4 ਸਾਲਾ ਬੱਚੇ ਦੀਆਂ ਸ਼ਾਨਦਾਰ ਪੇਂਟਿੰਗਾਂ ਨੇ ਜਿੱਤਿਆ ਸਭ ਦਾ ਦਿਲ

ਓਟਾਵਾ : ਕੈਨੇਡਾ ਦੇ ਸੂਬੇ ਨਿਊ ਬਰਨਸਵਿਕ ਵਿਚ ਰਹਿੰਦੇ 4 ਸਾਲਾ ਬੱਚੇ ਨੇ ਆਪਣੀਆਂ ਪੇਂਟਿੰਗਾਂ ਨਾਲ ਇਕ ਵੱਖਰੀ ਪਛਾਣ ਬਣਾਈ ਹੈ। ਚਾਰ ਸਾਲਾ ਅਦਵੇਤ ਕੋਲਾਰਕਰ ਜਦੋਂ ਖੇਡ ਨਹੀਂ ਰਿਹਾ ਹੁੰਦਾ ਜਾਂ ਕਿਤਾਬਾਂ ਨਹੀਂ ਪੜ੍ਹ ਰਿਹਾ ਹੁੰਦਾ ਤਾਂ ਉਹ ਚਿੱਤਰਕਾਰੀ ਕਰਨ ਲਈ ਪੇਂਟ, ਕੈਨਵਾਸ ਦੀ ਵਰਤੋਂ ਨਾਲ ਪੇਂਟਿੰਗ ਕਰਦਾ ਹੈ। ਇਹ ਪ੍ਰੀਸਕੂਲਰ ਬੱਚਾ ਪਹਿਲਾਂ ਹੀ ਹਜ਼ਾਰਾਂ ਡਾਲਰਾਂ ਵਿਚ ਆਪਣੀਆਂ ਪੇਂਟਿੰਗਾਂ ਵੇਚ ਰਿਹਾ ਹੈ। ਇਸ ਦੇ ਇਲਾਵਾ ਅਦਵੇਤ ਦੀਆਂ ਬਣਾਈਆਂ ਪੇਂਟਿੰਗਾਂ ਤਿੰਨ ਪ੍ਰਦਰਸ਼ਨੀਆਂ ਵਿਚ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਅਦਵੇਤ ਦੀ ਮਾਂ ਸ਼ਰੂਤੀ ਨੇ ਐਤਵਾਰ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ,”ਅਦਵੇਤ ਨੇ ਜਦੋਂ ਪਹਿਲੀ ਵਾਰੀ ਪੇਂਟ ਬੁਰਸ਼ ਉਠਾਇਆ ਸੀ, ਉਦੋਂ ਉਹ ਇਕ ਸਾਲ ਤੋਂ ਵੀ ਛੋਟੀ ਉਮਰ ਦਾ ਸੀ। ਉਸ ਵਿਚ ਰਚਨਾ ਕਰਨ ਅਤੇ ਰੰਗਾਂ ਨੂੰ ਸਮਝਣ ਦੀ ਭਾਵਨਾ ਸੀ।” ਸ਼ਰੂਤੀ ਨੇ ਦੱਸਿਆ ਕਿ ਅਦਵੇਤ ਨੇ ਇਕ ਸਾਲ ਦੀ ਉਮਰ ਵਿਚ ‘ਅਦਭੁੱਤ ਰਚਨਾਵਾਂ’ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਆਪਣੀਆਂ ਰਚਨਾਵਾਂ ਨਾਲ ਉਸ ਨੇ ਭਾਰਤ ਵਿਚ ਆਪਣੇ ਜੱਦੀ ਸ਼ਹਿਰ ਪੁਣੇ ਦੇ ਇਕ ਗੈਲਰੀ ਕਿਊਰੇਟਰ ਦਾ ਧਿਆਨ ਆਕਰਸ਼ਿਤ ਕੀਤਾ। 6 ਮਹੀਨੇ ਤੱਕ ਅਦਵੇਤ ਨੂੰ ਦੇਖਣ ਮਗਰੋਂ ਆਰਟ2 ਡੇਅ ਗੈਲਰੀ ਨੇ ਅਦਵੇਤ ਦੀ ਪਹਿਲੀ ਪ੍ਰਦਰਸ਼ਨੀ ਦੀ ਮੇਜ਼ਬਾਨੀ ਕੀਤੀ। ਉਸ ਸਮੇਂ ਅਦਵੇਤ ਸਿਰਫ ਦੋ ਸਾਲ ਦਾ ਸੀ। ਸਾਲ 2016 ਵਿਚ ਉਨ੍ਹਾਂ ਦਾ ਪਰਿਵਾਰ ਕੁਝ ਸਮਾਂ ਪਹਿਲਾਂ ਹੀ ਸੈਂਟ ਜੌਨ ਨਿਊ ਬ੍ਰਨਸਵੀਕ (ਐੱਨ. ਬੀ.) ਵਿਚ ਸ਼ਿਫਟ ਹੋਇਆ ਸੀ।
ਇਸ ਮਹੀਨੇ ਦੀ ਸ਼ੁਰੂਆਤ ਵਿਚ ਅਦਵੇਤ ਨੇ ਆਰਟੈਕਸਪੋ ਨਿਊਯਾਰਕ ਵਿਚ ਆਪਣੀਆਂ ਪੇਂਟਿੰਗਾਂ ਸਾਂਝੀਆਂ ਕੀਤੀਆਂ ਸਨ, ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਕਲਾ ਬਾਜ਼ਾਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਪ੍ਰਦਰਸ਼ਨੀ ਵਿਚ 400 ਤੋਂ ਵੱਧ ਕਲਾਕਾਰਾਂ ਅਤੇ ਪ੍ਰਕਾਸ਼ਕਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸ਼ਰੂਤੀ ਨੇ ਕਿਹਾ,”ਉਹ ਅਸਲ ਵਿਚ ਪ੍ਰਸਿੱਧ ਕਲਾਕਾਰ ਹਨ ਪਰ ਜਦੋਂ ਉਹ ਆਪਣੇ ਬੇਟੇ ਨੂੰ ਇਨ੍ਹਾਂ ਕਲਾਕਾਰਾਂ ਨਾਲ ਕੰਮ ਕਰਦੇ ਦੇਖਦੀ ਹੈ ਤਾਂ ਉਹ ਮਾਣ ਮਹਿਸੂਸ ਕਰਦੀ ਹੈ।” ਅਦਵੇਤ ਨੇ ਇਸ ਪ੍ਰਦਰਸ਼ਨੀ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਕਰਸ਼ਿਤ ਕੀਤਾ।
ਇਕ ਅਮਰੀਕੀ ਕਲਾਕਾਰ ਹਾਵਰਡ ਸੂਕਰ, ਜੋ ਆਰਟੈਕਸਪੋ ਪ੍ਰਦਰਸ਼ਨੀ ਵਿਚ ਪਹਿਲੀ ਵਾਰੀ ਭਾਗ ਲੈ ਰਹੇ ਸਨ, ਉਨ੍ਹਾਂ ਨੇ ਅਦਵੇਤ ਨਾਲ ਮੁਲਾਕਾਤ ਕੀਤੀ। ਸੂਕਰ ਨੇ ਕਿਹਾ ਕਿ ਸਾਡੀ ਉਮਰ ਵਿਚ 75 ਸਾਲ ਦਾ ਅੰਤਰ ਹੋਣ ਦੇ ਬਾਵਜੂਦ ਮੈਂ ਅਦਵੇਤ ਨਾਲ ਇਕ ਰਿਸ਼ਤਾ ਜਿਹਾ ਮਹਿਸੂਸ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਰੇ ਅਤੇ ਅਦਵੇਤ ਵਿਚ ਇਕ ਗੱਲ ਮੇਲ ਖਾਂਦੀ ਸੀ ਕਿ ਅਸੀਂ ਦੋਹਾਂ ਨੇ ਦੋ ਸਾਲ ਪਹਿਲਾਂ ਹੀ ਪੇਂਟਿੰਗ ਦੀ ਸ਼ੁਰੂਆਤ ਕੀਤੀ ਸੀ। ਫਰਕ ਸਿਰਫ ਐਨਾ ਹੈ ਕਿ ਮੈਂ 79 ਸਾਲ ਦਾ ਹਾਂ ਅਤੇ ਉਹ ਚਾਰ ਸਾਲ ਦਾ ਹੈ।” ਉਨ੍ਹਾਂ ਨੇ ਕਿਹਾ,”ਮੈਂ ਸਮਝਦਾ ਹਾਂ ਕਿ ਇਸ ਨੌਜਵਾਨ ਵਿਚ ਵਿਲੱਖਣ ਪ੍ਰਤਿਭਾ ਹੈ।”
ਸ਼ਰੂਤੀ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਸ ਦੇ ਬੇਟੇ ਦਾ ਕੰਮ ਮਾਨਤਾ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਅਦਵੇਤ ਨੇ ਆਪਣੀਆਂ ਪੇਂਟਿੰਗਾਂ ਵੇਚ ਕੇ 23,000 ਡਾਲਰ ਦੀ ਕਮਾਈ ਕੀਤੀ ਹੈ। ਸ਼ਰੂਤੀ ਮੁਤਾਬਕ ਅਗਲੇ ਸਾਲ ਤੋਂ ਅਦਵੇਤ ਦੇ ਐਲੀਮੈਂਟਰੀ ਸਕੂਲ ਦੀ ਸ਼ੁਰੂਆਤ ਹੋ ਜਾਵੇਗੀ। ਉਸ ਨੂੰ ਨਹੀਂ ਪਤਾ ਕਿ ਉਸ ਦਾ ਭਵਿੱਖ ਕੀ ਹੋਵੇਗਾ। ਸ਼ਰੂਤੀ ਮੁਤਾਬਕ ਜੇ ਅਦਵੇਤ ਭਵਿੱਖ ਵਿਚ ਪੇਂਟਿੰਗ ਨੂੰ ਆਪਣੇ ਕੈਰੀਅਰ ਵਜੋਂ ਅਪਨਾਉਣਾ ਚਾਹੁੰਦਾ ਹੈ ਤਾਂ ਪੂਰਾ ਪਰਿਵਾਰ ਉਸ ਦਾ ਸਮਰਥਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਸਾਡੇ ਬੇਟੇ ਦੀ ਖੁਸ਼ੀ ਮਹੱਤਵਪੂਰਣ ਹੈ।