ਬਿਨਾਂ ਅਮਰੀਕਨ ਲਾਇਸੰਸ ਡਰਾਈਵ ਕਰਨ ‘ਤੇ ਕੈਨੇਡੀਅਨ ਔਰਤ ਨੂੰ ਕੀਤਾ ਗ੍ਰਿਫਤਾਰ

ਟੋਰਾਂਟੋ : ਕੈਨੇਡਾ ਦੇ ਓਨਟਾਰੀਓ ਦੀ ਰਹਿਣ ਵਾਲੀ ਇਕ ਔਰਤ ਜਾਰਜੀਆ ਦੇ ਇਕ ਪੁਲਸ ਅਧਿਕਾਰੀ ਤੋਂ ਮੁਆਫੀ ਮੰਗਵਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੀ ਹੋਈ ਹੈ, ਜਿਸ ਨੇ ਉਸ ਨੂੰ ਸਿਰਫ ਇਸ ਲਈ ਗ੍ਰਿਫਤਾਰ ਕੀਤਾ ਤੇ ਹੱਥਕੜੀਆਂ ਲਾਈਆਂ ਕਿਉਂਕਿ ਉਹ ਅਮਰੀਕਾ ‘ਚ ਕੈਨੇਡੀਅਨ ਲਾਇਸੰਸ ਨਾਲ ਡਰਾਈਵਿੰਗ ਕਰ ਰਹੀ ਸੀ।
ਐਮਿਲੀ ਨੀਲਡ ਨੇ ਕਿਹਾ ਕਿ ਇਹ ਮੇਰੇ ਜੀਵਨ ਦੀ ਭਿਆਨਕ ਘਟਨਾ ਸੀ, ਇਹ ਬਹੁਤ ਘਟੀਆ ਸੀ, ਮੈਂ ਇਸ ਸਾਰੇ ਸਮੇਂ ਦੌਰਾਨ ਡਰੀ ਹੋਈ ਸੀ। ਕਰੀਬ ਇਕ ਮਹੀਨਾ ਪਹਿਲਾਂ 27 ਸਾਲਾਂ ਐਮਿਲੀ ਟੈਨੇਸੀ ਤੋਂ ਜਾਰਜੀਆ ਜਾ ਰਹੀ ਸੀ, ਜਿਥੇ ਕਿ ਉਸ ਨੇ ਭੂ-ਵਿਗਿਆਨ ‘ਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਸੀ। ਇਸ ਦੌਰਾਨ ਉਹ ਆਈ-75 ਰੂਟ ‘ਤੇ ਸਫਰ ਕਰ ਰਹੀ ਸੀ, ਜਿਸ ‘ਤੇ ਜ਼ਿਆਦਾਤਰ ਕੈਨੇਡੀਅਨ ਫਲੋਰਿਡਾ ਆਉਣ ਲਈ ਸਫਰ ਕਰਦੇ ਹਨ। ਇਸੇ ਰੂਟ ‘ਤੇ ਉਸ ਨੂੰ ਤੇਜ਼ ਰਫਤਾਰ ਕਾਰਨ ਰੋਕਿਆ ਗਿਆ ਤੇ ਪੁਲਸ ਅਫਸਰ ਨੇ ਉਸ ਨੂੰ ਲਾਇਸੰਸ ਦਿਖਾਉਣ ਲਈ ਕਿਹਾ। ਇਸ ‘ਤੇ ਨੀਲਡ ਨੇ ਅਫਸਰ ਨੂੰ ਓਨਟਾਰੀਓ ਦਾ ਲਾਇਸੰਸ ਦਿਖਾਇਆ ਪਰ ਪੁਲਸ ਅਫਸਰ ਨੇ ਜੋ ਕੀਤਾ ਉਸ ਦੀ ਨੀਲਡ ਨੂੰ ਜ਼ਰਾ ਵੀ ਉਮੀਦ ਨਹੀਂ ਸੀ।
ਨੀਲਡ ਨੇ ਕਿਹਾ, ”ਉਸ ਨੇ ਕਿਹਾ, ਨਹੀਂ, ਕੈਨੇਡੀਅਨ ਲਾਇਸੰਸ ਸਵਿਕਾਰ ਨਹੀਂ ਕੀਤੇ ਜਾਣਗੇ।” ਨੀਲਡ ਨੇ ਕਿਹਾ ਕਿ ਮੈਂ ਹੈਰਾਨ ਸੀ ਤੇ ਲਗਾਤਾਰ ਇਹ ਕਹਿ ਰਹੀ ਸੀ ਕਿ ਇਹ ਸਹੀ ਨਹੀਂ ਹੈ, ਕੈਨੇਡੀਅਨ ਲਾਇਸੰਸ ਵੈਲਿਡ ਹੁੰਦਾ ਹੈ। ਨੀਲਡ ਨੇ ਦੱਸਿਆ ਕਿ ਉਸ ਨੇ ਅਫਸਰ ਨੂੰ ਕਿਹਾ ਕਿ ਉਹ ਕੈਨੇਡੀਅਨ ਹੈ ਤੇ ਉਸ ਦੇ ਕੋਲ ਉਸ ਦੇ ਫੋਨ ‘ਚ ਪਾਸਪੋਰਟ, ਨੈਕਸਸ ਕਾਰਡ ਤੇ ਬਰਥ ਸਰਟੀਫਿਕੇਟ ਦੀਆਂ ਕਾਪੀਆਂ ਹਨ ਪਰ ਅਫਸਰ ਨੇ ਉਸ ਨੂੰ ਅਸਲੀ ਹਾਰਡ ਕਾਪੀਆਂ ਦਿਖਾਉਣ ਲਈ ਕਿਹਾ। ਨੀਲਡ ਨੇ ਦੱਸਿਆ ਕਿ ਜਦੋਂ ਉਹ ਅਫਸਰ ਨੂੰ ਸਮਝਾਉਣ ‘ਚ ਅਸਫਲ ਰਹੀ ਤਾਂ ਉਸ ਨੇ ਕਾਰ ਦੇ ਦਰਵਾਜੇ ਰਾਹੀਂ ਮੈਨੂੰ ਦਬੋਚ ਲਿਆ ਤੇ ਮੈਨੂੰ ਹੱਥਕੜੀਆਂ ਲਾ ਦਿੱਤੀਆਂ। ਉਸ ਨੇ ਮੈਨੂੰ ਕਿਹਾ ਕਿ ਉਸ ਨੂੰ ਬਿਨਾਂ ਲਾਇਸੰਸ ਦੇ ਡਰਾਈਵਿੰਗ ਕਰਨ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੂੰ ਜੇਲ ਹੋ ਸਕਦੀ ਹੈ। ਇਸੇ ਦੌਰਾਨ ਪੁਲਸ ਦੀ ਗੱਡੀ ‘ਚ ਬੈਠਿਆਂ ਨੀਲਡ ਨੇ ਇਕ ਵੀਡੀਆ ਬਣਾਈ ਤੇ ਆਪਣੇ ਇਕ ਦੋਸਤ ਨੂੰ ਸਨੈਪਚੈਟ ‘ਤੇ ਭੇਜ ਦਿੱਤੀ। ਵੀਡੀਓ ‘ਚ ਉਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਮੈਨੂੰ ਹੱਥਕੜੀਆਂ ਲਾਈਆਂ ਗਈਆਂ ਹਨ, ਮੈਂ ਜੇਲ ਨਹੀਂ ਜਾਣਾ ਚਾਹੁੰਦੀ।
ਪੁਲਸ ਸਟੇਸ਼ਨ ਪਹੁੰਚਣ ‘ਤੇ ਨੀਲਡ ‘ਤੇ ਬਿਨਾਂ ਲਾਇਸੰਸ ਦੇ ਡਰਾਈਵਿੰਗ ਕਰਨ ਤੇ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਦੇ ਦੋਸ਼ ਲਾਏ ਗਏ। ਇਸ ਤੋਂ ਬਾਅਦ ਉਸ ਦੀਆਂ ਫੋਟੋਆਂ ਲਈਆਂ ਗਈਆਂ ਤੇ ਉਸ ਦੇ ਫਿੰਗਰਪ੍ਰਿੰਟ ਵੀ ਲਏ ਗਏ। ਨੀਲਡ ਨੇ ਦੱਸਿਆ ਕਿ ਪੁਲਸ ਨੇ ਇਸ ਸਭ ਦੌਰਾਨ ਉਸ ਨੂੰ ਕਿਹਾ ਕਿ ਹੁਣ ਤੁਸੀਂ ਸਿਸਟਮ ‘ਚ ਹੋ, ਜੇਕਰ ਤੁਸੀਂ ਕੋਈ ਵੀ ਅਪਰਾਧ ਕਰੋਗੇ ਤਾਂ ਤੁਹਾਡੇ ਫਿੰਗਰਪ੍ਰਿੰਟ ਰਾਹੀਂ ਤੁਹਾਡੀ ਖੋਜ ਕੀਤੀ ਜਾ ਸਕੇਗੀ। ਨੀਲਡ ਨੇ ਕਿਹਾ, ”ਮੈਂ ਕਦੇ ਕੋਈ ਅਪਰਾਧ ਨਹੀਂ ਕੀਤਾ।” ਉਸ ਨੇ ਕਿਹਾ ਕਿ ਪੁਲਸ ਨੇ ਕਿਹਾ ਕਿ ਉਸ ਨੂੰ ਕੋਰਟ ‘ਚ ਪੇਸ਼ ਕਰਨ ਤੱਕ ਜੇਲ ‘ਚ ਰੱਖਿਆ ਜਾਵੇਗਾ, ਨਹੀਂ ਤਾਂ ਉਹ 880 ਅਮਰੀਕੀ ਡਾਲਰ ਬਾਂਡ ਭਰ ਕੇ ਉਥੋਂ ਜਾ ਸਕਦੀ ਹੈ ਪਰ ਉਸ ਵੇਲੇ ਉਸ ਤੋਂ ਪੈਸੇ ਨਹੀਂ ਸਨ। ਅਖੀਰ ਉਸ ਨੂੰ ਆਪਣੇ ਡੈਬਿਟ ਕਾਰਡ ਨੂੰ ਵਰਤਣ ਤੇ ਆਪਣੀ ਜ਼ਮਾਨਤ ਭਰਨ ਦੀ ਆਗਿਆ ਦੇ ਦਿੱਤੀ ਗਈ। ਨੀਲਡ ਨੇ ਕਿਹਾ ਕਿ ਉਸ ਨੂੰ ਆਪਣੀ ਗੱਡੀ ਜ਼ਬਤ ਹੋਣ ਤੋਂ ਬਚਾਉਣ ਲਈ 200 ਹੋਰ ਡਾਲਰ ਦਾ ਭੁਗਤਾਨ ਕਰਨਾ ਪਿਆ।
ਇਸ ਤੋਂ ਬਾਅਦ ਉਹ ਆਪਣੇ ਇਕ ਦੋਸਤ ਦੇ ਪਿਤਾ, ਜੋ ਕਿ ਇਕ ਵਕੀਲ ਤੇ ਕੈਨੇਡੀਅਨ ਕੌਂਸਲੇਟ ਸਨ, ਦੀ ਮਦਦ ਨਾਲ ਗ੍ਰਿਫਤਾਰੀ ਤੇ ਦੋਸ਼ਾਂ ਤੋਂ ਬਚਣ ਦੀਆਂ ਕੋਸ਼ਿਸ਼ਾਂ ‘ਚ ਲੱਗ ਗਈ। ਨੀਡਲ ਨੇ ਕਿਹਾ ਕਿ ਇਕ ਵੇਲੇ ਮੈਨੂੰ ਲੱਗਿਆ ਕਿ ਇਹ ਮੈਨੂੰ ਬਰਬਾਦ ਕਰ ਦੇਵੇਗਾ ਕਿਉਂਕਿ ਕਿਸੇ ਵੀ ਜੌਬ ਦੀ ਅਰਜ਼ੀ ‘ਚ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਅਪਰਾਧੀ ਹੋ? ਜਾਰਜੀਆ ਦੀ ਡਰਾਈਵਰ ਸਰਵਿਸਜ਼ ਦੀ ਵੈੱਬਸਾਈਟ ਮੁਤਾਬਕ ਗੈਰ-ਅਮਰੀਕੀ ਨਾਗਰਿਕਾਂ ਨੂੰ ਜਾਰਜੀਆ ‘ਚ ਡਰਾਈਵ ਕਰਨ ਦੀ ਆਗਿਆ ਹੈ, ਜਿਨ੍ਹਾਂ ਕੋਲ ਜਾਇਜ਼ ਵਿਦੇਸ਼ੀ ਡਰਾਈਵਿੰਗ ਲਾਇਸੰਸ ਹੈ। ਅਖੀਰ ਨੀਲਡ ਦੀ ਮਿਹਨਤ ਰੰਗ ਲਿਆਈ ਤੇ ਗ੍ਰਿਫਤਾਰੀ ਤੋਂ ਤਿੰਨ ਦਿਨ ਬਾਅਦ ਉਸ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਗਿਆ ਪਰ ਕੋਰਟ ਵਲੋਂ ਨੀਲਡ ਨੂੰ ਕਿਸੇ ਵੀ ਮੁਸ਼ਕਲ ਤੋਂ ਬਚਣ ਲਈ ਕੋਲ ਪਾਸਪੋਰਟ ਜਾਂ ਹੋਰ ਲਾਜ਼ਮੀ ਦਸਤਾਵੇਜ਼ ਰੱਖਣ ਦੀ ਸਲਾਹ ਦਿੱਤੀ ਗਈ। ਇਸ ਤੋਂ ਬਾਅਦ ਪੁਲਸ ਨੂੰ ਉਸ ਦਾ ਗ੍ਰਿਫਤਾਰੀ ਦਾ ਰਿਕਾਰਡ ਖਤਮ ਕਰਨ ਦਾ ਹੁਕਮ ਦਿੱਤਾ ਗਿਆ। ਹਾਲਾਂਕਿ ਨੀਲਡ ਪੁਲਸ ਅਫਸਰ ਤੋਂ ਮੁਆਫੀ ਮੰਗਵਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੀ ਹੋਈ ਹੈ।