ਐਮਰਜੰਸੀ ਅਲਰਟ ਸਿਸਟਮ ਦਾ ਜਲਦ ਹੋਵੇਗਾ ਟੈਸਟ, ਵੱਜੇਗੀ ਫੋਨ ‘ਤੇ ਚਿਤਾਵਨੀ ਦੀ ਘੰਟੀ

ਟੋਰਾਂਟੋ : ਕੈਨੇਡਾ ‘ਚ ਨਵੇਂ ਜਨਤਕ ਐਮਰਜੰਸੀ ਅਲਰਟ ਸਿਸਟਮ ਨੂੰ ਟੈਸਟ ਕਰਨ ਲਈ ਲੱਖਾਂ ਮੋਬਾਇਲ ਫੋਨਾਂ, ਟੈਬਲੈੱਟਾਂ ਤੇ ਹੋਰ ਪੋਰਟੇਬਲ ਡਿਵਾਇਸਾਂ ‘ਤੇ ਸੰਦੇਸ਼ ਭੇਜੇ ਜਾਣਗੇ। ਦੇਸ਼ ਦੇ ਬ੍ਰਾਡਕਾਸਟ ਤੇ ਟੈਲਕਮ ਰੈਗੁਲੇਟਰ ਨੇ ਦੱਸਿਆ ਕਿ ਇਸ ਟੈਸਟ ਦੇ ਸਬੰਧ ‘ਚ ਓਨਟਾਰੀਓ ਤੇ ਕਿਊਬੈਕ ‘ਚ ਸੋਮਵਾਰ ਨੂੰ ਤੇ ਬੁੱਧਵਾਰ ਨੂੰ ਪੂਰੇ ਕੈਨੇਡਾ ‘ਚ ਅਲਰਟ ਮੈਸੇਜ ਭੇਜੇ ਜਾਣਗੇ।
ਜਾਣਕਾਰੀ ਮੁਤਾਬਕ ਇਹ ਸੰਦੇਸ਼ ਐਲ.ਟੀ.ਈ. ਨੈਟਵਰਕ ਨਾਲ ਜੁੜੇ ਸਾਰੇ ਡਿਵਾਈਸਾਂ ‘ਤੇ ਭੇਜੇ ਜਾਣਗੇ ਤੇ ਇਸ ਦੇ ਨਾਲ ਦੀ ਅਲਰਟ ਉਸ ਖੇਤਰ ਦੇ ਟੀਵੀ ਤੇ ਰੇਡੀਓ ਸਟੇਸ਼ਨਾਂ ‘ਤੇ ਵੀ ਪ੍ਰਸਾਰਿਤ ਕੀਤੇ ਜਾਣਗੇ। ਸਾਰੇ ਵਾਇਰਲੈੱਸ ਸਰਵਿਸ ਪ੍ਰੋਵਾਇਡਰਾਂ ਨੂੰ ਨੈਸ਼ਨਲ ਵਾਰਨਿੰਗ ਸਿਸਟਮ, ਜਿਸ ਨੂੰ ਅਲਰਟ ਰੈਡੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਤਹਿਤ 6 ਅਪ੍ਰੈਲ ਤੋਂ ਪਹਿਲਾਂ ਐਮਰਜੰਸੀ ਸੰਦੇਸ਼ ਭੇਜਣ ਦੀ ਤਿਆਰੀ ਕਰਨ ਲਈ ਕਿਹਾ ਗਿਆ ਸੀ।
ਇਹ ਅਲਰਟ ਮੈਸੇਜ ਐਮਰਜੰਸੀ ਮੈਨੇਜਮੈਂਟ ਦੇ ਅਧਿਕਾਰੀਆਂ ਵਲੋਂ ਨਿਯੰਤ੍ਰਿਤ ਕੀਤੇ ਜਾਣਗੇ, ਜਿਨ੍ਹਾਂ ‘ਚ ਜਨਤਾ ਨੂੰ ਹੋਣ ਵਾਲੇ ਖਤਰਿਆਂ ਦੇ ਸੰਬਧ ‘ਚ ਅਲਰਟ ਭੇਜੇ ਜਾਣਗੇ, ਜਿਵੇਂ ਟੋਰਨੇਡੋ, ਹੜ੍ਹ ਤੇ ਅੱਗ। ਇਸ ਦੇ ਨਾਲ ਹੀ ਪਾਣੀ ਦੀ ਗੰਦਗੀ ਸਬੰਧੀ ਚਿਤਾਵਨੀਆਂ ਵੀ ਇਸ ਅਲਰਟ ਸਿਸਟਮ ਰਾਹੀਂ ਭੇਜੀਆਂ ਜਾਣਗੀਆਂ।