ਓਨਟਾਰੀਓ ‘ਚ ਮੀਂਹ ਤੇ ਝੱਖੜ ਕਾਰਨ ਹਨੇਰੇ ‘ਚ ਡੁੱਬੇ 1,90,000 ਘਰ

ਟੋਰਾਂਟੋ : ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਸ਼ੁੱਕਰਵਾਰ ਨੂੰ ਆਏ ਹਨੇਰੀ ਝੱਖੜ ਕਾਰਨ ਟੋਰਾਂਟੋ ਹਾਈਡ੍ਰੋ ਪਾਵਰ ਦੇ 21,000 ਦੇ ਕਰੀਬ ਘਰ ਤੇ ਪੂਰੇ ਸੂਬੇ ‘ਚ ਕੁੱਲ 1,90,000 ਤੋਂ ਜ਼ਿਆਦਾ ਘਰ ਹਨੇਰੇ ‘ਚ ਹਨ। ਹਾਈਡ੍ਰੋ ਪਾਵਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਸੇਵਾ ਨੂੰ ਮੁੜ ਬਹਾਲ ਕਰਨ ਲਈ ਅਜੇ ਕਾਫੀ ਸਮਾਂ ਲੱਗ ਸਕਦਾ ਹੈ।
ਤੇਜ਼ ਹਵਾਵਾਂ ਤੇ ਮੀਂਹ ਕਾਰਨ ਕਈ ਦਰਖਤ ਟੁੱਟ ਕੇ ਬਿਜਲੀ ਦੀਆਂ ਤਾਰਾਂ ‘ਤੇ ਡਿੱਗ ਗਏ, ਜਿਸ ਕਾਰਨ ਟੋਰਾਂਟੋ ਦੇ ਹਜ਼ਾਰਾਂ ਘਰਾਂ ‘ਚ ਬਿਜਲੀ ਸਪਲਾਈ ਠੱਪ ਹੋ ਗਈ। ਟੋਰਾਂਟੋ ‘ਚ ਤੇਜ਼ ਹਵਾਵਾਂ ਤੇ ਭਾਰੀ ਮੀਂਹ ਦੁਪਹਿਰ ਬਾਅਦ ਆਇਆ ਸੀ। ਸ਼ੁੱਕਰਵਾਰ ਰਾਤ 11 ਵਜੇ ਤੱਕ 68,000 ਤੋਂ ਵੀ ਜ਼ਿਆਦਾ ਹਾਈਡ੍ਰੋ ਕਸਟਮਰਾਂ ਦੀ ਬਿਜਲੀ ਸੇਵਾ ਠੱਪ ਸੀ ਪਰ ਸ਼ਨੀਵਾਰ ਸਵੇਰ ਤੱਕ ਇਹ ਗਿਣਤੀ ਘੱਟ ਕੇ 21,000 ਤੱਕ ਆ ਗਈ ਪਰ ਬਾਵਜੂਦ ਇਸ ਦੇ ਪੂਰੇ ਸੂਬੇ ‘ਚ ਬਿਨਾਂ ਬਿਜਲੀ ਦੇ ਘਰਾਂ ਦੀ ਗਿਣਤੀ 1,90,000 ਤੋਂ ਵੀ ਜ਼ਿਆਦਾ ਹੈ।
ਟੋਰਾਂਟੋ ਹਾਈਡ੍ਰੋ ਦੇ ਤਰਜਮਾਨ ਬ੍ਰੇਨ ਬੂਕਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਬਹੁਤ ਦੀ ਅਸਧਾਰਣ ਘਟਨਾ ਸੀ ਤੇ ਅਜਿਹੀ ਘਟਨਾ 2013 ਤੋਂ ਬਾਅਦ ਨਹੀਂ ਦੇਖੀ ਗਈ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਕਰਮਚਾਰੀ ਕੰਮ ‘ਚ ਲੱਗੇ ਹੋਏ ਹਨ। ਸਾਨੂੰ ਉਮੀਦ ਹੈ ਕਿ ਜ਼ਿਆਦਾਤਰ ਬਿਜਲੀ ਸਪਲਾਈ ਨੂੰ ਅੱਜ ਚਾਲੂ ਕਰ ਦਿੱਤਾ ਜਾਵੇਗਾ ਪਰ ਕੁਝ ਥਾਵਾਂ ‘ਤੇ ਗਾਹਕਾਂ ਨੂੰ ਦਿੱਕਤ ਆ ਸਕਦੀ ਹੈ। ਬੁਲਾਰੇ ਨੇ ਕਿਹਾ ਕਿ ਇਸ ਤੂਫਾਨ ਕਾਰਨ 900 ਥਾਵਾਂ ‘ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ ਤੇ ਇਹ ਗਿਣਤੀ ਬੀਤੇ ਮਹੀਨੇ ਆਏ ਬਰਫੀਲੇ ਤੂਫਾਨ ਤੋਂ ਦੁਗਣੀ ਹੈ।
ਜ਼ਿਕਰਯੋਗ ਹੈ ਕਿ ਓਨਟਾਰੀਓ ‘ਚ ਸ਼ੁੱਕਰਵਾਰ ਨੂੰ ਆਏ ਤੇਜ਼ ਹਨੇਰੀ-ਝੱਖੜ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਤੂਫਾਨ ਕਾਰਨ ਦਰੱਖਤ ਟੁੱਟ ਕੇ ਡਿੱਗ ਪਏ। ਵਾਤਾਵਰਣ ਕੈਨੇਡਾ ਵਲੋਂ ਦੱਖਣੀ ਓਨਟਾਰੀਓ, ਗ੍ਰੇਟਰ ਟੋਰਾਂਟੋ ਏਰੀਆ ‘ਚ ਸ਼ੁੱਕਰਵਾਰ ਨੂੰ ਤੇਜ਼ ਹਨੇਰੀ-ਝੱਖੜ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਮੌਸਮ ਵਿਭਾਗ ਨੇ ਦੱਸਿਆ ਕਿ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ।