ICC ਰੈਂਕਿੰਗ ’ਚ ਭਾਰਤ ਨੂੰ ਝਟਕਾ, ਇੰਗਲੈਂਡ ਨੇ ਮੱਲਿਆ ਪਹਿਲਾ ਸਥਾਨ

ਨਵੀਂ ਦਿੱਲੀ: ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਭਾਰਤੀ ਟੀਮ ਆਪਣਾ ਪਹਿਲਾ ਸਥਾਨ ਖੁੰਝਾ ਬੈਠੀ ਹੈ। ਇਸ ਦੇ ਨਾਲ ਹੀ ICC ਰੈਂਕਿੰਗ ਦੀ ਸਾਲਾਨਾ ਅਪਡੇਟ ਤੋਂ ਬਾਅਦ ਭਾਰਤੀ ਟੀਮ ਦੂਜੇ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਪਿਛਲੇ ਲੰਮੇ ਸਮੇਂ ਤੋਂ ਵਨਡੇ ’ਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਣ ਵਾਲੀ ਇੰਗਲੈਂਡ ਟੀਮ ਰੈਂਕਿੰਗ ਵਿੱਚ ਪਹਿਲਾ ਸਥਾਨ ਹਾਸਲ ਕਰਨ ’ਚ ਕਾਮਯਾਬ ਰਹੀ।
ਰੈਂਕਿੰਗ ਵਿੱਚ ਅਪਡੇਟ ਤੋਂ ਬਾਅਦ ਜਿੱਥੇ ਇੰਗਲੈਂਡ ਟੀਮ ਨੂੰ 8 ਪੁਆਇੰਟਾਂ ਦਾ ਫਾਇਦਾ ਹੋਇਆ ਤੇ ਉਹ 125 ਪੁਆਇੰਟਾਂ ਨਾਲ ਪਹਿਲੇ ਸਥਾਨ ’ਤੇ ਪਹੁੰਚ ਗਈ ਹੈ, ਉੱਥੇ ਹੀ ਭਾਰਤੀ ਟੀਮ ਨੂੰ ਇੱਕ ਪੁਆਇੰਟ ਦਾ ਨੁਕਸਾਨ ਹੋਇਆ ਹੈ ਤੇ ਰੈਂਕਿੰਗ ’ਚ ਵੀ 122 ਅੰਕਾਂ ’ਤੇ ਸਿਮਟ ਗਈ ਹੈ।
ਇੱਥੇ ਤਹਾਨੂੰ ਦੱਸ ਦਈਏ ਕਿ ਇੰਗਲੈਂਡ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿਛਲੀਆਂ 6 ਸੀਰੀਜ਼ ’ਚ ਜਿੱਤ ਹਾਸਲ ਕੀਤੀ ਹੈ। ਮੋਰਗਨ ਦੀ ਕਪਤਾਨੀ ਚ ਖੇਡੀਆਂ ਗਈਆਂ ਕੁੱਲ 10 ’ਚੋਂ 9 ਸੀਰੀਜ਼ ਇੰਗਲੈਂਡ ਦੇ ਨਾਂ ਰਹੀਆਂ।
ਰੈਂਕਿੰਗ ’ਚ ਸਭ ਤੋਂ ਵੱਡਾ ਝਟਕਾ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਲੱਗਾ ਹੈ ਕਿਉਂਕਿ ਆਸਟਰੇਲੀਆ 104 ਪੁਆਇੰਟਾਂ ਨਾਲ ਪੰਜਵੇਂ ਸਥਾਨ ’ਤੇ ਰਿਹਾ। ਪਾਕਿਸਤਾਨ ਦੀ ਟੀਮ ਚੈਂਪੀਅਨ ਟਰਾਫ਼ੀ ਜਿੱਤਣ ਕਰਕੇ ਛੇ ਪੁਆਇੰਟਾਂ ਦਾ ਫਾਇਦਾ ਲੈਣ ’ਚ ਕਾਮਯਾਬ ਰਹੀ।
ਜਿਥੇ ਬੰਗਲਾਦੇਸ਼ ਦੀ ਟੀਮ 93 ਪੁਆਇੰਟਾਂ ਨਾਲ ਸੱਤਵਾਂ ਸਥਾਨ ਬਰਕਰਾਰ ਰਖਣ ’ਚ ਕਾਮਯਾਬ ਰਹੀ ਉਥੇ ਹੀ ਸ਼੍ਰੀਲੰਕਾ ਨੂੰ ਤਾਜ਼ਾ ਅਪਡੇਟ ਤੋਂ ਬਾਅਦ 7 ਪੁਆਇੰਟਾਂ ਦਾ ਨੁਕਸਾਨ ਉਠਾਉਣਾ ਪਿਆ। ਇਸ ਤੋਂ ਪਹਿਲਾਂ ICC ਨੇ ਬੀਤੇ ਕੱਲ੍ਹ ਟੈਸਟ ਰੈਂਕਿੰਗ ਜਾਰੀ ਕੀਤੀ ਸੀ ਜਿਸ ਵਿੱਚ ਭਾਰਤ ਨੇ ਪਹਿਲਾ ਸਥਾਨ ਬਰਕਰਾਰ ਰੱਖਿਆ ਸੀ।