ਲੋਕ-ਪੱਖੀ ਮੁਹਾਂਦਰੇ ਵਾਲਾ ਸ਼ਾਇਰ ਅਜੇ ਤਨਵੀਰ – ਰਵਿੰਦਰ ਸਹਿਰਾਅ

ਪੰਜਾਬੀ ਦੀ ਆਧੁਨਿਕ ਗ਼ਜ਼ਲਕਾਰੀ ਵਿਚ ਜਿਨ੍ਹਾਂ ਨੌਜਵਾਨ ਸ਼ਾਇਰਾਂ ਨੇ ਲੀਹ ਤੋਂ ਹਟਵੀਂ ਸ਼ਾਇਰੀ ਕਰਦਿਆਂ ਲੋਕ-ਪੱਖੀ ਮੁਹਾਂਦਰਾ ਸਿਰਜਿਆ ਹੈ, ਉਨ੍ਹਾਂ ‘ਚ ਅਮਰੀਕਾ ਵਸਦੇ ਅਜੇ ਤਨਵੀਰ ਦਾ ਨਾਂਅ ਬੋਲਦਾ ਹੈ। ਅਜੇ ਦੀ ਗ਼ਜ਼ਲਕਾਰੀ ਸਿਰਫ਼ ਸ਼ੌਕ ਨਹੀਂ, ਉਸਦੀ ਜ਼ਰੂਰਤ ਹੈ। ਆਪਣੇ ਆਲੇ-ਦੁਆਲੇ ਹੀ ਨਹੀਂ ਸਗੋਂ ਪੂਰੇ ਗਲੋਬ ‘ਤੇ ਹੋ-ਵਾਪਰ ਰਹੇ ਨੂੰ ਉਹ ਆਪਣੀ ਤੀਖਣ ਕਾਵਿ-ਦ੍ਰਿਸ਼ਟੀ ਰਾਹੀਂ ਸ਼ਿਅਰਾਂ ਵਿਚ ਢਾਲਦਾ ਚਲਿਆ ਜਾਂਦਾ ਹੈ। ਆਪਣੀ Aਧਰਤੀ ਆਪਣੇ ਲੋਕਾਂ ਸੰਗ ਨਿਭਦੀ ਉਹਦੀ ਸ਼ਾਇਰੀ ਦਾ ਜਲੌਅ ਦੇਖਿਆਂ ਹੀ ਬਣਦਾ ਹੈ। ਪਾਠਕਾਂ ਦੀ ਨਜ਼ਰ ਅਜੇ ਤਨਵੀਰ ਦੀਆਂ ਨਵੀਆਂ ਗ਼ਜ਼ਲਾਂ।
– ਰਵਿੰਦਰ ਸਹਿਰਾਅ
*
ਸ਼ਹਿਰ ਤੇਰੇ ਦੇ ਲੋਕਾਂ ਇਹ ਇਲਜ਼ਾਮ ਲਗਾਏ ਹਨ।
ਮੈਂ ਰੰਗਾਂ ਬਿਨ ਪਾਣੀ ਉੱਤੇ ਨਕਸ਼ ਬਣਾਏ ਹਨ।
ਖ਼ਬਰਾਂ ਦੇ ਵਿਚ ਸੁਣਿਆ ਸਾਰਾ ਸ਼ਹਿਰ ਸਲਾਮਤ ਹੈ,
ਸੋਚ ਰਿਹਾਂ ਏਨੇ ਖ਼ਤ ਫਿਰ ਕਿਉਂ ਵਾਪਸ ਆਏ ਹਨ।
ਅੱਜ ਕੱਲ ਹਰ ਪੰਛੀ ਦੇ ਹੱਕ ਲਈ ਤੂੰ ਗਾਉਂਦਾ ਜੋ,
ਇਸ ਦਾ ਕਰਨ ਵਿਰੋਧ ਸ਼ਿਕਾਰੀ ਰਲ ਕੇ ਆਏ ਹਨ।
ਮੇਰਾ ਸਾਰਾ ਜੀਵਨ ਹਾਦਸਿਆਂ ਵਿਚ ਲੰਘ ਗਿਆ,
ਫੁੱਲਾਂ ਦੇ ਗੁਲਦਸਤੇ ਘਰ ਵਿਚ ਕੋਣ ਲਿਆਏ ਹਨ।
ਮੇਰੀ ਧੀ ਨੇ ਬਚਪਨ ਦੇ ਵਿਚ ਦੇਖੇ ਸਨ ਜੁਗਨੂੰ,
ਤਾਂ ਹੀ ਉਸਨੇ ਕਾਗਜ਼ ਉੱਤੇ ਦੀਪ ਬਣਾਏ ਹਨ।
ਹੋਰ ਬੜਾ ਕੁਝ ਕਰਨੇ ਵਾਲਾ ਹੈ ‘ਤਨਵੀਰ’ ਅਜੇ,
ਮਿਹਨਤ ਕਰਨੇ ਵਾਲੇ ਹਰ ਇਕ ਦਿਲ ਨੂੰ ਭਾਏ ਹਨ।
*
ਇਹ ਮੌਸਮ ਕਿਸ ਤਰ੍ਹਾਂ ਦਾ ਧੁੱਪ ਕਿੰਨੀ ਹੈ ਠਰੀ ਹੋਈ।
ਨਗਰ ਦੇ ਰੁੱਖ ਸਹਿਮੇ ਹਨ ਹਵਾ ਲਗਦੀ ਡਰੀ ਹੋਈ।
ਤੁਸੀਂ ਬੇਸ਼ਕ ਪਰਿੰਦੇ ਨੂੰ ਚਿਰਾਂ ਦਾ ਕੈਦ ਕੀਤਾ ਹੈ,
ਪਰਾਂ ਵਿਚ ਅੱਜ ਵੀ ਉਸਨੇ ਉਡਾਰੀ ਹੈ ਭਰੀ ਹੋਈ।
ਤੂੰ ਕਿੰਨੇ ਜ਼ਖ਼ਮ ਦਿਲ ਅੰਦਰ ਛੁਪਾਏ ਹਨ ਪਤਾ ਮੈਨੂੰ,
ਇਹ ਤੇਰੀ ਅੱਖ ਅਸ਼ਕਾਂ ਨਾਲ ਜਿਸ ਕਰਕੇ ਭਰੀ ਹੋਈ।
ਬੜੇ ਚਿਰ ਤੋਂ ਜੋ ਧਾਰੀ ਚੁੱਪ ਇਸ ਵਿਚ ਰਾਜ ਹੈ ਲਗਦਾ,
ਚਿਰਾਂ ਤੋਂ ਜੋ ਖ਼ਾਮੋਸ਼ੀ ਉਸ ਨੇ ਬੁੱਲਾਂ ‘ਤੇ ਧਰੀ ਹੋਈ।
ਮੈਂ ਜਿਸਨੂੰ ਯਾਦ ਕਰ ਕਰ ਕੇ ਬਣਾਈ ਯਾਦਗਾਰ ਪੱਕੀ,
ਮੈਂ ਉਸਨੂੰ ਭੁੱਲ ਜਾਵਾਂਗਾ ਉਹ ਐਵੇਂ ਹੈ ਡਰੀ ਹੋਈ।
ਜੋ ਉਸਦੇ ਨਾਲ ਹੋਇਆ ਆਖਦਾ ਮਾੜਾ ਬੜਾ ਹੋਇਆ,
ਅਜੇ ‘ਤਨਵੀਰ’ ‘ਤੇ ਬੀਤੀ ਤਾਂ ਕਹਿੰਦਾ ਹੈ ਖ਼ਰੀ ਹੋਈ।
*
ਰਾਜਨੀਤੀ ਛਲ ਕਪਟ ਦੁਸ਼ਵਾਰੀਆਂ ਦਾ ਕੀ ਕਰਾਂ।
ਮਾੜਿਆਂ ‘ਤੇ ਕੀਤੀਆਂ ਸਰਦਾਰੀਆਂ ਦਾ ਕੀ ਕਰਾਂ।
ਨਾ ਮਿਲੇ ਇਨਸਾਫ਼ ਜਿੱਥੇ ਸੱਚ ਨੂੰ ਉਸ ਦੇਸ਼ ਦੇ,
ਹਾਕਮਾਂ ਦਰਬਾਰੀਆਂ ਅਧਿਕਾਰੀਆਂ ਦਾ ਕੀ ਕਰਾਂ।
ਘਰ ਦੇ ਬੂਹੇ ਬਾਰੀਆਂ ਤਾਂ ਖੋਲ੍ਹ ਕੇ ਰਖਦਾ ਸਨਮ,
ਦਿਲ ਦੀਆਂ ਪਰ ਬੰਦ ਬੂਹੇ ਬਾਰੀਆਂ ਦਾ ਕੀ ਕਰਾਂ।
ਹੋ ਗਿਆ ਸੀ ਤੂੰ ਵਿਦਾ ਬਸ ਕਹਿ ਕੇ ਮੈਨੂੰ ਅਲਵਿਦਾ,
ਦਿਲ ਦੇ ਉੱਤੇ ਚਲਦੀਆਂ ਹੁਣ ਆਰੀਆਂ ਦਾ ਕੀ ਕਰਾਂ।
ਦੋਸਤਾਂ ਵਿਚ ਵੀ ਦਿਸੇ ਹਨ ਨਕਸ਼ ਸੱਪਾਂ ਦੇ ਜਹੇ,
ਡਸਦੀਆਂ ਨਿਤ ਦਿਨ ਮੁਲਾਹਜੇ ਦਾਰੀਆਂ ਦਾ ਕੀ ਕਰਾਂ।
ਆਪ ਤਾਂ ਅਧਿਕਾਰ ਸਾਰੇ ਮਾਣਦਾ ‘ਤਨਵੀਰ’ ਹੈ,
ਬਖਸ਼ੀਆਂ ਤਹਿਰੀਰ ਜ਼ੁੰਮੇਵਾਰੀਆਂ ਦਾ ਕੀ ਕਰਾਂ।
*
ਪਸੀਨਾ ਡੋਲ ਕੇ ਹੁਣ, ਫ਼ਸਲ ਰੀਝਾਂ ਦੀ ਹੈ ਮਹਕਾਣੀ।
ਅਸੀਂ ਮਜ਼ਦੂਰ ਮਿਹਨਤਕਸ਼ ਕਿਤੇ ਮਜ਼ਬੂਰ ਨਾ ਜਾਣੀ।
ਕਦੇ ਖੰਜ਼ਰ , ਕਦੇ ਤਲਵਾਰ ‘ਤੇ ਨੱਚੇ ਇਸੇ ਕਾਰਨ,
ਅਸੀਂ ਇਹ ਫ਼ੈਸਲਾ ਕਰਨਾ ਕਿਸੇ ਤੋਂ ਮਾਤ ਨਾ ਖਾਣੀ।
ਜਦੋਂ ਇਹ ਕਾਫ਼ਲਾ ਤੁਰਿਆ ਨਵਾਂ ਸੂਰਜ ਚੜ੍ਹਾਏਗਾ,
ਨਵਾਂ ਇਤਿਹਾਸ ਸਿਰਜੇਗਾ ਖ਼ਬਰ ਘਰ ਘਰ ਹੈ ਪਹੁੰਚਾਣੀ।
ਬੜਾ ਹੀ ਸੇਕ ਲਗਣਾ ਹੈ ਬਣੀ ਜਦ ਲਾਟ ਧੁਖਦੀ ਅੱਗ,
ਉਨ੍ਹਾਂ ਨੂੰ ਸਾੜ ਦੇਵੇਗੀ ਜੋ ਕਰਦੇ ਵੰਡ ਹਨ ਕਾਣੀ।
ਜਿਨ੍ਹਾਂ ਦੇ ਨਾਲ ਬਚਪਨ ਦੇ ਕਈ ਪਲ ਸੀ ਗੁਜ਼ਾਰੇ ਮੈਂ,
ਵਗਣ ਹੰਝੂ ਖੁਸ਼ੀ ਦੇ ਨਾਲ ਮਿਲਦੇ ਹਨ ਜਦੋਂ ਹਾਣੀ।
ਗ਼ਜ਼ਲ ਕਹਿਣੀ ਨਹੀਂ ਆਈ ਬੜਾ ਚਿਰ ਮਸ਼ਕ ਹੈ ਕੀਤੀ,
ਲਹੂ ਦੇ ਕੇ ਜਿਗਰ ਦਾ ਮੈਂ ਇਹ ਪਾਲੀ ਰੀਝ ਮਰ ਜਾਣੀ।
ਤਮੰਨਾ ਜੀਣ ਦੀ ਮੇਰੀ ਨਵੇਂ ਰਾਹਾਂ ਨੂੰ ਲੱਭ ਲੈਂਦੀ,
ਹਵਾ ਬਣਕੇ ਗੁਜ਼ਰ ਜਾਵਾਂ ਮੈਂ ਅਕਸਰ ਅੱਖ ਦੇ ਥਾਣੀ।
ਬੁਰਾ ਕਰਨੋ ਨਾ ਹਟਦਾ ਜੋ ਬੁਰਾ ਕਰਨੋ ਹਟਾਉਣਾ ਹੈ,
ਬੁਰੇ ਦੇ ਘਰ ‘ਚ ਜਾ ਉਸਨੂੰ ਸਬਕ ਦੇਣਾ ਅਸੀਂ ਠਾਣੀ।
ਗਿਲਾ ‘ਤਨਵੀਰ’ ਨੂੰ ਹੱਥੀਂ ਲਗਾਏ ਪੌਦਿਆਂ ਉੱਤੇ,
ਰਿਹਾ ਧੁੱਪਾਂ ‘ਚ ਸੜਦਾ ਪਰ ਕਿਸੇ ਦੀ ਛਾਂ ਨਹੀਂ ਮਾਣੀ।
*
ਮੁਖੌਟੇ ਪਹਿਨ ਕੇ ਰੱਖੇ ਜ਼ਮੀਰਾਂ ਗਰਕੀਆਂ ਯਾਰੋ।
ਸ਼ਰੇ ਬਾਜ਼ਾਰ ਵਿਕ ਰਹੀਆਂ ਨੇ ਵੱਡੀਆਂ ਹਸਤੀਆਂ ਯਾਰੋ ।
ਅਦਾਲਤ ਨੇ ਬਰੀ ਕੀਤਾ ਜ੍ਹਿਨੂੰ ਤਖ਼ਤੇ ਚੜ੍ਹਾਉਣਾ ਸੀ,
ਤੇ ਉਸਦੇ ਨਾਂ ਦੀਆਂ ਲਗੀਆਂ ਨੇ ਥਾਂ ਥਾਂ ਤਖ਼ਤੀਆਂ ਯਾਰੋ।
ਕਦੇ ਵੀ ਮਾਫ਼ ਨਾ ਕਰਨਾ ਕਰੋ ਇਹ ਫ਼ੈਸਲਾ ਸਾਰੇ,
ਤੂਫ਼ਾਨਾਂ ਨਾਲ ਰਲ ਗਈਆਂ ਨੇ ਜੋ ਜੋ ਕਿਸ਼ਤੀਆਂ ਯਾਰੋ।
ਇਹ ਹਾਕਮ ਦੇ ਨਿਸ਼ਾਨੇ ‘ਤੇ ਹਮੇਸ਼ਾ ਵਾਂਗ ਹੁਣ ਵੀ ਹਨ,
ਜਿਨ੍ਹਾਂ ਵਿਚ ਜੰਮਦੇ ਬਾਗੀ ਇਹ ਹਨ ਉਹ ਬਸਤੀਆਂ ਯਾਰੋ।
ਬਰਾਬਰਤਾ ਲਿਆਊ ਜੋ ਅਸੀਂ ਉਸ ਲੋਕ ਯੁੱਧ ਦੇ ਨਾਂ ,
ਕਈ ਸੁਪਨੇ ਕਈ ਰੀਝਾਂ ਸਮਰਪਤ ਕਰਤੀਆਂ ਯਾਰੋ।
ਸਿਲੇ ਚੁਗਣੇ ‘ਤੇ ਡੰਗਰ ਚਾਰਨੇ ਫਿਰ ਜੂਠ ਖਾ ਲੈਣੀ,
ਅਸੀਂ ਇਹ ਮਾਣੀਆਂ ਬਚਪਨ ‘ਚ ਮੌਜ਼ਾਂ ਮਸਤੀਆਂ ਯਾਰੋ।
ਜ਼ਮਾਨੇ ਨਾਲ ਬਦਲਣ ਜੋ ਬਥੇਰੇ ਹੋਣਗੇ ‘ਤਨਵੀਰ’,
ਜ਼ਮਾਨੇ ਨੂੰ ਬਦਲ ਦਈਏ ਅਸੀਂ ਉਹ ਹਸਤੀਆਂ ਯਾਰੋ।
*
ਦਰਜ ਕਰਾਂਗੇ ਜਿੱਤਾਂ ਜਦ ਹੈਵਾਨਾਂ ਉੱਤੇ।
ਲਿਖ ਹੋਣੇ ਫਿਰ ਸਾਡੇ ਨਾਮ ਚਟਾਨਾਂ ਉੱਤੇ।
ਸਾਡਾ ਜ਼ੇਰਾ ਦੇਖ ਸਲੀਬਾਂ ਸੋਚਦੀਆਂ ਹਨ,
ਚੜ੍ਹਿਆ ਹੁਣ ਉਲਫ਼ਤ ਦਾ ਰੰਗ ਜਵਾਨਾਂ ਉੱਤੇ।
ਨਿਰਣੇ, ਏਕੇ ਦੇ ਬਿਨ ਬਾਜ਼ੀ ਹਾਰੀ ਜਿਨ੍ਹਾਂ,
ਦੋਸ਼ ਲਗਾਈ ਜਾਂਦੇ ਤੀਰ ਕਮਾਨਾਂ ਉੱਤੇ।
ਹੱਥੀਂ ਕੀਤੀ ਮਿਹਨਤ ਦੇ ਵਿਚ ਬਰਕਤ ਹੁੰਦੀ,
ਆਸ ਲਗਾ ਕੇ ਬੈਠੀਂ ਨਾ ਵਰਦਾਨਾਂ ਉੱਤੇ।
ਮੁੱਦਤ ਪਿੱਛੋਂ ਇਕ ਪਰਦੇਸੀ ਘਰ ਆਇਆ ਹੈ,
ਲਗਦਾ ਤਾਂ ਹੀ ਪੀਂਘ ਪਈ ਅਰਮਾਨਾਂ ਉੱਤੇ।
ਹੱਕਦਾਰਾਂ ਦੇ ਹਿੱਸੇ ਦੀ ਜਦ ਗੱਲ ਤੁਰੀ ਤਾਂ,
ਸਭ ਦੇ ਤਾਲ਼ੇ ਲੱਗੇ ਫੇਰ ਜ਼ੁਬਾਨਾਂ ਉੱਤੇ।
ਮੰਦਰ, ਮਸਜਿਦ ਮੱਲੇ ਹਨ ‘ਤਨਵੀਰ’ ਜਿਨ੍ਹਾਂ ਨੇ,
ਹੱਕ ਜਤਾਂਉਦੇ ਲੋਕੀ ਉਹ ਸ਼ਮਸ਼ਾਨਾਂ ਉੱਤੇ।
*
ਦੁਸ਼ਮਣੀ ਦੀ ਛਡ ਕਹਾਣੀ ਦੋਸਤੀ ਨੂੰ ਮਾਣ ਲੈ।
ਜ਼ਿੰਦਗੀ ਹੈ ਖ਼ੂਬਸੁਰਤ ਜ਼ਿੰਦਗੀ ਨੂੰ ਮਾਣ ਲੈ।
ਵਸਲ ਦੇ ਪਲ ਤੂੰ ਹੰਢਾਏ ਹਨ ਬੜੇ ਚਾਵਾਂ ਦੇ ਨਾਲ,
ਬੇਰੁਖੀ ਦਾ ਜੇ ਹੈ ਮੌਸਮ ਬੇਰੁਖੀ ਨੂੰ ਮਾਣ ਲੈ।
ਸੋਚ ਤੇਰੀ ਨੇਰ੍ਹਿਆਂ ਦੀ ਈਰਖਾ ਵਿਚ ਭਟਕਦੀ,
ਆ ਮੁਹੱਬਤ ਦੀ ਜ਼ਰਾ ਤੂੰ ਰੌਸ਼ਨੀ ਨੂੰ ਮਾਣ ਲੈ।
ਸਿਸਕਣੇ ਦੀ ਹੈ ਮਿਲੀ ਸੌਗਾਤ ਵੀ ਮਹਿਬੂਬ ਤੋਂ,
ਸਿਸਕਦੀ ਹੈ ਜ਼ਿੰਦਗੀ ਜੇ, ਸਿਸਕਦੀ ਨੂੰ ਮਾਣ ਲੈ।
ਮਹਿਕ ਬਣਕੇ ਘੁਲ ਗਿਆਂ ਸਾਹਾਂ ‘ਚ ਮੇਰੇ ਦਿਲਬਰਾ,
ਦਿਲ ਲਗਾਇਆ ਹੈ ਅਗਰ ਤਾਂ ਦਿਲਲਗੀ ਨੂੰ ਮਾਣ ਲੈ।
ਦਿਨ ਚੜ੍ਹੇ ‘ਤੇ ਸੋਚ ਲੈਣਾ ਤੂੰ ਸਫ਼ਰ ਦੇ ਵਾਸਤੇ,
ਰਾਤ ਹੈ ਜੇ ਖੁਸ਼ਨੁਮਾ ਤਾਂ ਰਾਤਰੀ ਨੂੰ ਮਾਣ ਲੈ।
ਇਕ ਦੋ ਪਲ ਹੀ ਕੋਲ ਬਚਦੇ ਹਨ ‘ਅਜੇ ਤਨਵੀਰ’ ਦੇ,
ਕੋਲ ਉਸਦੇ ਬਹਿ ਕੇ ਉਸਦੀ ਸਾਦਗੀ ਨੂੰ ਮਾਣ ਲੈ।
*
ਉਤਲੇ ਮਨੋ ਜੋ ਪਿਆਰ ਦੀ, ਹਾਮੀ ਉਹ ਭਰ ਗਏ ਨੇ।
ਨਾਟਕ ਉਹ ਦੋਸਤੀ ਦਾ, ਹੁਣ ਫੇਰ ਕਰ ਗਏ ਨੇ।
ਮਕਤਲ ‘ਚ ਨੱਚਦੇ ਜਦ, ਦੇਖੇ ਬੇ-ਖੌਫ਼ ਬਾਗੀ,
ਕੁਝ ਮੌਤ ਦੇ ਸੁਦਾਗਰ, ਡਰ ਡਰ ਕੇ ਮਰ ਗਏ ਨੇ।
ਮਿਲਣੀ ਸਜ਼ਾ ਉਨ੍ਹਾਂ ਨੂੰ, ਇਕ ਦਿਨ ਜ਼ਰੂਰ ਦੇਖੀਂ,
ਜੋ ਛੇੜ ਛਾੜ ਕੁਦਰਤ ਦੇ ਨਾਲ ਕਰ ਗਏ ਨੇ।
ਐਸੇ ਲਿਖਾਰੀਆਂ ਨੂੰ ਲਾਹਨਤ ਮੈਂ ਭੇਜਦਾਂ ਜੋ,
ਇਖ਼ਲਾਕ ਹਾਕਮਾਂ ਦੇ ਪੈਰਾਂ ‘ਚ ਧਰ ਗਏ ਨੇ।
ਰੱਖੇ ਜਿਨ੍ਹਾਂ ਤਖ਼ੱਲੁਸ, ਜੁਗਨੂੰ, ਚਿਰਾਗ਼, ਸੂਰਜ,
ਜਦ ਰਾਤ ਪੈਣ ਲੱਗੀ, ਨੇਰ੍ਹੇ ਤੋਂ ਡਰ ਗਏ ਨੇ।
‘ਤਨਵੀਰ’ ਉਹ ਕਿਵੇਂ ਹਨ, ਸ਼ਤਰੰਜ ਦੇ ਖਿਡਾਰੀ,
ਜੋ ਖੇਡਣੇ ਤੋਂ ਪਹਿਲਾਂ, ਬਾਜ਼ੀ ਨੂੰ ਹਰ ਗਏ ਨੇ।
*
ਜੀਣ ਮਰਨ ਦੇ ਵਾਅਦੇ ਕਰਕੇ ।
ਬੁਜ਼ਦਿਲ ਦੋੜ ਗਿਆ ਹੈ ਡਰਕੇ ।
ਗਲਵਕੜੀ ਪਾ ਲੈਣ ਨਦੀ ਨੂੰ,
ਛੱਲਾਂ ਨਾਲ ਕਿਨਾਰੇ ਖਰਕੇ।
ਮਾਂ ਨੇ ਘੁੱਟ ਕੇ ਸੀਨੇ ਲਾਇਆ,
ਜਦ ਮੈਂ ਤਕਿਆ ਅੱਖਾਂ ਭਰਕੇ।
ਬਿਜੜੇ ਵਾਂਗਰ ਹਿੰਮਤ ਕਰ ਤੂੰ,
ਜੀਣਾ ਪੈਂਦਾਂ ਉੱਦਮ ਕਰਕੇ।
ਅਮਲਾਂ ਬਿਨ ਹਾਸਲ ਨਾ ਹੋਣਾ ,
ਪੜ੍ਹ ਲੈ ਜਿੰਨੇ ਮਰਜ਼ੀ ਵਰਕੇ ।
ਜਿੱਤਣ ਦੀ ਤੂੰ ਆਸ ਨਾ ਛੱਡੀਂ,
ਡਾਢੇ ਤੋਂ ਸੌ ਵਾਰੀ ਹਰਕੇ।
ਤੇਰੇ ਬਿਨ ‘ਤਨਵੀਰ ਅਜੇ ‘ਨੇ,
ਉਮਰ ਗੁਜ਼ਾਰੀ ਹਉਕੇ ਭਰਕੇ।
ਈ-ਮੇਲ : ajaynarr@icloud.com