ਪਾਬੰਦੀ ਦੇ ਵਿਰੋਧ ‘ਚ ਈਰਾਨੀ ਔਰਤਾਂ ਨਕਲੀ ਦਾੜ੍ਹੀ ਲਗਾ ਕੇ ਪਹੁੰਚੀਆਂ ਫੁੱਟਬਾਲ ਸਟੇਡੀਅਮ

ਤੇਹਰਾਨ : ਈਰਾਨ ਵਿਚ ਸੋਮਵਾਰ ਨੂੰ ਇਕ ਫੁੱਟਬਾਲ ਸਟੇਡੀਅਮ ਵਿਚ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਅਸਲ ਵਿਚ ਇੱਥੇ ਚੱਲ ਰਹੇ ਪੁਰਖਾਂ ਦੇ ਫੁੱਟਬਾਲ ਮੈਚ ਵਿਚ ਮਹਿਲਾ ਪ੍ਰਸ਼ੰਸਕਾਂ ਨੇ ‘ਫੀਮੇਲ ਫੈਨਸ’ ‘ਤੇ ਪਾਬੰਦੀ ਲਗਾਏ ਜਾਣ ਦਾ ਵਿਰੋਧ ਕਰਨ ਲਈ ਇਕ ਵਿਲੱਖਣ ਤਰੀਕਾ ਕੱਢਿਆ। ਇਨ੍ਹਾਂ ਸਾਰੀਆਂ ਫੁੱਟਬਾਲ ਪ੍ਰਸ਼ੰਸਕ ਔਰਤਾਂ ਨੇ ਪਾਬੰਦੀ ਲਗਾਏ ਜਾਣ ਦੇ ਵਿਰੋਧ ਵਿਚ ਨਕਲੀ ਦਾੜ੍ਹੀ ਅਤੇ ਨਕਲੀ ਵਾਲ ਲਗਾ ਕੇ ਸਟੇਡੀਅਮ ਵਿਚ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਸੋਮਵਾਰ ਨੂੰ ਉਨ੍ਹਾਂ ਦੇ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਲੋਕਾਂ ਨੇ ਬਹੁਤ ਸਾਹਸੀ ਅਤੇ ਨਿਡਰ ਕਦਮ ਕਰਾਰ ਦਿੱਤਾ।
ਤੇਹਰਾਨ ਦੇ ਆਜ਼ਾਦੀ ਸਟੇਡੀਅਮ ਵਿਚ ਬੈਠੇ ਇਨ੍ਹਾਂ ਖਾਸ ਪ੍ਰਸ਼ੰਸਕਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਵਾਇਰਲ ਹੋ ਰਹੀਆਂ ਹਨ। ਦੱਸਣਯੋਗ ਹੈ ਕਿ ਇਸਲਾਮੀ ਗਣਰਾਜ ਨੇ ਪੁਰਖ ਫੁੱਟਬਾਲ ਮੈਚਾਂ ਅਤੇ ਪੁਰਖਾਂ ਦੀਆਂ ਹੋਰ ਖੇਡਾਂ ਵਿਚ ਔਰਤਾਂ ਦੀ ਹਿੱਸੇਦਾਰੀ ‘ਤੇ ਲੰਬੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਮਹਿਲਾ ਫੈਨਸ ਅਤੇ ਦਰਸ਼ਕਾਂ ਦੇ ਰੂਪ ਵਿਚ ਸਟੇਡੀਅਮ ਵਿਚ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਈਰਾਨੀ ਔਰਤਾਂ ਦੇ ਅਧਿਕਾਰ ਦੀ ਕਾਰਜ ਕਰਤਾ ਅਤੇ ਗਾਇਕ ਮੇਲੋਡੀ ਸਫਵੀ ਨੇ ਦੱਸਿਆ,”ਮੈਨੂੰ ਉਨ੍ਹਾਂ ਔਰਤਾਂ ‘ਤੇ ਮਾਣ ਹੈ। ਮੈਂ ਉਨ੍ਹਾਂ ਤੋਂ ਪ੍ਰਭਾਵਿਤ ਹਾਂ ਕਿ ਉਹ ਇੰਨੀਆਂ ਨਿਡਰ ਹੋ ਕੇ ਅਜਿਹਾ ਕਰ ਸਕੀਆਂ ਹਨ।” ਇਕ ਈਰਾਨੀ ਮਹਿਲਾ ਅਧਿਕਾਰਾਂ ਦੀ ਕਾਰਜ ਕਰਤਾ ਸ਼ਦੀ ਅਮੀਨ ਨੇ ਦੱਸਿਆ,”ਇਹ ਔਰਤਾਂ ਰੂੜ੍ਹੀਵਾਦੀ ਸੋਚ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ।” ਉਨ੍ਹਾਂ ਨੇ ਅੱਗੇ ਕਿਹਾ,”ਹੋਰ ਲੋਕਾਂ ਲਈ ਇਹ ਛੋਟਾ ਕਦਮ ਹੈ ਪਰ ਸਾਡੇ ਲਈ ਇਹ ਇਕ ਵੱਡਾ ਕਦਮ ਹੈ। ਕਿਉਂਕਿ ਇਸ ਤਰ੍ਹਾਂ ਦੀ ਕਾਰਵਾਈ ਦੀ ਕੀਮਤ ਚੁਕਾਉਣੀ ਪੈਂਦੀ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਖਤਰਾ ਹੈ।”

Leave a Reply

Your email address will not be published. Required fields are marked *