ਬੱਚੇ ਨੂੰ ਗਲਤ ਤਰੀਕੇ ਨਾਲ ਛੋਹਣ ‘ਤੇ ਵੀ ਰੱਦ ਹੋਵੇਗਾ ਟੀਚਰ ਦਾ ਲਾਇਸੰਸ

ਟੋਰਾਂਟੋ : ਕੈਨੇਡਾ ਸਣੇ ਦੁਨੀਆ ਭਰ ‘ਚ ਬੱਚਿਆਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ। ਅਜਿਹੇ ‘ਚ ਓਨਟਾਰੀਓ ਨੇ ਇਸ ਮਸਲੇ ਦੇ ਹੱਲ ‘ਚ ਇਕ ਠੋਸ ਕਦਮ ਚੁੱਕਿਆ ਹੈ। ਹੁਣ ਓਨਟਾਰੀਓ ‘ਚ ਜੇਕਰ ਕੋਈ ਵੀ ਅਧਿਆਪਕ ਕਿਸੇ ਵੀ ਤਰ੍ਹਾਂ ਨਾਲ ਵਿਦਿਆਰਥੀ ਨੂੰ ਗਲਤ ਤਰੀਕੇ ਨਾਲ ਛੋਹਣ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਆਪਣੇ ਲਾਇਸੰਸ ਤੋਂ ਹੱਥ ਧੋਣੇ ਪੈਣਗੇ।
ਪ੍ਰੋਵਿੰਸ਼ੀਅਲ ਸਰਕਾਰ ਵਲੋਂ ਇਕ ਅਜਿਹੇ ਕਾਨੂੰਨ ‘ਚ ਸੋਧ ਕੀਤੀ ਹੈ, ਜਿਸ ਦੇ ਤਹਿਤ ਅਧਿਆਪਕ ਦੇ ਦੋਸ਼ੀ ਪਾਏ ਜਾਣ ‘ਤੇ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਅਧਿਆਪਕਾਂ ਦਾ ਲਾਇਸੰਸ ਓਨਟਾਰੀਓ ਕਾਲਜ ਆਫ ਟੀਚਰਜ਼ ਦੀ ਅਨੁਸ਼ਾਸਨਿਕ ਕਮੇਟੀ ਸਾਹਮਣੇ ਕੁਝ ਖਾਸ ਕਿਸਮ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਾਬਿਤ ਹੋਣ ‘ਤੇ ਹੀ ਰੱਦ ਕੀਤਾ ਜਾਂਦਾ ਸੀ, ਜਿਸ ‘ਚ ਜਿਨਸੀ ਸਬੰਧ, ਹੱਥਰਸੀ ਤੇ ਹੋਰ ਯੌਨ ਅਪਰਾਧ ਸ਼ਾਮਲ ਸਨ। ਇਸ ਤੋਂ ਇਲਾਵਾ ਅਧਿਆਪਕਾਂ ਵਲੋਂ ਚਾਈਲਡ ਪੋਰਨੋਗ੍ਰਾਫੀ ‘ਚ ਸ਼ਾਮਲ ਹੋਣ ‘ਤੇ ਵੀ ਉਨ੍ਹਾਂ ਦਾ ਲਾਇਸੰਸ ਰੱਦ ਕਰ ਦਿੱਤਾ ਜਾਂਦਾ ਹੈ।
ਮੰਗਲਵਾਰ ਨੂੰ ਇਸ ‘ਚ ਸੋਧ ਕਰਕੇ ਇਸ ‘ਚ ਬੱਚਿਆਂ ਦੇ ਗੁਪਤ ਅੰਗਾਂ, ਛਾਤੀ ਜਾਂ ਪਿੱਠ ਦੇ ਹੇਠਲੇ ਹਿੱਸੇ ਨੂੰ ਗਲਤ ਤਰੀਕੇ ਨਾਲ ਛੋਹਣ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਹੈ। ਸਿੱਖਿਆ ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਕਿ ਇਹ ਕਾਨੂੰਨ ਅਧਿਆਪਕਾਂ ਤੇ ਸਿਹਤ ਮਾਹਰਾਂ ਲਈ ਇਕਸਾਰ ਲਾਗੂ ਹੋਵੇਗਾ।