ਕੈਨੇਡੀਅਨ ਡਾਕਟਰ ‘ਤੇ ਵਰ੍ਹਾਈਆਂ ਗਈਆਂ ਗੋਲੀਆਂ , ਪੀ. ਐੱਮ. ਟਰੂਡੋ ਨੇ ਕੀਤੀ ਜਾਂਚ ਦੀ ਮੰਗ

ਓਟਾਵਾ : ਕੈਨੇਡਾ ਦੇ ਇਕ ਡਾਕਟਰ ਨੂੰ ਗਾਜ਼ਾ ਪੱਟੀ ‘ਚ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਕੈਨੇਡੀਅਨ ਪ੍ਰੈਸ ਮੁਤਾਬਕ ਇਜ਼ਰਾਇਲ ਅਤੇ ਗਾਜ਼ਾ ਵਿਚਕਾਰ ਚੱਲ ਰਹੇ ਸੰਘਰਸ਼ ਦੌਰਾਨ ਕੈਨੇਡੀਅਨ ਡਾਕਟਰ ਲੋਊਬਾਨੀ ਨੂੰ ਜ਼ਖਮੀ ਕੀਤਾ ਗਿਆ। ਉਸ ਨੇ ਦੱਸਿਆ ਕਿ ਗਾਜ਼ਾ ‘ਚ ਜ਼ਖਮੀ ਲੋਕਾਂ ਦੀ ਮਦਦ ਕਰਨ ਦੌਰਾਨ ਉਸ ਦੀਆਂ ਲੱਤਾਂ ‘ਤੇ ਗੋਲੀਆਂ ਵਰ੍ਹਾਈਆਂ ਗਈਆਂ ਅਤੇ ਇਕ ਗੋਲੀ ਉਸ ਦੀ ਇਕ ਲੱਤ ‘ਤੇ ਵੱਜ ਗਈ। ਉਸ ਨੇ ਦੱਸਿਆ ਕਿ ਉਸ ਸਮੇਂ ਉਹ ਜ਼ਖਮੀ ਫਿਲਸਤੀਨੀਆਂ ਦਾ ਇਲਾਜ ਕਰ ਰਿਹਾ ਸੀ ਅਤੇ ਉਸ ਨੇ ਹਰੀ ਜੈਕਟ ਪਹਿਨੀ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਡਾਕਟਰ ਹੈ। ਅਜਿਹੇ ‘ਚ ਵੀ ਉਸ ‘ਤੇ ਗੋਲੀਆਂ ਵਰ੍ਹਾਈਆਂ ਗਈਆਂ, ਜੋ ਬਹੁਤ ਗਲਤ ਗੱਲ ਹੈ। ਤੁਹਾਨੂੰ ਦੱਸ ਦਈਏ ਕਿ ਇਜ਼ਰਾਇਲ ‘ਚ ਯੇਰੂਸ਼ਲਮ ‘ਚ ਅਮਰੀਕੀ ਦੂਤਘਰ ਸਥਿਤ ਕਰਨ ਦੇ ਵਿਰੋਧ ‘ਚ ਸੰਘਰਸ਼ ਚੱਲ ਰਿਹਾ ਹੈ। ਫਿਲਸਤੀਨ ਦੇ ਗਾਜ਼ਾ ਪੱਟੀ ‘ਚ ਪ੍ਰਦਰਸ਼ਨਕਾਰੀਆਂ ਅਤੇ ਇਜ਼ਰਾਇਲ ਫੌਜ ‘ਚ ਸੰਘਰਸ਼ ਨੇ ਕਈ ਘਰਾਂ ਨੂੰ ਬਰਬਾਦ ਕਰ ਦਿੱਤਾ ਹੈ। ਇੱਥੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਹੇ ਹਨ।
ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੈਨੇਡਾ ਇਸ ਹਿੰਸਾ ਕਾਰਨ ਬਹੁਤ ਦੁਖੀ ਹੈ। ਬੁੱਧਵਾਰ ਨੂੰ ਟਰੂਡੋ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਗਾਜ਼ਾ ‘ਚ ਚੱਲ ਰਹੇ ਸੰਘਰਸ਼ ਨੇ ਕਈ ਲੋਕਾਂ ਦੀ ਜਾਨ ਲੈ ਲਈ ਅਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਨਿਹੱਥੇ ਪ੍ਰਦਰਸ਼ਨਕਾਰੀਆਂ , ਸਾਧਾਰਣ ਨਾਗਰਿਕਾਂ, ਮੀਡੀਆ ਮੈਂਬਰਾਂ ਅਤੇ ਬੱਚਿਆਂ ‘ਤੇ ਤਸ਼ੱਦਦ ਢਾਹੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਉੱਥੇ ਜੋ ਕੁੱਝ ਵਾਪਰ ਰਿਹਾ ਹੈ, ਉਸ ਦੀ ਰਿਪੋਰਟ ਜਾਰੀ ਕੀਤੀ ਜਾਵੇ।