। ਉਨ੍ਹਾਂ ਟਵਿਟਰ ‘ਤੇ ਲਿੱਖਿਆ ਸੀ, ‘ਇਸ ਘਟਨਾ ਨੇ ਲੋਕਾਂ ਨੂੰ ਡਰਾ ਦਿੱਤਾ ਹੈ ਤੇ ਹਰ ਕੋਈ ਜ਼ਖਮੀਆਂ ਦੇ ਜਲਦ ਠੀਕ ਹੋਣ ਲਈ ਪ੍ਰਾਰਥਨਾ ਕਰ ਰਿਹਾ ਹੈ। ਅਸੀਂ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਸਥਿਤੀ ਨੂੰ ਸੰਭਾਲਣ ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਇਹ ਘਟਨਾ ਦੇਸ਼ ਦੇ ਇਤਿਹਾਸ ‘ਚ ਸਭ ਤੋਂ ਹਿੰਸਕ, ਦੁਖਦ ਤੇ ਮੂਰਖਤਾ ਵਾਲੀ ਹੈ। ਅਸੀਂ ਸਾਰੇ ਆਪਣੇ ਸ਼ਹਿਰਾਂ ਤੇ ਜਨਤਕ ਸਥਾਨਾਂ ‘ਤੇ ਚੱਲਦੇ ਹੋਏ ਸੁਰੱਖਿਅਤ ਰਹਿਣੇ ਚਾਹੀਦੇ ਹਾਂ।’