ਅਬਦੁਲ ਰੱਜ਼ਾਕ 38 ਸਾਲ ਦੀ ਉਮਰ ‘ਚ ਕਰਨਗੇ ਕ੍ਰਿਕਟ ‘ਚ ਵਾਪਸੀ

ਕਰਾਚੀ : ਪਾਕਿਸਤਾਨ ਦੇ ਸਾਬਕਾ ਹਰਮਨਫੌਲਾ ਖਿਡਾਰੀ ਅਬਦੁਲ ਰੱਜ਼ਾਕ 38 ਸਾਲ ਦੀ ਉਮਰ ‘ਚ ਇਕ ਵਾਰ ਫਿਰ ਮੁਕਾਬਲੇਬਾਜ਼ੀ ਕ੍ਰਿਕਟ ‘ਚ ਵਾਪਸੀ ਕਰਨਗੇ। ਆਪਣਾ ਆਖ਼ਰੀ ਕੌਮਾਂਤਰੀ ਮੈਚ ਪੰਜ ਸਾਲ ਪਹਿਲਾਂ ਅਤੇ ਘਰੇਲੂ ਮੈਚ ਤਿੰਨ ਸਾਲ ਪਹਿਲਾਂ ਖੇਡਣ ਵਾਲੇ ਰੱਜ਼ਾਕ ਨੇ ਘਰੇਲੂ ਪਹਿਲੇ ਦਰਜੇ ਦੇ ਟੂਰਨਮੈਂਟ ‘ਕਾਇਦੇ ਆਜ਼ਮ ਟਰਾਫੀ’ ‘ਚ ਖੇਡਣ ਲਈ ਪਾਕਿਸਤਾਨੀ ਟੈਲੀਵਿਜ਼ਨ ਦੇ ਨਾਲ ਕਰਾਰ ਕੀਤਾ ਹੈ। ਉਨ੍ਹਾਂ ਦਾ ਟੀਚਾ ਅਗਲੇ ਸਾਲ ਹੋਣ ਵਾਲੇ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੇ ਚੌਥੇ ਸੈਸ਼ਨ ‘ਚ ਖੇਡਣ ਦਾ ਹੈ।
ਰੱਜ਼ਾਕ ਨੇ ਪੱਤਰਕਾਰਾਂ ਨੂੰ ਕਿਹਾ, ”ਮੁਹੰਮਦ ਵਸੀਮ ਨੇ ਮੈਨੂੰ ਫਿਰ ਤੋਂ ਖੇਡਣ ਲਈ ਪ੍ਰੇਰਿਤ ਕੀਤਾ। ਮੈਨੂੰ ਖੇਡ ਨਾਲ ਅਜੇ ਵੀ ਲਗਾਅ ਹੈ। ਮੈਂ ਇਕ ਵਾਰ ਫਿਰ ਕ੍ਰਿਕਟ ‘ਤੇ ਹੱਥ ਆਜ਼ਮਾਉਣ ਦਾ ਫੈਸਲਾ ਕੀਤਾ ਹੈ। ਮੈਨੂੰ ਪੀ.ਟੀ.ਵੀ. ਵੱਲੋਂ ਕਰਾਰ ਦਾ ਪ੍ਰਸਤਾਵ ਮਿਲਿਆ ਅਤੇ ਮੈਂ ਉਨ੍ਹਾਂ ਲਈ ਪਹਿਲੇ ਦਰਜੇ ਦਾ ਕ੍ਰਿਕਟ ਖੇਡਾਂਗਾ। ਮੈਨੂੰ ਪਤਾ ਹੈ ਕਿ ਮੈਂ ਹੁਣ ਪਾਕਿਸਤਾਨ ਦੇ ਲਈ ਨਹੀਂ ਖੇਡ ਸਕਦਾ ਹਾਂ ਅਤੇ ਇਹ ਮੇਰਾ ਟੀਚਾ ਵੀ ਨਹੀਂ ਹੈ। ਮੇਰਾ ਟੀਚਾ ਪੀ.ਐੱਸ.ਐੱਲ. ਦੇ ਇਕ-ਦੋ ਸੈਸ਼ਨ ‘ਚ ਖੇਡਣ ਦਾ ਹੈ।” ਰੱਜ਼ਾਕ ਨੇ ਪਾਕਿਸਤਾਨ ਲਈ 46 ਟੈਸਟ, 256 ਇਕ ਰੋਜ਼ਾ ਮੈਚ ਅਤੇ 32 ਟੀ-20 ਕੌਮਾਂਤਰੀ ਮੈਚ ਖੇਡੇ ਹਨ।