ਨੇਮਾਰ ਦਾ ਰੀਅਲ ਮੈਡ੍ਰਿਡ ਜਾਣਾ ਬਾਰਸੀਲੋਨਾ ਲਈ ਖਤਰਨਾਕ : ਮੈਸੀ

ਮੈਡ੍ਰਿਡ : ਅਰਜਨਟੀਨਾ ਦੇ ਸਟਾਰ ਖਿਡਾਰੀ ਅਤੇ ਬਾਰਸੀਲੋਨਾ ਵਿਚ ਨੇਮਾਰ ਦੇ ਸਾਥੀ ਖਿਡਾਰੀ ਰਹੇ ਲਿਓਨਲ ਮੈਸੀ ਨੇ ਕਿਹਾ ਹੈ ਕਿ ਜੇਕਰ ਬ੍ਰਾਜ਼ੀਲੀ ਫੁੱਟਬਾਲਰ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਛੱਡ ਕੇ ਰੀਅਲ ਮੈਡ੍ਰਿਡ ਵਿਚ ਸ਼ਾਮਿਲ ਹੋ ਜਾਂਦਾ ਹੈ ਤਾਂ ਇਹ ਬਾਰਸੀਲੋਨਾ ਦੇ ਲਈ ਨੁਕਸਾਨਦੇਹ ਸਾਬਿਤ ਹੋਵੇਗਾ।
ਬਾਰਸੀਲੋਨਾ ਵਿਚ ਨੇਮਾਰ ਦੇ ਨਾਲ 2 ਚੈਂਪੀਅਨਸ ਲੀਗ ਅਤੇ 2 ਲਾ ਲੀਗਾ ਖਿਤਾਬ ਜਿੱਤ ਚੁਕੇ ਮੈਸੀ ਨੇ ਕਿਹਾ ਕਿ ਉਸ ਨੇ ਵੀ ਬ੍ਰਾਜ਼ੀਲੀ ਖਿਡਾਰੀ ਨਾਲ ਇਸ ਬਾਰੇ ਵਿਚ ਗੱਲ ਕੀਤੀ ਹੈ। ਮੈਸੀ ਨੇ ਨੇਮਾਰ ਦੇ ਪੈਰਿਸ ਸੇਂਟ ਜਰਮਨ ਛੱਡਣ ਨੂੰ ਲੈ ਕੇ ਕਿਹਾ ਕਿ ਨੇਮਾਰ ਜੇਕਰ ਇਸ ਤਰ੍ਹਾਂ ਕਰਦਾ ਹੈ ਤਾਂ ਇਹ ਚੰਗੀ ਖਬਰ ਨਹੀਂ ਹੋਵੇਗੀ ਕਿਉਂਕਿ ਉਹ ਬਾਰਸੀਲੋਨਾ ਦੇ ਲਈ ਬਣਿਆ ਸੀ। ਜੇਕਰ ਉਹ ਉਸ ਨੂੰ ਛੱਡ ਕੇ ਰੀਅਲ ਮੈਡ੍ਰਿਡ ਵਿਚ ਸ਼ਾਮਿਲ ਹੋ ਜਾਂਦਾ ਹੈ ਤਾਂ ਬਾਰਸੀਲੋਨਾ ਲਈ ਇਹ ਬਹੁਤ ਖਤਰਨਾਕ ਸਥਿਤੀ ਹੋਵੇਗੀ।
ਮੈਸੀ ਨੇ ਹੱਸਦੇ ਹੋਏ ਕਿਹਾ ਕਿ ਜੇਕਰ ਉਹ ਰੀਅਲ ਮੈਡ੍ਰਿਡ ਦਾ ਹਿੱਸਾ ਬਣ ਜਾਂਦਾ ਹੈ ਤਾਂ ਇਹ ਟੀਮ ਹੋਰ ਵੀ ਮਜ਼ਬੂਤ ਹੋ ਜਾਵੇਗੀ ਅਤੇ ਬਾਰਸੀਲੋਨਾ ਲਈ ਇਹ ਬਿਲਕੁੱਲ ਚੰਗਾ ਨਹੀਂ ਹੋਵੇਗਾ। ਵੈਸੇ ਮੈਂ ਨੇਮਾਰ ਨੂੰ ਖੁਦ ਵੀ ਇਹ ਗੱਲ ਕਹਿ ਦਿੱਤੀ ਹੈ। ਬ੍ਰਾਜ਼ੀਲੀ ਖਿਡਾਰੀ ਨੇਮਾਰ ਨੇ ਪਿਛਲੇ ਸਾਲ ਅਗਸਤ ਵਿਚ ਬਾਰਸੀਲੋਨਾ ਛੱਡ ਦਿੱਤੀ ਸੀ ਅਤੇ ਉਹ ਫਰਾਂਸ ਦੀ ਪੀ. ਐੱਸ. ਜੀ. ਟੀਮ ਵਿਚ ਸ਼ਾਮਿਲ ਹੋ ਗਿਆ ਸੀ, ਜਿਸ ਨੇ ਵਿਸ਼ਵ ਰਿਕਾਰਡ ਕਰਾਰ ਕਰਦੇ ਹੋਏ ਨੇਮਾਰ ਨੂੰ ਖਰੀਦਿਆ ਸੀ। ਹਾਲ ਹੀ ਵਿਚ ਮੀਡੀਆ ਵਿਚ ਆ ਰਹੀਆਂ ਖਬਰਾਂ ਦੇ ਅਨੁਸਾਰ ਨੇਮਾਰ ਪੈਰਿਸ ਛੱਡ ਕੇ ਰੀਅਲ ਮੈਡ੍ਰਿਡ ਟੀਮ ਦਾ ਹਿੱਸਾ ਬਣ ਸਕਦਾ ਹੈ।
ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਦੇ ਚੇਅਰਮੈਨ ਨੇ ਇਸੇ ਹਫਤੇ ਨੇਮਾਰ ਦੇ ਕਲੱਬ ਛੱਡਣ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਉਸ ਦੇ ਪੀ. ਐੱਸ. ਜੀ. ਨਾਲ ਬਣੇ ਰਹਿਣ ਨੂੰ ਲੈ ਕੇ ਬਿਆਨ ਦਿੱਤਾ ਹੈ। ਉਸ ਨੇ ਕਿਹਾ, ”ਨੇਮਾਰ 2000 ਫੀਸਦੀ ਅਗਲੇ ਸੈਸ਼ਨ ਲਈ ਵੀ ਪੈਰਿਸ ਵਿਚ ਹੀ ਰਹੇਗਾ।
5 ਵਾਰ ਦੇ ਵਿਸ਼ਵ ਪਲੇਅਰ ਆਫ ਦੀ ਯੀਅਰ ਮੈਸੀ ਨੇ ਕਿਹਾ ਕਿ ਉਹ ਰੂਸ ਵਿਚ ਹੋਣ ਵਾਲੇ ਵਿਸ਼ਵ ਕੱਪ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਉਸ ਦਾ ਮੁੱਢਲਾ ਟੀਚਾ ਅਰਜਨਟੀਨਾ ਦੇ ਲਈ ਸੈਮੀਫਾਈਨਲ ਵਿਚ ਜਗ੍ਹਾ ਬਣਾਉਣਾ ਹੈ। ਬ੍ਰਾਜ਼ੀਲ ਵਿਚ ਪਿਛਲੇ ਵਿਸ਼ਵ ਕੱਪ ਵਿਚ ਉਪ-ਜੇਤੂ ਰਹੀ ਅਰਜਨਟੀਨਾ ਨੇ ਸਾਲ 1993 ਵਿਚ ਕੋਪਾ ਅਮਰੀਕਾ ਦੇ ਬਾਅਦ ਤੋਂ ਕੋਈ ਮੇਜਰ ਅੰਤਰਰਾਸ਼ਟਰੀ ਖਿਤਾਬ ਨਹੀਂ ਜਿੱਤਿਆ ਹੈ। ਟੀਮ ਸਾਲ 2015 ਅਤੇ 2016 ਵਿਚ ਵੀ ਕੋਪਾ ਅਮਰੀਕਾ ਦੇ ਫਾਈਨਲ ਵਿਚ ਪਹੁੰਚੀ ਸੀ ਪਰ ਦੋਵੇਂ ਵਾਰ ਹਾਰ ਗਈ।