ਪੀਆਰ ਸ਼੍ਰੀਜੇਸ਼ ਨੂੰ ਮੁੜ ਹਾਕੀ ਟੀਮ ਦਾ ਕਪਤਾਨ

ਚੰਡੀਗੜ੍ਹ: ਹਾਕੀ ਇੰਡੀਆ ਨੇ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਇੱਕ ਵਾਰ ਮੁੜ ਟੀਮ ਦਾ ਕਪਤਾਨ ਚੁਣਿਆ ਹੈ। ਸ਼੍ਰੀਜੇਸ਼ ਏਸ਼ੀਆਈ ਖੇਡਾਂ ਤੇ ਵਿਸ਼ਵ ਕੱਪ ਸਮੇਤ 2018 ‘ਚ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਵਿੱਚ ਭਾਰਤੀ ਟੀਮ ਦੀ ਕਮਾਨ ਸੰਭਾਲਣਗੇ। ਜਦੋਂਕਿ ਮਹਿਲਾ ਟੀਮ ਦੀ ਕਪਤਾਨੀ ਰਾਣੀ ਰਾਮਪਾਲ ਦੇ ਹੱਥ ਵਿੱਚ ਹੀ ਰਹੇਗੀ।
ਸ਼੍ਰੀਜੇਸ਼ ਦੀ ਅਗਵਾਈ ਵਿੱਚ ਭਾਰਤ ਨੇ 2016 ਦੌਰਾਨ ਐਫਆਈਐਚ ਚੈਂਪੀਅਨਜ਼ ਟਰਾਫ਼ੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਰੀਓ ਓਲੰਪਿਕ 2016 ਵਿੱਚ ਵੀ ਸ਼੍ਰੀਜੇਸ਼ ਟੀਮ ਦੇ ਕਪਤਾਨ ਸਨ। ਸੱਟ ਕਾਰਨ ਸ਼੍ਰੀਜੇਸ਼ ਲੰਬਾ ਸਮਾਂ ਟੀਮ ਤੋਂ ਬਾਹਰ ਸਨ। ਸ਼੍ਰੀਜੇਸ਼ ਦੀ ਗ਼ੈਰ-ਮੌਜੂਦਗੀ ਵਿੱਚ ਟੀਮ ਦੀ ਅਗਵਾਈ ਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਸੀ।
ਹਾਲਾਂਕਿ ਕਾਮਨਵੈਲਥ ਖੇਡਾਂ ‘ਚ ਸ੍ਰੀਜੇਸ਼ ਟੀਮ ਦਾ ਹਿੱਸਾ ਸਨ। ਸ਼੍ਰੀਜੇਸ਼ 18 ਅਗਸਤ ਤੋਂ ਦੋ ਸਤੰਬਰ ਤਕ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਇਲਾਵਾ 28 ਨਵੰਬਰ ਤੋਂ 16 ਦਸੰਬਰ ਤਕ ਭੁਵਨੇਸ਼ਵਰ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੌਰਾਨ ਟੀਮ ਦੀ ਅਗਵਾਈ ਕਰਨਗੇ।
ਰਾਣੀ 2018 ਦੇ ਬਾਕੀ ਸਾਰੇ ਟੂਰਨਾਮੈਂਟਾਂ ਵਿੱਚ ਕਪਤਾਨ ਬਣੀ ਰਹੇਗੀ, ਜਿਨ੍ਹਾਂ ਵਿੱਚ ਲੰਡਨ ਵਿੱਚ ਜੁਲਾਈ ਦੌਰਾਨ ਹੋਣ ਵਾਲਾ ਮਹਿਲਾ ਹਾਕੀ ਵਿਸ਼ਵ ਕੱਪ ਤੇ 18ਵੀਆਂ ਏਸ਼ੀਆਈ ਖੇਡਾਂ ਵੀ ਸ਼ਾਮਲ ਹਨ। ਰਾਣੀ ਨੇ ਆਪਣੀ ਕਪਤਾਨੀ ਦੌਰਾਨ ਭਾਰਤ ਨੂੰ ਏਸ਼ੀਆ ਕੱਪ ਖ਼ਿਤਾਬ ਦਿਵਾਇਆ ਸੀ। ਰਾਣੀ ਦੀ ਅਗਵਾਈ ਵਿੱਚ ਸੀਨੀਅਰ ਮਹਿਲਾ ਟੀਮ ਰੈਂਕਿੰਗਜ਼ ਵਿੱਚ 12ਵੇਂ ਤੋਂ 10ਵੇਂ ਨੰਬਰ ’ਤੇ ਪਹੁੰਚੀ ਹੈ। ਉਸ ਦੀ ਕਮਾਨ ਹੇਠ ਟੀਮ ਰਾਸ਼ਟਰਮੰਡਲ ਖੇਡਾਂ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੀ ਸੀ।
ਮਨਪ੍ਰੀਤ ਦੀ ਅਗਵਾਈ ਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਟੀਮ ਕਾਮਨਵੈਲਥ ਖੇਡਾਂ ਵਿੱਚ ਤਗ਼ਮਾ ਹਾਸਿਲ ਨਹੀਂ ਕਰ ਸਕੀ ਸੀ।