ਪੰਜਾਬੀ ਰੰਗਮੰਚ ਦੀਆਂ ਟੂਟੀਆਂ
ਡਾ. ਸਾਹਿਬ ਸਿੰਘ
+91-98880-11096
ਗੱਲ ਉਨ੍ਹਾਂ ਦਿਨਾਂ ਦੀ ਐ ਜਦੋਂ ਡਾ. ਆਤਮਜੀਤ ਦੇ ਘਰ ਦਾ ਪੁਨਰ ਨਿਰਮਾਣ ਚੱਲ ਰਿਹਾ ਸੀ ਨਿਰਮਾਣ ਕਾਰਜ ਚੱਲਦਿਆਂ ਹੁਣ ਬਾਥਰੂਮ ਦੀਆਂ ਟੂਟੀਆਂ ਲੱਗਣ ਦੀ ਵਾਰੀ ਹੈ ਤੇ ਮੇਰਾ ਫੋਨ ਖੜਕ ਪਿਆ ਹੈ੩੩ ‘ਆਤਮਜੀਤ’ ਤੇ ‘ਸਾਹਿਬ’ ਦੀ ਵਾਰਤਾਲਾਪ ਹੋ ਰਹੀ ਹੈ। ਸੰਦਰਭ ਟੂਟੀਆਂ ਦਾ ਹੈ। ਸੋਚਦੇ ਹੋਵੋਗੇ ਕਿ ਇਹ ਰੰਗਮੰਚ ਵਾਲੇ (ਇਹ ਲਫ਼ਜ਼ ਤੁਸੀਂ ਕਿੱਥੇ ਵਰਤਦੇ ਓ!), ਡਰਾਮੇ ਵਾਲੇ (ਕੁਝ ਤਾਂ ਇਹ ਵੀ ਨਹੀਂ ਵਰਤਦੇ!!) ਡਰਾਮੇਬਾਜ਼ ਵੀ ਅਜੀਬ ਨੇ (ਆਇਆ ਨਾ ਸੁਆਦ!!!)੩ ਕਹੋਗੇ, ”ਭਲਾ ਟੂਟੀ ਵੀ ਕੋਈ ਸੰਦਰਭ ਹੋਇਆ, ਟੂਟੀ ਤਾਂ ਟੂਟੀ ਏ, ਖੋਲ੍ਹੋ ਤਾਂ ਪਾਣੀ ਆਉਂਦਾ ਏ, ਬੰਦ ਕਰ ਦਿਓ ਤਾਂ ਮਨ ਸ਼ਾਂਤ ਹੋ ਜਾਂਦਾ ਕਿ ਹੁਣ ਬਿੱਲ ਜ਼ਿਆਦਾ ਨਹੀਂ ਆਏਗਾ।”੩ਪਰ ਡਾ. ‘ਆਤਮਜੀਤ’ ਤੇ ‘ਸਾਹਿਬ’ ਦੀ ਕੋਈ ਤਾਂ ਟੂਟੀ-ਸਾਂਝ ਹੈ, ਬਸ ਇਹੀ ਅੱਜ ਦੀ ਇਸ ਕਲਮ ਘਸਾਈ ਦਾ ਕਾਰਨ ਹੈ। ਇਹ ਦੋ ਟੂਟੀਆਂ ਜਾਣਦੀਆਂ ਨੇ ਕਿ ਇਕ ਆਈ.ਐਸ.ਆਈ. ਮਾਰਕਾ ਟੂਟੀ ਆਪਣੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਇਨ੍ਹਾਂ ਟੂਟੀਆਂ ਅੰਦਰ ਐਸਾ ਜੋੜ ਬਣ ਕੰਮ ਕਰ ਰਹੀ ਹੈ ਕਿ ਇਹ ਟੂਟੀਆਂ ਲੋਕਾਈ ਦੀ ਪਿਆਸ ਬੁਝਾਉਣ ਲਈ ਯਤਨਸ਼ੀਲ ਹਨ ਤੇ ਲੋਕ ਇਨ੍ਹਾਂ ਟੂਟੀਆਂ ਨੂੰ ਅਪਣਾ ਰਹੇ ਹਨ। ਗੱਲ ਵੀਹ ਕੁ ਸਾਲ ਪੁਰਾਣੀ ਐਂ, ਭਾਅਜੀ ਗੁਰਸ਼ਰਨ ਸਿੰਘ ਦੇ ਘਰ ਮੈਂ ਕਿਸੇ ਨਾਟਕ ਦੀ ਰਿਹਰਸਲ ਲਈ ਗਿਆ ਸੀ, ਓਨੀਂ ਦਿਨੀਂ ਮੈਂ ਡਾ. ਆਤਮਜੀਤ ਦੇ ਨਾਟਕ ‘ਪੂਰਨ’ ਵਿੱਚ ‘ਸਲਵਾਨ’ ਦਾ ਰੋਲ ਕਰ ਰਿਹਾ ਸੀ। ਮੈਂ ਭਾਅਜੀ ਨਾਲ ‘ਆਤਮਜੀਤੀ ਤਜਰਬੇ’ ਸਾਂਝੇ ਕਰ ਰਿਹਾ ਸੀ ਤੇ ਖ਼ੁਸ਼ੀ ਨਾਲ ਫੁੱਲਿਆ ਹੋਇਆ ਸੀ ਕਿ ਮੈਂ ਬਤੌਰ ਅਦਾਕਾਰ ਦੋ ਵੱਡੇ ਮੋਰਚੇ ਸਰ ਕਰ ਲਏ ਹਨ੩ ਭਾਅਜੀ ਬੜੇ ਪਿਆਰ ਨਾਲ ਮੈਨੂੰ ਡਾ. ਆਤਮਜੀਤ ਦੀ ਵਿਦਵਤਾ, ਬਾਰੀਕਬੀਨੀ, ਤਕਨੀਕੀ ਨਿਪੁੰਨਤਾ ਆਦਿ ਬਾਰੇ ਸਮਝਾ ਰਹੇ ਸਨ (ਬਿਲਕੁਲ ਉਵੇਂ ਜਿਵੇਂ ਇਕ ਬਾਪ ਆਪਣੇ ਬੱਚੇ ਨੂੰ ਕਹਿ ਰਿਹਾ ਹੋਵੇ ਕਿ ਫਲਾਣੇ ਅਧਿਆਪਕ ਕੋਲੋਂ ਤੂੰ ਬਹੁਤ ਕੁਝ ਸਿੱਖੇਂਗਾ!)੩ ਮੈਂ ਮੰਤਰ-ਮੁਗਧ ਹੋਇਆ ਸੁਣ ਰਿਹਾ ਸੀ ਕਿ ਅੰਤ ਵਿੱਚ ਭਾਅਜੀ ਨੇ ਇਕ ਰੰਗਮੰਚੀ ਤੁਣਕਾ ਮਾਰਿਆ, ”ਉਂਝ ਆਤਮਜੀਤ ਬੜਾ ਟੂਟੀ ਏ।” ਇਹ ਬੋਲ ਕੇ ਭਾਅਜੀ ਆਪਣੇ ਅੰਦਾਜ਼ ‘ਚ ਹੱਸੇ ਪਰ ਮੈਂ ਨਾ ਹੱਸਿਆ, ਨਾ ਗੰਭੀਰ ਹੋਇਆ ਪਰ ਘਰ ਜਾ ਕੇ ਸੋਚਦਾ ਰਿਹਾ੩ਭਾਅਜੀ ਨੇ ਆਤਮਜੀਤ ਦੀ ਤਾਰੀਫ਼ ਕੀਤੀ ਏ ਜਾਂ ਬਦਖੋਈ? ਮੈਨੂੰ ਅਸੀਸ ਦਿੱਤੀ ਏ ਜਾਂ ਕੋਈ ਤਾੜਨਾ ਕੀਤੀ ਏ!! ਭਾਅਜੀ ਆਤਮਜੀਤ ਦੇ ਮਿੱਤਰ ਨੇ ਜਾਂ ਦੁਸ਼ਮਣ!!! (ਉਦੋਂ ਦੁਸ਼ਮਣੀ ਅਤੇ ਮਿੱਤਰਤਾ ਦੇ ਵਿਚਕਾਰਲਾ ਸ਼ਬਦ ਅਜੇ ਸਮਝ ਨਹੀਂ ਸੀ ਆਇਆ!)੩ ਮੈਨੂੰ ਉਹ ਕੀ ਕਹਿਣਾ ਚਾਹੁੰਦੇ ਨੇ। ਕਈ ਮਹੀਨੇ ਮੈਂ ਇਸ ਸਵਾਲ ਨਾਲ ਜੂਝਦਾ ਰਿਹਾ। ਪੰਜਾਬੀਆਂ ਦੀ ਨਾਟਕ ਬਾਰੇ ਸਮਝ ਵਾਲੀ ਟੂਟੀ ਜ਼ਿਆਦਾਤਰ ‘ਖੱਬੇ ਪਾਸੇ’ ਨੂੰ ਹੀ ਖੁੱਲ੍ਹਦੀ ਹੈ, ਇਹ ਟੂਟੀ ਕਿੱਧਰ ਨੂੰ ਘੁਮਾਈ ਬਾਬੇ ਨੇ, ਸਮਝਣ ‘ਚ ਕਈ ਸਾਲ ਲੱਗ ਗਏ।
ਭਾਜੀ ਦਾ ਨਾਟਕ ਬਾ-ਮਕਸਦ ਸੀ, ਆਤਮਜੀਤ ਦਾ ਵੀ। ਭਾਅਜੀ ਦਰਸ਼ਕਾਂ ਵਿੱਚ ਬਹੁਤ ਹਰਮਨ-ਪਿਆਰੇ ਹਨ, ਆਤਮਜੀਤ ਵੀ ਦਰਸ਼ਕਾਂ ਨੂੰ ਕੀਲ ਲੈਣ ਦੀ ਸਮਰੱਥਾ ਰੱਖਦੇ ਹਨ। ਭਾਅਜੀ ਕੋਈ ਨਾ ਕੋਈ ਸੱਚ ਉਜਾਗਰ ਕਰਕੇ ਸਮਾਜ ਨੂੰ ਤਬਦੀਲੀ ਦੇ ਰਾਹ ਪਾਉਣਾ ਚਾਹੁੰਦੇ ਹਨ, ਆਤਮਜੀਤ ਵੀ ਪ੍ਰਾਪਤ ਵਿਵਸਥਾ ਪ੍ਰਤੀ ਆਕ੍ਰੋਸ਼ ਪ੍ਰਗਟ ਕਰਦੇ ਹਨ। ਇਹਦਾ ਅਰਥ ਤਾਂ ਇਹ ਨਿਕਲਦਾ ਹੈ ਕਿ ਦੋਵੇਂ ਟੂਟੀਆਂ ਦਾ ਪਾਣੀ ਬੰਜਰ ਹੋਈ ਜ਼ਮੀਨ ਨੂੰ ਉਪਜਾਊ ਕਰਨ ਦੇ ਆਹਰ ਵਿੱਚ ਹੈ। ਫਿਰ ਅੰਤਰ ਤਾਂ ਅੰਦਾਜ਼ ਵਿੱਚ ਹੋਇਆ, ਨਿਸ਼ਾਨੇ ‘ਚ ਨਹੀਂ। ਮੈਂ ਆਪਣੀ ਦੁਬਿਧਾ ‘ਚੋਂ ਨਿਕਲਣ ਲਈ ਕਿਸੇ ਤਣ-ਪੱਤਣ ਲੱਗਣ ਹੀ ਵਾਲਾ ਸੀ ਕਿ ਇਕ ਦਿਨ ਭਾਅਜੀ ਨੇ ਇਕ ਨਵੀਂ ਟੂਟੀ ਈਜਾਦ ਕਰ ਮਾਰੀ।
ਮੈਂ ਸੁਰਿੰਦਰ ਧੰਜਲ ਦੁਆਰਾ ਸੰਪਾਦਿਤ ਕਿਤਾਬ ‘ਬਘਿਆੜਾਂ ਦੇ ਵੱਸ’ ਤਾਜ਼ੀ-ਤਾਜ਼ੀ ਪੜ੍ਹੀ ਸੀ, ਧੰਜਲ ਵੱਲੋਂ ਪੇਸ਼ ਕੀਤੇ ਵਿਸ਼ਲੇਸ਼ਣ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਸੀ। ਭਾਅਜੀ ਨਾਲ ਇਸ ਦਾ ਜ਼ਿਕਰ ਕੀਤਾ, ਭਾਅਜੀ ਮੈਨੂੰ ਕੁਝ ਦੇਰ ਸੁਣਦੇ ਰਹੇ (ਵਿੱਚ ਸੁਖਿੰਦਰ ਦਾ ਵੀ ਜ਼ਿਕਰ ਆਇਆ)੩ ਫਿਰ ਆਪਣੇ ਖ਼ਸੂਸੀ ਅੰਦਾਜ਼ ‘ਚ ਕਹਿੰਦੇ, ”ਏਅ ਅ ਸਾਹਬ, ਧੰਜਲ ਦੀ ਕੀ ਗੱਲ ਕਰਨਾ ਏਂ, ਉਹਨੂੰ ਮੈਂ ਬੜੀ ਦੇਰ ਤੋਂ ਜਾਣਨਾ ਵਾਂ੩ ਉਹ ਬੜਾ ਟੂਟੀ ਏ।” ਉਦੋਂ ਅਜੇ ਡਾ. ਆਤਮਜੀਤ ਦੇ ਨਾਟਕ ‘ਕੈਮਲੂਪਸ ਦੀਆਂ ਮੱਛੀਆਂ’ ਦਾ ਆਗਮਨ ਨਹੀਂ ਸੀ ਹੋਇਆ ਤੇ ਧੰਜਲ ਦਾ ਵਿਸਤ੍ਰਿਤ ਲੇਖ ਸਾਹਮਣੇ ਨਹੀਂ ਸੀ ਆਇਆ, ਇਸ ਲਈ ਮੈਂ ‘ਟੂਟੀ ਪਰਿਵਾਰ’ ਦਾ ਕੋਈ ‘ਆਤਮਜੀਤ-ਧੰਜਲ’ ਸੰਪਰਕ ਨਾ ਜੋੜ ਸਕਿਆ। ਬਸ ਇੰਨਾ ਸਪਸ਼ਟ ਹੋ ਗਿਆ ਕਿ ਬਾਬੇ ਦੇ ਮੂੰਹੋਂ ਨਿਕਲਿਆ ਲਫ਼ਜ਼ ‘ਟੂਟੀ’ ਆਮ ਟੂਟੀਆਂ ਵਾਂਗ ਖੁੱਲ੍ਹਦਾ ਅਤੇ ਬੰਦ ਨਹੀਂ ਹੁੰਦਾ ੩ਇਹ ਤਾਂ ਕਿਸੇ ਰਹੱਸਮਈ ਪਹਾੜੀ ਝੜਨੇ ਵਾਂਗ ਵਗਦੀ ਜਲ-ਧਾਰਾ ਵਰਗਾ ਕੁਝ ਬਿਆਨ ਕਰ ਰਿਹਾ ਹੈ। ਰਹੀ ਸਹੀ ਕਸਰ ਉਦੋਂ ਪੂਰੀ ਹੋ ਗਈ ਜਦੋਂ ਭਾਅਜੀ ਨੇ ਇਕ ਦਿਨ ਕੇਵਲ ਧਾਲੀਵਾਲ ਦੇ ਇਕ ਨਾਟਕ ਤੋਂ ਖ਼ੁਸ਼ ਹੋ ਕੇ ਮੈਨੂੰ ਕਿਹਾ ਕਿ ਕੇਵਲ ਹੁਣ ‘ਪੂਰਾ ਟੂਟੀ’ ਹੋ ਗਿਆ ਹੈ੩ ਤੇ ਸਿਖ਼ਰ ਉਦੋਂ ਵਾਪਰਿਆ ਜਦੋਂ ਕੇਵਲ ਨੇ ਮੈਨੂੰ ਦੱਸਿਆ ਕਿ ਭਾਅਜੀ ਇਕ ਦਿਨ ਕਹਿੰਦੇ, ”ਸਾਹਬ ਨੂੰ ਮੈਂ ਪਹਿਲੀ ਵਾਰ ਈ ਸਟੇਜ ‘ਤੇ ਦੇਖਿਆ ਸੀ ਤਾਂ ਸਮਝ ਗਿਆ ਸੀ ਕਿ ਇਹ ਪੂਰਾ ‘ਟੂਟੀ’ ਕਲਾਕਾਰ ਏ।”
ਇਸ ਤੋਂ ਬਾਅਦ ਭਾਅਜੀ ਦੇ ਮੂੰਹੋਂ ਨਿਕਲਿਆ ਇਹ ਸਹਿਜ ਸੁਭਾਵਿਕ ਸ਼ਬਦ ਸਾਡੀਆਂ ਮਹਿਫ਼ਲਾਂ ਦਾ ਸ਼ਿੰਗਾਰ ਬਣ ਗਿਆ, ਅਸੀਂ ਗੱਲ-ਗੱਲ ‘ਤੇ ਇਕ-ਦੂਜੇ ਨੂੰ ‘ਟੂਟੀ’ ਕਹਿ ਕੇ ਸੁਆਦ ਲੈਂਦੇ। ਇਸ ਸ਼ਬਦ ਅੰਦਰ ਤਾਰੀਫ਼ ਵੀ ਸੀ, ਵਿਸ਼ਲੇਸ਼ਣ ਵੀ੩ ਜਿਵੇਂ ਭਾਅਜੀ ਐਲਾਨ ਕਰ ਰਹੇ ਹੋਣ ਕਿ ਫਲਾਣਾ ਬੰਦਾ ਬੜਾ ਸਿਆਣਾ ਹੈ, ਬੜਾ ਤਜਰਬੇਕਾਰ ਹੈ, ਬੜਾ ਕਾਰੀਗਰ ਹੈ, ਬੜਾ ਮਿਹਨਤੀ ਹੈ, ਬੜਾ ਸਿਰੜੀ ਹੈ, ਬੜਾ ਹਰਮਨ-ਪਿਆਰਾ ਹੈ ਪਰ੩ ਪਰ ਟੂਟੀ ਹੋਣ ਲਈ ਭਾਅਜੀ ਅਨੁਸਾਰ ਇਨ੍ਹਾਂ ਗੁਣਾਂ ਦੇ ਨਾਲ-ਨਾਲ ਹੇਠ ਲਿਖੇ ਗੁਣਾਂ ‘ਚੋਂ ਕੋਈ ਇਕ ਜਾਂ ਸਾਰੇ ਹੋਣੇ ਜ਼ਰੂਰੀ ਸਨ:-
ਸੰਵੇਦਨਸ਼ੀਲ, ਸ਼ਰਾਰਤੀ, ਸਕੀਮੀ, ਜੁਗਾੜੀ, ਤੇਜ਼-ਤਰਾਰ ਜਾਂ ਪ੍ਰਪੱਕ ਵਿਉਂਤਕਾਰ!!!!!! ਇਹ ਵਿਚਾਰ ਕਰਨੀ ਹੁਣ ਹੋਰ ਵੀ ਜ਼ਰੂਰੀ ਹੋ ਗਈ ਕਿਉਂਕਿ ਪੰਜਾਬੀ ਨਾਟਕ ਅਤੇ ਰੰਗਮੰਚ ਹੁਣ ਬਹੁਤ ਸਾਰੀਆਂ ਨਵੀਆਂ ਪਿਰਤਾਂ ਪਾਉਣ ਲਈ ਯਤਨਸ਼ੀਲ ਹੈ, ਨਾਟਕਾਂ ਦੇ ਵਿਸ਼ੇ ਵੰਨ-ਸੁਵੰਨੇ ਹੋ ਰਹੇ ਹਨ, ਨਾਟਕਾਂ ਦੀ ਘਾੜਤ ਦਿਲਚਸਪ ਹੋ ਰਹੀ ਹੈ, ਸਮਾਜ ਦੀਆਂ ਗੁੰਝਲਾਂ ਨਾਟਕ ‘ਚ ਪ੍ਰਵੇਸ਼ ਕਰ ਰਹੀਆਂ ਹਨ (ਜੋ ਪਹਿਲਾਂ ਸਿਰਫ ਕੁਝ ਚੁਨਿੰਦਾ ਨਾਟਕਕਾਰਾਂ ਦੀਆਂ ਕਿਰਤਾਂ ‘ਚ ਆਉਂਦੀਆਂ ਸਨ।੩ ਮੈਨੂੰ ਇਉਂ ਲੱਗਦਾ ਜਿਵੇਂ ਬਾਜ਼ਾਰ ‘ਚ ਭਾਂਤ-ਭਾਂਤ ਦੀਆਂ ਟੂਟੀਆਂ ਆ ਗਈਆਂ ਹਨ, ਉਵੇਂ ਹੀ ਪੰਜਾਬੀ ਰੰਗਮੰਚ ਦਾ ਵਿਹੜਾ ਵੀ ਸਤਰੰਗੀ ਹੋ ਗਿਆ ਹੈ੩ ਕਿਸੇ ਟੂਟੀ ਦਾ ਮੂੰਹ ‘ਹੇਠਾਂ ਲਟਕਿਆ’ ਹੈ, ਉਪਰ ਚੁੱਕ ਦਿਓ ਤਾਂ ਚੱਲ ਪੈਂਦੀ ਹੈ, ਕਿਸੇ ਨੇ ਮੂੰਹ ਉਤਾਂਹ ਚੁੱਕਿਆ ਹੋਵੇ, ਥੋੜ੍ਹਾ ਦਬਾ ਦਿਓ ਤਾਂ ਚੱਲ ਪੈਂਦੀ ਹੈ੩ ਕਿਸੇ ਦਾ ਕੰਨ ‘ਖੱਬੇ ਪਾਸੇ’ ਮਰੋੜੋ ਤਾਂ ਪਾਣੀ ਨਿਕਲਦਾ ਹੈ, ਕਿਸੇ ਨੂੰ ‘ਸੱਜੇ ਪਾਸੇ’ ਮਰੋੜਾ ਦਿਓ ਤਾਂ ‘ਪਾਣੀ-ਪਾਣੀ’ ਹੋ ਜਾਂਦੀ ਹੈ੩ ਕਿਸੇ ਅੱਗੇ ਜ਼ਰਾ ਜਿੰਨਾ ਹੱਥ ਅੱਡੋ, ਬੁੱਕ ਭਰ ਦਿੰਦੀ ਹੈ੩ ਕੋਈ ਜਿਵੇਂ ਤੁਹਾਡੀ ਛੋਹ ਨੂੰ ਹੀ ਤਰਸ ਰਹੀ ਹੋਵੇ, ਹੱਥ ਲਾਓ ਪਾਣੀ ਹਾਜ਼ਰ! ਟੂਟੀਆਂ ਵੰਨ-ਸੁਵੰਨੀਆਂ!
ਪਰ ਸਵਾਲ ਇਹ ਹੈ ਕਿ ਟੂਟੀਆਂ ਬਚਣ ਕਿਵੇਂ, ਜੇ ਸੰਭਾਲ ਨਾ ਹੋਵੇ! ਟੂਟੀ ‘ਚੋਂ ਪਾਣੀ ਨਿਕਲਦਾ ਤਾਂ ਹਰ ਕਿਸੇ ਨੂੰ ਚੰਗਾ ਲਗਦਾ ਹੈ, ਪਰ ਜੇ ਕਿਤੇ ਘਸ ਕੇ ਟੂਟੀ ਰਿਸਣ ਲੱਗ ਪਵੇ, ਫਸਣ ਲੱਗ ਪਵੇ ਤਾਂ ਉਸ ਦਾ ਰੱਖ-ਰਖਾਓ ਤਾਂ ਕਰਨਾ ਹੀ ਪਉ੩ ਇਹ ਤਾਂ ਨਹੀਂ ਕਿ ਵਿਚਾਰੀ ਨੂੰ ਸੁਬ੍ਹਾ-ਸ਼ਾਮ ਘੁਮਾਈ ਜਾਓ ਤੇ ਜਿੱਦਣ ਥੋੜ੍ਹਾ ਨਖਰਾ ਕਰੇ ਜਾਂ ਪਿਆਰ-ਸਤਿਕਾਰ ਦੀ ਆਸ ਰੱਖੇ, ਤੁਸੀਂ ਉਸ ਨੂੰ ਸੜਨ, ਜਲਣ, ਜੰਗ ਲੱਗਣ ਤੇ ਮੁੱਕ ਜਾਣ ਲਈ ਕਿਸੇ ਖੂੰਜੇ ਸੁੱਟ ਦੇਵੋ! (ਜੁਗਿੰਦਰ ਬਾਹਰਲਾ ਬੜਾ ਟੂਟੀ ਸੀ!)੩ ਉਸ ਦੀਆਂ ਲੋੜਾਂ, ਉਸ ਦੀਆਂ ਪ੍ਰਾਪਤੀਆਂ ਨੂੰ ਅਣਦੇਖਿਆ ਕਰਕੇ ਉਸ ਨੂੰ ਬੇਕਦਰੀ ਦੇ ਡੂੰਘੇ ਖੂਹ-ਖਾਤਿਆਂ ‘ਚ ਡੁੱਬਣ ਲਈ ਮਜਬੂਰ ਕਰ ਦਿਓ! (ਨੰਦ ਲਾਲ ਨੂਰਪੂਰੀ ਬੜਾ ਟੂਟੀ ਸੀ!)੩ ਉਹ ਬਾਗ਼ੀ ਬੋਲ ਉੱਚੇ ਕਰੇ ਤੇ ਜ਼ੋਰਾਵਰਾਂ ਦੀ ਧੱਕੇਸ਼ਾਹੀ ਨੂੰ ਸੜਕਾਂ ‘ਤੇ ਲਲਕਾਰੇ ਤਾਂ ਉਸ ਦੀ ਛਾਤੀ ਅੰਦਰ ਲੋਹਾ ਦਾਗ ਦਿਓ! ‘ਸਫ਼ਦਰ ਹਾਸ਼ਮੀ ਬੜਾ ਟੂਟੀ ਸੀ!) ਉਫ-ਉਫ! ਇਹ ਮੈਨੂੰ ਕੀ ਹੋ ਜਾਂਦਾ ਐ, ਸ਼ਰਾਰਤ ਤੋਂ ਸ਼ੁਰੂ ਹੋਇਆ ਸੀ, ਆਖਿਰ ‘ਆਪਣੀ ਔਕਾਤ’ ‘ਤੇ ਉਤਰ ਹੀ ਆਇਆ। ਪਰ ਕੀ ਕਰਾਂ, ਅਫ਼ਸੋਸ ਹੁੰਦਾ ਐ, ਇਨ੍ਹਾਂ ਸਾਰਿਆਂ ਦੀ ਬੇਵਕਤੀ ਅਤੇ ਜ਼ਾਲਿਮਾਨਾ ਮੌਤ ‘ਤੇ੩ ਪਰ ਦਿਲ ਦੇ ਕਿਸੇ ਕੋਨੇ ਇਕ ਤਸੱਲੀ ਦਾ ਅਹਿਸਾਸ ਵੀ ਜਾਗਦਾ ਐ ਕਿ ਜਦੋਂ ਅਜਮੇਰ ਔਲਖ ਦੀ ਭਿਆਨਕ ਬੀਮਾਰੀ ਬਾਰੇ ਪੰਜਾਬੀਆਂ ਨੂੰ ਕਣਸੋਅ ਮਿਲੀ ਤਾਂ ਉਨ੍ਹਾਂ ਸੁਰ ਮਿਲਾ ਕੇ ਆਖਿਆ, ”ਅਸੀਂ ਤੈਨੂੰ ਜਾਣ ਨਹੀਂ ਦੇਣਾ ਅਜਮੇਰ ਬਾਈ।” ੩ਤੇ ਵਿਹੜਿਆਂ, ਖੇਤਾਂ, ਦਫ਼ਤਰਾਂ, ਮੰਡੀਆਂ, ਹੱਟੀਆਂ-ਭੱਠੀਆਂ ਨੇ ਤੁਪਕਾ-ਤੁਪਕਾ ਕਰਕੇ ਐਸਾ ਸਮੁੰਦਰ ਭਰਿਆ ਕਿ ਪੰਜਾਬੀ ਰੰਗਮੰਚ ਦੀ ਇਹ ਸਿਖਰਲੀ ਨਰੋਈ ਟੂਟੀ ਮੁੜ ਜਾਨ ਫੜ ਗਈ, ਆਪਣੇ ਲੋਕਾਂ ਦੀਆਂ ਆਸਾਂ ਸਿੰਜਣ ਲਈ।
ਟੂਟੀ ਤੇ ਬੂਟੀ ਦਾ ਸਿਰਫ ਉਚਾਰਨ ਈ ਇੱਕੋ ਜਿਹਾ ਨਹੀਂ, ਲੱਛਣ ਵੀ ਮਿਲਦੇ ਹਨ। ਟੂਟੀ ਸਿੰਜਦੀ ਹੈ, ਬੂਟੀ ਉੱਗਦੀ ਹੈ ਤੇ ਹਰਿਆ-ਭਰਿਆ ਪੇੜ ਬਣਦੀ ਹੈ। ੩ਪਰ ਜੇ ਟੂਟੀ ਜ਼ਹਿਰੀਲਾ ਪਾਣੀ ਉਗਲਣ ਲੱਗ ਪਵੇ ਤਾਂ ਜ਼ਹਿਰ ਭਰੀਆਂ ਬੂਟੀਆਂ ਉੱਗਦੀਆਂ ਹਨ ਤੇ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ। ਰੰਗਮੰਚ ਦੀਆਂ ਟੂਟੀਆਂ ਨੂੰ ਇਹ ਮਾਣ ਪ੍ਰਾਪਤ ਹੈ ਕਿ ਬਹੁਤ ਸਾਰੀਆਂ ਗਾਇਕੀ, ਗੀਤਕਾਰੀ ਅਤੇ ਫਿਲਮੀ ਟੂਟੀਆਂ ਵਾਂਗ ਅੰਨ੍ਹੀ ਬਾਜ਼ਾਰੀ ਦੌੜ ਦਾ ਹਿੱਸਾ ਨਹੀਂ ਬਣੀਆਂ ਅਤੇ ਆਪਣੇ ਧਰਮ ‘ਤੇ ਕਾਇਮ ਰਹੀਆਂ ਤੇ ਲੋਕ-ਸੰਘਰਸ਼ਾਂ ਦਾ ਬੂਟਾ ਸਿੰਜਦੀਆਂ ਰਹੀਆਂ। ਪਰ ਦੋਸਤੋ! ਇਹ ਭੁਲੇਖੇ ‘ਚ ਨਾ ਰਹਿਣਾ ਕਿ ਰੰਗਮੰਚ ਦੀਆਂ ਟੂਟੀਆਂ ਆਪਸ ‘ਚ ਖਹਿੰਦੀਆਂ ਨਹੀਂ੩ ਪੂਰਾ ਖੁੱਭ ਕੇ ਲੜਦੀਆਂ ਹਨ, ਸੜਦੀਆਂ ਵੀ ਹਨ ਤੇ ਡਰਦੀਆਂ ਵੀ ਹਨ! ਕਦੀ-ਕਦੀ ਕਿਸੇ ਟੂਟੀ ਨੂੰ ਅਹਿਸਾਸ-ਏ-ਬਿਹਤਰੀ ਦਾ ਰੋਗ ਵੀ ਲੱਗ ਜਾਂਦਾ ਹੈ, ਫਿਰ ਉਸ ਨੂੰ ਬਾਕੀ ਟੂਟੀਆਂ ਨਕਲੀ ਤੇ ਕਮਜ਼ੋਰ ਲੱਗਣ ਲੱਗ ਪੈਂਦੀਆਂ ਹਨ੩ ਕੁਝ ਆਧੁਨਿਕ ਟੂਟੀਆਂ ਪੁਰਾਤਨ ਪ੍ਰਚੱਲਿਤ ਟੂਟੀਆਂ ਨੂੰ ਸਾਦੀਆਂ ਸਾਧਾਰਨ ਕਹਿ ਕੇ ਨਕਾਰਨ ਦੀ ਕੋਸ਼ਿਸ਼ ਵੀ ਕਰਦੀਆਂ ਹਨ੩ ਕੁਝ ਤਜਰਬੇ ਵਜੋਂ ਹੋ ਰਹੇ ਸਭ ਕੁਝ ਨੂੰ ਇੱਕੋ ਰੱਸੇ ਬੰਨ੍ਹ ਕੇ ਊਲ-ਜਲੂਲ ਕਸਰਤ ਕਰਾਰ ਦੇ ਦਿੰਦੀਆਂ ਹਨ੩ ਕੁਝ ਟੂਟੀਆਂ ਬਹੁਤ ਤਿੱਖੀਆਂ, ਕੁਝ ਨਿਮਰਤਾ ਦੇ ਹੰਕਾਰ ਨਾਲ ਭਰੀਆਂ, ਕੁਝ ਥੱਕੀਆਂ, ਕੁਝ ਤਾਜ਼ਾ ਦਮ, ਕੁਝ ਜੋਸ਼ ਨਾਲ ਭਰੀਆਂ, ਕੁਝ ਠਰ੍ਹੰਮੇ ਵਾਲੀਆਂ੩ ਕੁਝ ਸਿਆਣੀਆਂ, ਕੁਝ ਹੋਛੀਆਂ੩ ਕੁਝ ਮੂੰਹ-ਫੱਟ, ਕੁਝ ਚਤੁਰ-ਚਲਾਕਣਾਂ੩ ਟੂਟੀਆਂ ਬਹੁ-ਭਾਂਤੀਆਂ!
ਅੱਜ ਚੁਣੌਤੀ ਵਾਲੀ ਗੱਲ ਇਹ ਹੈ ਕਿ ਪੰਜਾਬੀ ਰੰਗਮੰਚ ਪ੍ਰਤੀ ਪੰਜਾਬੀਆਂ ਦਾ ਮੋਹ ਵੀ ਵਧਿਆ ਐ ਤੇ ਸਿਆਣਪ ਵੀ। ਅੱਜ ਦੀਆਂ ਰੰਗਮੰਚੀ ਟੂਟੀਆਂ ਨੂੰ ਨਿੱਗਰ ਅਤੇ ਸਮੇਂ ਦੇ ਹਾਣੀ ਬਣਨਾ ਪਏਗਾ। ਇੱਟਾਂ-ਵੱਟੇ ਵੀ ਪੈਣਗੇ, ਧਮਕੀਆਂ ਵੀ ਮਿਲਣਗੀਆਂ, ਲੋੜਾਂ-ਥੁੜ੍ਹਾਂ ਵੀ ਪਾਸੇ ਭੰਨਣਗੀਆਂ, ਲੋਭ-ਲਾਲਚ ਵੀ ਲਿਸ਼ਕਾਰੇ ਮਾਰੂ, ਆਲੋਚਨਾ ਵੀ ਸੁਣਨੀ ਪਊ੩ ਪਰ ਸਵੱਛ ਨਿਰਮਲ ਪਾਣੀ ਦੇਣ ਦਾ ਧਰਮ ਹਰ ਹਾਲ ਨਿਭਾਉਣਾ ਪਊ!੩ ਗੱਲਾਂ ਹੋਰ ਬੜੀਆਂ ਨੇ ਕਰਨ ਵਾਲੀਆਂ ਪਰ ਹੁਣ ਆਹ ਮੇਰਾ ਫੋਨ ਫੇਰ ਖੜਕ ਪਿਆ ਹੈ, ਸਕਰੀਨ ‘ਤੇ ਨਾਂਅ ਉਭਰਿਆ ਹੈ- ਡਾ. ਸਤੀਸ਼ ਕੁਮਾਰ ਵਰਮਾ! ਇਹ ਬੰਦਾ ਵੀ ਬੜਾ ਟੂਟੀ ਏ, ਪਤਾ ਨਹੀਂ ਕੀ ਇਸਪਾਤ ਗੱਡਿਆ ਇਹਦੇ ਸਰੀਰ ‘ਚ੩ ਤੇ ਕਿੰਨੇ ਕੁ ਮਗ਼ਜ਼ ਬਦਾਮ ਖਾਧੇ ਹੋਣਗੇ ਇਹਨੇ! ਜਿਸ ਮਰਜ਼ੀ ਵਿਸ਼ੇ ‘ਤੇ ਵਿਚਾਰ ਪ੍ਰਗਟ ਕਰਨ ਲਈ ਬੁਲਾ ਲਓ, ਪੁਰੇ ਦੀ ਹਵਾ ਵਾਂਗ ਵਗ ਤੁਰਦਾ ਐ੩ ਪ੍ਰਧਾਨਗੀਆਂ, ਪੇਪਰ ਰੀਡਿੰਗ, ਕਵਿਤਾ ਉਚਾਰਨ, ਅਖ਼ਬਾਰੀ ਕਾਲਮ, ਫਿਲਮਾਂ, ਰੰਗਮੰਚ, ਟੀ.ਵੀ., ਥੀਸਿਸ੩ ਚੱਲ ਸੋ ਚੱਲ੩ ਤੇ ਫੇਰ ਅਚਾਨਕ ਕਹੇਗਾ, ”ਛੇਤੀ ਨਿਪਟਾ ਲਓ ਬਈ, ਸ਼ਾਮੀਂ ਮੈਂ ਮੁੰਬਈ ਪਹੁੰਚ ਕੇ ਇੱਕ ਫੰਕਸ਼ਨ ਦੀ ਸੰਚਾਲਨਾ ਕਰਨੀ ਐਂ।” ਸੋ ਪਿਆਰਿਓ! ਤੁਸੀਂ ਕੁਝ ਹੋਰ ਪੜ੍ਹੋ ਤੇ ਸਾਡਾ ਟੂਟੀ-ਮਿਲਾਪ ਹੋਣ ਦਿਓ੩ ਕੀ ਪਤਾ ‘ਪ੍ਰਪੱਕ’ ਵਿਉਂਤਕਾਰੀ ਟੂਟੀ ਨੇ ‘ਸ਼ਰਾਰਤੀ’ ਸੰਵੇਦਨਸ਼ੀਲ ਟੂਟੀ ਨਾਲ ਕੀ ਵਿਚਾਰਾਂ ਕਰਨਗੀਆਂ ਹੋਣ!!