ਯੂ.ਪੀ. ਬੋਰਡ ਰਿਜ਼ਲਟ: 150 ਸਕੂਲਾਂ ‘ਚੋਂ ਇਕ ਵੀ ਵਿਦਿਆਰਥੀ ਨਹੀਂ ਹੋਇਆ ਪਾਸ

ਆਗਰਾ : ਯੂ.ਪੀ. ਬੋਰਡ ਦੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਐਲਾਨ 2 ਦਿਨ ਪਹਿਲਾਂ ਹੋ ਚੁਕਿਆ ਹੈ। ਨਕਲ ਦੇ ਖਿਲਾਫ ਸਖਤੀ ਕਾਰਨ ਇਸ ਵਾਰ ਦੇ ਨਤੀਜੇ ‘ਚ ਪਾਸ ਹੋਏ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਇਕ ਦਹਾਕੇ ‘ਚ ਸਭ ਤੋਂ ਘੱਟ ਰਹੀ। ਹੈਰਾਨੀ ਵਾਲਾ ਤੱਤ ਇਹ ਹੈ ਕਿ ਇਸ ਵਾਰ 150 ਸਕੂਲਾਂ ਦੇ ਸਾਰੇ ਵਿਦਿਆਰਥੀਆਂ ਫੇਲ ਰਹੇ। ਇਨ੍ਹਾਂ ‘ਚੋਂ ਪ੍ਰਾਈਵੇਟ ਦੇ ਨਾਲ-ਨਾਲ ਸਰਕਾਰੀ ਸਕੂਲ ਵੀ ਸ਼ਾਮਲ ਹਨ। ਰਿਪੋਰਟ ਅਨੁਸਾਰ 10ਵੀਂ ‘ਚ 98 ਸਕੂਲਾਂ ‘ਚ ਕੋਈ ਵੀ ਵਿਦਿਆਰਥੀ ਪਾਸ ਨਹੀਂ ਹੋਇਆ। ਉੱਥੇ ਹੀ 12ਵੀਂ ‘ਚ 52 ਸਕੂਲਾਂ ਦੇ ਵਿਦਿਆਰਥੀ ਪਾਸ ਰਹੇ। ਅਜਿਹੇ ਸਕੂਲਾਂ ‘ਚ ਗਾਜੀਪੁਰ ਜ਼ਿਲਾ ਸਭ ਤੋਂ ਅੱਗੇ ਰਿਹਾ, ਜਿੱਥੇ 17 ਸਕੂਲਾਂ ਦਾ ਨਤੀਜਾ ਜ਼ੀਰੋ ਰਿਹਾ। ਉੱਥੇ ਹੀ ਦੂਜੇ ਨੰਬਰ ‘ਤੇ ਆਗਰਾ ਦੇ 9 ਸਕੂਲਾਂ ‘ਚ ਇਕ ਵੀ ਵਿਦਿਆਰਥੀ ਪਾਸ ਨਹੀਂ ਹੋਇਆ। ਇਸ ਤੋਂ ਇਲਾਵਾ 237 ਸਕੂਲਾਂ ‘ਚ 20 ਫੀਸਦੀ ਤੋਂ ਵੀ ਘੱਟ ਵਿਦਿਆਰਥੀ ਪਾਸ ਹੋਏ। ਕੁੱਲ ਮਿਲਾ ਕੇ 10ਵੀਂ ‘ਚ 75.5 ਅਤੇ 12ਵੀਂ ‘ਚ 72.4 ਫੀਸਦੀ ਵਿਦਿਆਰਥੀ ਪਾਸ ਰਹੇ, ਜੋ ਬੀਤੇ ਇਕ ਦਹਾਕੇ ‘ਚ ਸਭ ਤੋਂ ਘੱਟ ਹੈ।
ਸੈਕੰਡਰੀ ਸਿੱਖਿਆ ਵਿਭਾਗ ਅਨੁਸਾਰ ਸਰਕਾਰੀ ਸਕੂਲਾਂ ਅਤੇ ਮਦਦ ਪ੍ਰਾਪਤ ਸਕੂਲਾਂ ‘ਚ 10ਵੀਂ ਦੀ ਪ੍ਰੀਖਿਆ ‘ਚ 72.29 ਅਤੇ 71.55 ਫੀਸਦੀ ਬੱਚੇ ਪਾਸ ਹੋਏ। ਉੱਥੇ ਹੀ ਸੋਇਮ ਪੋਸ਼ਿਤ ਸਕੂਲਾਂ ‘ਚ 77.19 ਫੀਸਦੀ ਬੱਚਿਆਂ ਨੇ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ। ਉੱਥੇ ਹੀ 12ਵੀਂ ‘ਚ ਸਰਕਾਰੀ ਸਕੂਲ ਅਤੇ ਮਦਦ ਪ੍ਰਾਪਤ ਸਕੂਲਾਂ ‘ਚ 80.69 ਅਤੇ 75.14 ਫੀਸਦੀ ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ। ਪ੍ਰਾਈਵੇਟ ਸਕੂਲਾਂ ‘ਚ ਇਹ ਅੰਕੜਾ 70.48 ਫੀਸਦੀ ਰਿਹਾ। ਆਗਰਾ ਦੇ ਸਕੂਲ ਜ਼ਿਲਾ ਨਿਰੀਖਕ ਵਿਨੋਦ ਕੁਮਾਰ ਰਾਏ ਨੇ ਦੱਸਿਆ,”ਜ਼ਿਲੇ ‘ਚ ਹਾਈ ਸਕੂਲ ‘ਚ 7 ਸਕੂਲਾਂ ਦਾ ਨਤੀਜਾ ਜ਼ੀਰੋ ਫੀਸਦੀ ਰਿਹਾ, ਜਦੋਂ ਕਿ 12ਵੀਂ ਦੇ 2 ਸਕੂਲਾਂ ਦਾ ਰਿਜ਼ਲਟ ਜ਼ੀਰੋ ਰਿਹਾ।” ਇਸ ਸਾਲ ਇੰਟਰਮੀਡੀਏਟ ਨਤੀਜੇ ‘ਚ ਆਗਰਾ ਜ਼ਿਲੇ ‘ਚ 65.07 ਫੀਸਦੀ ਬੱਚੇ ਪਾਸ ਰਹੇ, ਜਦੋਂ ਕਿ 10ਵੀਂ ‘ਚ 81.09 ਫੀਸਦੀ।
ਹਿੰਦੀ ‘ਚ 11 ਲੱਖ ਵਿਦਿਆਰਥੀ ਫੇਲ
ਯੂ.ਪੀ. ਬੋਰਡ ਨਤੀਜਿਆਂ ‘ਚ ਕਰੀਬ 11 ਲੱਖ ਵਿਦਿਆਰਥੀ ਮਾਤ ਭਾਸ਼ਾ ਹਿੰਦੀ ‘ਚ ਫੇਲ ਹੋ ਗਏ। ਇਸ ਮਾਮਲੇ ‘ਚ 12ਵੀਂ ਦੇ ਵਿਦਿਆਰਥੀਆਂ ਦੀ ਗਿਣਤੀ 10ਵੀਂ ਤੋਂ ਦੁੱਗਣੀ ਹੈ। ਸੈਕੰਡਰੀ ਸਿੱਖਿਆ ਵਿਭਾਗ ਅਨੁਸਾਰ ਕੁੱਲ 11,19,994 ਵਿਦਿਆਰਥੀਆਂ ‘ਚੋਂ 3,38776 ਵਿਦਿਆਰਥੀ 10ਵੀਂ ਅਤੇ 12ਵੀਂ ‘ਚ 7,81,276 ਵਿਦਿਆਰਥੀ ਹਿੰਦੀ ‘ਚ ਫੇਲ ਰਹੇ।