ਕੈਨੇਡਾ, ਅਮਰੀਕਾ ਮਿਲ ਕੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ‘ਤੇ ਕੱਸਣਗੇ ਸ਼ਿਕੰਜਾ

ਟੋਰਾਂਟੋ : ਨਾਈਜੀਰੀਆ ‘ਚ ਕੈਨੇਡੀਅਨ ਅਧਿਕਾਰੀ ਅਮਰੀਕਾ ਨਾਲ ਮਿਲ ਕੇ ਅਜਿਹੇ ਨਾਈਜੀਰੀਅਨਾਂ ਲਈ ਰਾਹ ਸਖਤ ਕਰਨ ਜਾ ਰਹੇ ਹਨ, ਜਿਨ੍ਹਾਂ ਦਾ ਅਮਰੀਕਾ ਦਾ ਵੀਜ਼ਾ ਹਾਸਲ ਕਰਨ ਤੋਂ ਬਾਅਦ ਕੈਨੇਡਾ ‘ਚ ਗੈਰ-ਕਾਨੂੰਨੀ ਢੰਗ ਨਾਲ ਐਂਟਰ ਹੋਣ ਦਾ ਡਰ ਜ਼ਿਆਦਾ ਰਹਿੰਦਾ ਹੈ। 2018 ‘ਚ ਹੁਣ ਤੱਕ ਵੱਡੀ ਗਿਣਤੀ ‘ਚ ਅਜਿਹੇ ਨਾਈਜੀਰੀਅਨਾਂ ਨੇ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਦੀ ਸਰਹੱਦ ਪਾਰ ਕੀਤੀ ਹੈ ਜਿਹੜੇ ਅਮਰੀਕਾ ਟੂਰਿਸਟ ਵੀਜ਼ੇ ‘ਤੇ ਆਏ ਸਨ।
ਕੈਨੇਡੀਅਨ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਸੰਚਾਰ ਡਾਇਰੈਕਟਰ ਦਾ ਕਹਿਣਾ ਹੈ ਕਿ ਇਹ ਸਾਫ ਹੈ ਕਿ ਅਜਿਹੇ ਲੋਕਾਂ ਨੇ ਸਿਰਫ ਕੈਨੇਡਾ ਆਉਣ ਦੇ ਇਰਾਦੇ ਨਾਲ ਇਨ੍ਹਾਂ ਵੀਜ਼ਿਆਂ ਨੂੰ ਅਪਲਾਈ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੈਨੇਡਾ ਅਮਰੀਕਾ ਨਾਲ ਮਿਲ ਕੇ ਅਜਿਹੇ ਯਾਤਰੀਆਂ ‘ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ‘ਚ ਹੈ, ਜੋ ਅਮਰੀਕਾ ਦਾ ਵੀਜ਼ਾ ਕੈਨੇਡਾ ‘ਚ ਦਾਖਲ ਹੋਣ ਦੀ ਇਕ ਟਿਕਟ ਸਮਝਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪਨਾਹ ਦੇ ਤੌਰ ‘ਤੇ ਅਮਰੀਕਾ ਵੀਜ਼ੇ ਦੀ ਵਰਤੋਂ ਕਰਨਾ ਗਲਤ ਹੈ। ਇਸ ਲਈ ਨਾਈਜੀਰੀਆ ਵਿਚਲੇ ਕੈਨੇਡੀਅਨ ਅਧਿਕਾਰੀ ਅਮਰੀਕੀ ਅਧਿਕਾਰੀਆਂ ਨਾਲ ਮਿਲ ਕੇ ਅਜਿਹੇ ਨਾਈਜੀਰੀਅਨ ਲੋਕਾਂ ‘ਤੇ ਸ਼ਿਕੰਜਾ ਕੱਸਣ ਲਈ ਸਖਤ ਕਦਮ ਚੁੱਕਣ ਲਈ ਕੰਮ ਕਰ ਰਹੇ ਹਨ।