ਰਿਕਾਰਡ ਤੋੜਿਆ ਤਾਂ ਵਿਰਾਟ ਨੂੰ ਦੇਵਾਂਗਾ ਸ਼ੈਂਪੇਨ : ਸਚਿਨ

ਨਵੀਂ ਦਿੱਲੀ : ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸਟਾਰ ਖਿਡਾਰੀ ਤੇ ਤਿੰਨਾਂ ਸਵਰੂਪਾਂ ਵਿਚ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਉਸ ਦੇ ਵੱਡੇ ਸਵਰੂਪ ‘ਚ 49 ਸੈਂਕੜਿਆਂ ਦੇ ਰਿਕਾਰਡ ਨੂੰ ਤੋੜਨ ‘ਤੇ ਸ਼ੈਂਪੇਨ ਦੀ ਬੋਤਲ ਦਾ ਤੋਹਫਾ ਦੇਣ ਦਾ ਵਾਅਦਾ ਕੀਤਾ।
ਦੇਸ਼ ਤੇ ਦੁਨੀਆ ਦੇ ਬਿਹਤਰੀਨ ਕ੍ਰਿਕਟਰਾਂ ਵਿਚ ਸ਼ਾਮਲ ਹੋ ਚੁੱਕਾ ਵਿਰਾਟ ਫਿਲਹਾਲ ਭਾਰਤੀ ਟੀਮ ਦਾ ਸਰਵਸ੍ਰੇਸ਼ਠ ਸਕੋਰਰ ਵੀ ਹੈ ਤੇ ਸਚਿਨ ਤੋਂ ਬਾਅਦ ਵਨ ਡੇ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ ਸੈਂਕੜਿਆਂ ਦੇ ਮਾਮਲੇ ਵਿਚ 35 ਸੈਂਕੜਿਆਂ ਨਾਲ ਦੂਜੇ ਨੰਬਰ ‘ਤੇ ਹੈ, ਜਦਕਿ ਸਚਿਨ ਵਨ ਡੇ ਵਿਚ 49 ਸੈਂਕੜਿਆਂ ਨਾਲ ਸਭ ਤੋਂ ਅੱਗੇ ਹੈ।
ਮੰਗਲਵਾਰ 45 ਸਾਲ ਦੇ ਹੋਏ ਸਚਿਨ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਜੇਕਰ ਵਿਰਾਟ ਮੇਰਾ ਰਿਕਾਰਡ ਤੋੜ ਦੇਵੇਗਾ ਤਾਂ ਮੈਂ ਖੁਦ ਜਾ ਕੇ ਉਸ ਨੂੰ ਸ਼ੈਂਪੇਨ ਦੀ ਬੋਤਲ ਦੇਵਾਂਗਾ। ਮੈਂ ਉਸ ਨੂੰ ਸ਼ੈਂਪੇਨ ਦੀ ਬੋਤਲ ਭੇਜਾਂਗਾ ਨਹੀਂ ਸਗੋਂ ਖੁਦ ਜਾ ਕੇ ਉਸ ਦੇ ਨਾਲ ਸ਼ੈਂਪੇਨ ਪੀਵਾਂਗਾ।
ਸਾਲ 2017 ਦੀ ਸ਼ੁਰੂਆਤ ਤੋਂ ਹੁਣ ਤਕ ਵਿਰਾਟ ਨੇ 9 ਵਨ ਡੇ ਸੈਂਕੜੇ ਬਣਾਏ ਤੇ ਫਿਲਹਾਲ ਇਸ ਸਵਰੂਪ ਵਿਚ ਉਸ ਦੇ ਨਾਂ 35 ਸੈਂਕੜੇ ਹਨ। ਉਹ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਰਿਕੀ ਪੋਂਟਿੰਗ ਦੇ 30 ਸੈਂਕੜਿਆਂ ਤੇ ਸ਼੍ਰੀਲੰਕਾ ਦੇ ਸਨਤ ਜੈਸੂਰੀਆ ਦੇ 28 ਸੈਂਕੜਿਆਂ ਦੇ ਰਿਕਾਰਡ ਨੂੰ ਪਹਿਲਾਂ ਹੀ ਤੋੜ ਚੁੱਕਾ ਹੈ।