ਓਨਟਾਰੀਓ ਚੋਣਾਂ ਲਈ ਭਖਿਆ ਚੋਣ ਪ੍ਰਚਾਰ, ਕਈ ਪੰਜਾਬੀ ਉਮੀਦਵਾਰ ਵੀ ਮੈਦਾਨ ‘ਚ ਡਟੇ

ਓਨਟਾਰੀਓ : ਕੈਨੇਡਾ ਦੇ ਸੂਬੇ ਓਨਟਾਰੀਓ ਦੀਆਂ ਅਸੈਂਬਲੀ ਚੋਣਾਂ ਲਈ ਚੋਣ ਪ੍ਰਚਾਰ ਅੱਜ ਤੋਂ ਭੱਖ ਗਿਆ ਹੈ। ਵੋਟਾਂ 7 ਜੂਨ ਨੂੰ ਪੈਣਗੀਆਂ। ਓਨਟਾਰੀਓ ਦੀ ਅਸੈਂਬਲੀ ਦੀ ਮਿਆਦ ਖਤਮ ਹੋਣ ਮਗਰੋਂ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਦੀ ਸਿਫਾਰਸ਼ ਮੰਨਦੇ ਹੋਏ ਇਲੈਕਸ਼ਨ ਐਕਟ ਮੁਤਾਬਕ ਚੋਣਾਂ ਦੀ ਤਰੀਕ 7 ਜੂਨ ਨੂੰ ਐਲਾਨ ਕਰ ਦਿੱਤੀ ਗਈ। ਸੂਬੇ ਵਿਚ ਪਿਛਲੇ 15 ਸਾਲਾਂ ਤੋਂ ਲਿਬਰਲ ਪਾਰਟੀ ਦੀ ਸਰਕਾਰ ਚੱਲ ਰਹੀ ਹੈ।
ਚੋਣਾਂ ਵਿਚ ਮੁੱਖ ਤੌਰ ‘ਤੇ ਤਿੰਨ ਪਾਰਟੀਆਂ— ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ ਅਤੇ ਨਿਊ ਡੈਮੋਕਰੈਟਿਕ ਪਾਰਟੀ (ਐੱਨ. ਡੀ. ਪੀ) ਸ਼ਾਮਲ ਹਨ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 17 ਮਈ ਹੈ। ਖਾਸ ਗੱਲ ਇਹ ਹੈ ਕਿ ਸਾਰੀਆਂ ਪਾਰਟੀਆਂ ਤੋਂ ਭਾਰਤੀ ਮੂਲ ਦੇ ਉਮੀਦਵਾਰ ਵੀ ਮੈਦਾਨ ਵਿਚ ਡਟੇ ਹੋਏ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਗਿਣਤੀ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਹੈ। ਇੱਥੇ ਦੱਸ ਦੇਈਏ ਕਿ ਪਿਛਲੀਆਂ ਤਿੰਨ ਟਰਮਾਂ ਤੋਂ ਓਨਟਾਰੀਓ ਵਿਚ ਲਿਬਰਲ ਪਾਰਟੀ ਦੀ ਸਰਕਾਰ ਬਣਦੀ ਆ ਰਹੀ ਹੈ। ਸਿਆਸੀ ਮਾਹਰ ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਕੁਝ ਵੱਖਰਾ ਸੋਚ ਰਹੇ ਹਨ, ਕਿਉਂਕਿ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ, ਸਗੋਂ ਇਸ ਲਈ ਬਾਜ਼ੀ ਪੁੱਠੀ ਵੀ ਪੈ ਸਕਦੀ ਹੈ।
ਐੱਨ. ਡੀ. ਪੀ. ਪਾਰਟੀ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਚੁਣੇ ਗਏ ਪੰਜਾਬੀ ਆਗੂ ਜਗਮੀਤ ਸਿੰਘ ਨੇ ਓਨਟਾਰੀਓ ਦੇ ਸ਼ਹਿਰ ਬਰੈਂਪਟਨ (ਈਸਟ) ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਸੀ। ਜਗਮੀਤ ਸਿੰਘ ਪਿਛਲੀ ਵਾਰ ਬਰੈਂਪਟਨ (ਈਸਟ) ਐੱਮ. ਪੀ. ਪੀ. ਚੁਣੇ ਗਏ ਸਨ। ਫੈਡਰਲ ਆਗੂ ਚੁਣੇ ਜਾਣ ਮਗਰੋਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ। ਹੁਣ ਇਸੇ ਸੀਟ ਤੋਂ ਉਨ੍ਹਾਂ ਦੇ ਛੋਟੇ ਭਰਾ ਗੁਰਰਤਨ ਸਿੰਘ ਚੋਣ ਮੈਦਾਨ ਵਿਚ ਹਨ। ਜਗਮੀਤ ਦੇ ਲੀਡਰ ਬਣਨ ਤੋਂ ਬਾਅਦ ਇੱਥੇ ਪਹਿਲੀ ਵਾਰ ਚੋਣ ਹੋਣ ਜਾ ਰਹੀ ਹੈ, ਜਿਸ ਕਰ ਕੇ ਸਥਾਨਕ ਪੰਜਾਬੀ ਭਾਈਚਾਰੇ ਦੀਆਂ ਨਜ਼ਰਾਂ ਜਗਮੀਤ ਦੇ ਸਿਆਸੀ ਭਵਿੱਖ ‘ਤੇ ਟਿਕੀਆਂ ਹਨ। ਬਸ ਇੰਨਾ ਹੀ ਨਹੀਂ ਦੋ ਦਰਜਨ ਤੋਂ ਵਧ ਪੰਜਾਬੀ ਚੋਣ ਮੈਦਾਨ ਵਿਚ ਹਨ। ਬਰੈਂਪਟਨ (ਸਾਊਥ) ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਪੰਜਾਬਣ ਅੰਮ੍ਰਿਤ ਕੌਰ ਮਾਂਗਟ ਤਿੰਨ ਵਾਰ ਜਿੱਤਣ ਮਗਰੋਂ ਚੌਥੀ ਵਾਰ ਚੋਣ ਮੈਦਾਨ ਵਿਚ ਉੱਤਰੀ ਹੈ। ਇਸੇ ਤਰ੍ਹਾਂ ਹੀ ਕੈਨੇਡਾ ‘ਚ ਪੰਜਾਬੀਆਂ ਦੇ ਸਦਾਬਹਾਰ ਲੀਡਰ ਗੁਰਬਖਸ਼ ਸਿੰਘ ਮੱਲੀ ਦੀ ਧੀ ਹਰਿੰਦਰ ਕੌਰ ਮਲੀ ਦੂਜੀ ਵਾਰ ਚੋਣ ਮੈਦਾਨ ਵਿਚ ਹੈ। ਚੋਣ ਦੇ ਨਤੀਜੇ ਆਉਣ ‘ਤੇ ਹੀ ਪਤਾ ਲੱਗੇਗਾ ਕਿ ਕਿਸ ਦੇ ਹੱਥ ਜਿੱਤ ਲੱਗਦੀ ਹੈ।