ਓਨਟਾਰੀਓ ਚੋਣਾਂ ਦੌਰਾਨ ਪਹਿਲੀ ਵਾਰ ਵਰਤੀ ਜਾਵੇਗੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ

ਟੋਰਾਂਟੋ : ਓਨਟਾਰੀਓ ‘ਚ 7 ਜੂਨ ਨੂੰ ਪ੍ਰੋਵਿੰਸ਼ੀਅਲ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਲਈ ਸਰਕਾਰ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਓਨਟਾਰੀਓ ‘ਚ ਪ੍ਰੋਵਿੰਸ਼ੀਅਲ ਚੋਣਾਂ ਦੌਰਾਨ ਪਹਿਲੀ ਵਾਰ ਵੋਟਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਕਰਨਗੇ। ਇਸ ਦੇ ਨਾਲ ਹੀ ਵੋਟਰਾਂ ਦੀਆਂ ਕਾਗਜ਼ੀ ਸੂਚੀਆਂ ਵੀ ਅਤੀਤ ਦੀ ਗੱਲ ਹੋ ਗਈ ਤੇ ਇਸ ਨੂੰ ਈ-ਪੋਲ ਬੁੱਕ ਰਿਪਲੇਸ ਕਰੇਗੀ।
ਇਲੈਕਸ਼ਨਜ਼ ਓਨਟਾਰੀਓ ਦਾ ਕਹਿਣਾ ਹੈ ਕਿ ਨਵੀਂ ਤਕਨੀਕ ਨਾਲ ਵੋਟਿੰਗ ਪ੍ਰਕਿਰਿਆ ਤੇ ਬੈਲਟ ਕਾਊਂਟਿੰਗ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ‘ਚ ਮਦਦ ਮਿਲੇਗੀ। ਜਦੋਂ ਵੋਟਰ ਪੋਲਿੰਗ ਬੂਥ ‘ਤੇ ਜਾਣਗੇ ਤਾਂ ਉਨ੍ਹਾਂ ਦਾ ਕਾਰਡ ਠੀਕ ਉਸੇ ਤਰ੍ਹਾਂ ਨਾਲ ਸਕੇਨ ਹੋਵੇਗਾ, ਜਿਵੇਂ ਕਿ ਕਿਸੇ ਗ੍ਰੌਸਰੀ ਸਟੋਰ ‘ਤੇ ਹੁੰਦਾ ਹੈ। ਇਸ ਤੋਂ ਬਾਅਦ ਵੋਟਰ ਨੂੰ ਅਧਿਕਾਰੀ ਵਲੋਂ ਉਸ ਦਾ ਬੈਲਟ ਦਿੱਤਾ ਜਾਵੇਗਾ, ਜਿਸ ਨੂੰ ਭਰਨ ਤੋਂ ਬਾਅਦ ਅਧਿਕਾਰੀ ਇਸ ਨੂੰ ਵਾਪਸ ਲੈ ਕੇ ਟੈਬੁਲੇਟਿੰਗ ਮਸ਼ੀਨ ‘ਚ ਪਾ ਦੇਵੇਗਾ। ਇਲੈਕਸ਼ਨ ਓਨਟਾਰੀਓ ਦੇ ਇਕ ਬੁਲਾਰੇ ਨੇ ਕਿਹਾ ਕਿ ਇਸ ਨਵੀਂ ਤਕਨੀਕ ਨੂੰ 2016 ਦੀਆਂ ਉਪ-ਚੋਣਾਂ ਦੌਰਾਨ ਪਰਖਿਆ ਗਿਆ ਹੈ ਤੇ ਇਸ ਦੀ ਵਰਤੋਂ ਕਈ ਮਿਊਸੀਪਲ ਚੋਣਾਂ ‘ਚ ਵੀ ਕੀਤੀ ਜਾ ਚੁੱਕੀ ਹੈ।
ਇਲੈਕਸ਼ਨ ਕੈਨੇਡਾ ਦੀ ਤਰਜਮਾਨ ਕਾਰਾ ਡੇਸ ਗ੍ਰੇਂਜੇਸ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਵੋਟਰਾਂ ਲਈ ਵਧੇਰੇ ਆਸਾਨ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਨਤੀਜੇ ਵੀ ਜਲਦੀ ਮਿਲਣਗੇ ਤੇ ਇਹ ਹੱਥ ਰਾਹੀਂ ਵੋਟ ਪਾਉਣ ਤੋਂ ਕਿਤੇ ਜ਼ਿਆਦਾ ਭਰੋਸੇਮੰਦ ਸਾਬਿਤ ਹੋਵੇਗਾ। 11 ਫਰਵਰੀ, 2016 ਨੂੰ ਵ੍ਹਿਟਬੀ ਓਸ਼ਾਵਾ ‘ਚ ਹੋਈਆਂ ਜਿਮਨੀ ਚੋਣਾਂ ਦੌਰਾਨ ਬੈਲਟ ਦੀ ਗਿਣਤੀ ਕਰਨ ਨੂੰ ਸਿਰਫ 30 ਮਿੰਟਾਂ ਦਾ ਸਮਾਂ ਲੱਗਿਆ ਜਦੋਂ ਕਿ ਜੇਕਰ ਇਸ ਨੂੰ ਕਿਸੇ ਵਿਅਕਤੀ ਵਲੋਂ ਗਿਣਿਆ ਜਾਂਦਾ ਤਾਂ ਇਸ ‘ਚ 90 ਮਿੰਟ ਦੇ ਕਰੀਬ ਸਮਾਂ ਲੱਗਣਾ ਸੀ। ਇਸ ਦੇ ਇਲਾਵਾ ਇਸ ਮਸ਼ੀਨ ਨਾਲ ਸਟਾਫ ਦੀ ਸਮੱਸਿਆ ‘ਚ ਵੀ ਮਦਦ ਮਿਲ ਸਕਦੀ ਹੈ।