ਵੈਨਕੂਵਰ ‘ਚ 4 ਵਿਅਕਤੀਆਂ ‘ਤੇ ਹੋਇਆ ਜਾਨਲੇਵਾ ਹਮਲਾ, ਦੋਸ਼ੀ ਹਿਰਾਸਤ ‘ਚ

ਵੈਨਕੂਵਰ : ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ਸ਼ੁੱਕਰਵਾਰ ਰਾਤ ਨੂੰ ਪੁਲਸ ਨੇ ਇਕ ਦੋਸ਼ੀ ਨੂੰ ਹਿਰਾਸਤ ‘ਚ ਲਿਆ, ਜਿਸ ਨੇ 4 ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ ਸੀ। ਪੁਲਸ ਨੇ 23 ਸਾਲਾ ਵੈਨਕੂਵਰ ਨਿਵਾਸੀ ਜੋਸ਼ੂਆ ਡੇਵਿਡ ਮੈਨੇਨੀਅਰ ਨੂੰ ਹਿਰਾਸਤ ‘ਚ ਲਿਆ ਅਤੇ ਇਸ ਵਿਰੁੱਧ 4 ਵਿਅਕਤੀਆਂ ‘ਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਕ ਹਮਲਾਵਰ ਨੇ ਸ਼ਹਿਰ ਦੇ ਡਾਊਨਟਾਊਨ ਈਸਟਸਾਈਡ ‘ਚ ਸ਼ੁੱਕਰਵਾਰ ਰਾਤ ਨੂੰ 10-10 ਮਿੰਟਾਂ ਦੇ ਅੰਤਰ ਦੌਰਾਨ 4 ਵਿਅਕਤੀਆਂ ਨੂੰ ਚਾਕੂ ਮਾਰ ਕੇ ਜ਼ਖਮੀ ਕੀਤਾ।
50 ਸਾਲਾ ਵਿਅਕਤੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਰਾਤ ਦੇ 8.20 ‘ਤੇ ਹਮਲਾਵਰ ਨੇ ਪਿੱਛਿਓਂ ਆ ਕੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਜ਼ਖਮੀ ਹੋਇਆ ਪਰ ਡੂੰਘੇ ਜ਼ਖਮ ਲੱਗਣ ਤੋਂ ਬਚਾਅ ਹੋ ਗਿਆ। ਇਸ ਦੇ 10 ਮਿੰਟਾਂ ਬਾਅਦ ਹੀ ਹਮਲਾਵਰ ਨੇ 56 ਸਾਲਾ ਵਿਅਕਤੀ ‘ਤੇ ਚਾਕੂ ਨਾਲ ਹਮਲਾ ਕੀਤਾ। ਇਸ ਮਗਰੋਂ ਉਸ ਨੇ ਸ਼ਾਮ 8.40 ਵਜੇ 80 ਸਾਲਾ ਬਜ਼ੁਰਗ ਔਰਤ ਨੂੰ ਜ਼ਖਮੀ ਕਰ ਦਿੱਤਾ। ਉਸ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਅਤੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਖਤਰੇ ‘ਚੋਂ ਬਾਹਰ ਹੈ। ਬਜ਼ੁਰਗ ਔਰਤ ਦੀ ਗਰਦਨ ‘ਤੇ ਜ਼ਖਮ ਹਨ। ਇਸ ਤੋਂ ਬਾਅਦ ਹਮਲਾਵਰ ਨੇ 24 ਸਾਲਾ ਵਿਅਕਤੀ ‘ਤੇ ਚਾਕੂ ਨਾਲ ਉਸ ਦੇ ਚਿਹਰੇ ‘ਤੇ ਹਮਲਾ ਕੀਤਾ। ਜਦ ਪੁਲਸ ਨੂੰ ਪਹਿਲੇ ਹਮਲੇ ਬਾਰੇ ਖਬਰ ਮਿਲੀ ਸੀ ਤਾਂ ਉਨ੍ਹਾਂ ਨੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਅਤੇ ਚੌਥੇ ਵਿਅਕਤੀ ‘ਤੇ ਹਮਲਾ ਕਰਕੇ ਜਦ ਹਮਲਾਵਰ ਦੌੜਨ ਲੱਗਾ ਤਾਂ ਪੁਲਸ ਨੇ ਉਸ ਨੂੰ ਦਬੋਚ ਲਿਆ। ਅਜੇ ਵੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।
ਤੁਹਾਨੂੰ ਦੱਸ ਦਈਏ ਕਿ ਟੋਰਾਂਟੋ ‘ਚ ਪਿਛਲੇ ਸੋਮਵਾਰ ਨੂੰ ਇਕ ਸਿਰਫਿਰੇ ਵਿਅਕਤੀ ਨੇ ਲੋਕਾਂ ‘ਤੇ ਵੈਨ ਚੜ੍ਹਾ ਕੇ 10 ਲੋਕਾਂ ਦੀ ਜਾਨ ਲੈ ਲਈ ਅਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ। ਹੁਣ ਵੈਨਕੂਵਰ ‘ਚ ਜਾਨਲੇਵਾ ਹਮਲੇ ਦੀਆਂ ਘਟਨਾਵਾਂ ਵਾਪਰਨ ਕਾਰਨ ਲੋਕ ਬਹੁਤ ਡਰ ਗਏ ਹਨ। ਫਿਲਹਾਲ ਦੋਸ਼ੀ ਹਿਰਾਸਤ ‘ਚ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

EDITED BY

Leave a Reply

Your email address will not be published. Required fields are marked *