ਵੈਨ ਹਮਲੇ ਦੇ ਪੀੜਤਾਂ ਲਈ ਇਕੱਠੇ ਕੀਤੇ ਜਾ ਰਹੇ ਫੰਡ ਦਾ ਅੰਕੜਾ 10 ਲੱਖ ਡਾਲਰ ਪਾਰ

ਟੋਰਾਂਟੋ : ਬੀਤੇ ਸੋਮਵਾਰ ਨੂੰ ਉੱਤਰੀ ਟੋਰਾਂਟੋ ‘ਚ ਹੋਏ ਵੈਨ ਹਮਲੇ ਤੋਂ ਬਾਅਦ ਕੈਨੇਡਾ ਵਾਸੀਆਂ ਵਲੋਂ ਇਸ ਹਮਲੇ ਦੇ ਪੀੜਤਾਂ ਦੀ ਮਦਦ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇਹ ਫੰਡ 10 ਲੱਖ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। #ਟੋਰਾਂਟੋਸਟ੍ਰੋਂਗ ਫੰਡ ਇਨ੍ਹਾਂ ਪੈਸਿਆਂ ਨੂੰ ਬਿਨਾਂ ਮੁਨਾਫੇ ਵਾਲੀ ਚੈਰੀਟੇਬਲ ਏਜੰਸੀ ਵਿਕਟਮ ਸਰਵਿਸ ਨੂੰ ਦੇਵੇਗਾ, ਜੋ ਏਜੰਸੀ ਅਪਰਾਧ ਤੇ ਤਬਾਹੀ ਦੇ ਪੀੜਤਾਂ ਦੀ ਮਦਦ ਕਰਦੀ ਹੈ। ਇਸ ਦੇ ਨਾਲ ਹੀ ਹੋਰ ਸੰਸਥਾਵਾਂ ਵੀ ਇਸ ਹਮਲੇ ਦੇ ਪੀੜਤਾਂ ਲਈ ਫੰਡ ਇਕੱਠੇ ਕਰ ਰਹੀਆਂ ਹਨ।
ਇਕ ਪੱਤਰਕਾਰ ਏਜੰਸੀ ਨਾਲ ਮੁਲਾਕਾਤ ਦੌਰਾਨ ਮੇਅਰ ਜੌਨ ਟੌਰੀ ਨੇ ਕਿਹਾ, ”ਬਹੁਤ ਸਾਰੇ ਲੋਕ ਮੈਨੂੰ ਪੁੱਛ ਰਹੇ ਹਨ ਕਿ ਉਹ ਪੀੜਤਾਂ ਦੀ ਮਦਦ ਲਈ ਕੀ ਕਰ ਸਕਦੇ ਹਨ? ਕਈ ਲੋਕ #ਟੋਰਾਂਟੋਸਟ੍ਰੋਂਗ ਫੰਡ ਨੂੰ ਵੀ ਦਾਨ ਕਰ ਰਹੇ ਹਨ।”
ਸ਼ੁੱਕਰਵਾਰ ਨੂੰ ਨਾਰਥ ਯਾਰਕ ਦੇ ਯੋਂਗ ਸਟ੍ਰੀਟ ‘ਤੇ ਹੋਏ ਵੈਨ ਹਮਲੇ ਨੂੰ ਪੰਜ ਦਿਨ ਬੀਤ ਗਏ ਹਨ, ਜਿਸ ਹਮਲੇ ‘ਚ 10 ਲੋਕਾਂ ਦੀ ਮੌਤ ਹੋ ਗਈ ਸੀ ਤੇ 16 ਹੋਰ ਜ਼ਖਮੀ ਹੋ ਗਏ ਸਨ। ਇਸ ਹਮਲੇ ਦੇ ਸਬੰਧ ‘ਚ 25 ਸਾਲਾਂ ਐਲਕ ਮਿਨਸਿਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਸ ‘ਤੇ ਕਤਲ ਦੇ 10 ਮਾਮਲੇ ਤੇ ਕਤਲ ਦੀ ਕੋਸ਼ਿਸ਼ ਦੇ 13 ਮਾਮਲੇ ਦਰਜ ਕੀਤੇ ਗਏ ਹਨ।