ਕੈਨੇਡਾ ਦੀ ‘ਦਿ ਯੂਨੀਵਰਸਿਟੀ ਆਫ ਕੈਲਗਰੀ’ ਦੇ ਸੈਨੇਟ ਬਣੇ ਰਿਸ਼ੀ ਨਾਗਰ

ਟੋਰਾਂਟੋ : ਪੱਤਰਕਾਰਤਾ ਅਤੇ ਕੈਨੇਡਾ ਦੇ ਇਕ ਰੇਡੀਓ ਸ਼ੋਅ ਨਾਲ ਜੁੜੇ ਰਿਸ਼ੀ ਨਾਗਰ ਨੂੰ ਕੈਨੇਡਾ ਦੀ ‘ਦਿ ਯੂਨੀਵਰਸਿਟੀ ਆਫ ਕੈਲਗਰੀ’ ਦਾ ਸੈਨੇਟ ਨਿਯੁਕਤ ਕੀਤਾ ਗਿਆ ਹੈ। ‘ਦਿ ਯੂਨੀਵਰਸਿਟੀ ਆਫ ਕੈਲਗਰੀ’ ‘ਚ ਸੈਨੇਟ ਨਿਯੁਕਤ ਹੋਣ ਵਾਲੇ ਉਹ ਪਹਿਲੇ ਪੰਜਾਬੀ ਹਨ। ਰਿਸ਼ੀ ਨਾਗਰ ਨੂੰ ਇਹ ਅਹੁਦਾ ਦੇ ਕੇ ਅਲਬਰਟਾ ਸਰਕਾਰ ਦੇ ਅਡਵਾਂਸ ਐਜੂਕੇਸ਼ਨ ਮੰਤਰਾਲੇ ਨੇ ਸਨਮਾਨਤ ਕੀਤਾ ਹੈ। ਇਸ ਨਾਲ ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ। ਇਹ ਨਿਯੁਕਤੀ 1 ਜੁਲਾਈ, 2018 ਤੋਂ 30 ਜੂਨ, 2021 ਭਾਵ ਤਿੰਨ ਸਾਲਾਂ ਤਕ ਪ੍ਰਭਾਵਸ਼ਾਲੀ ਮੰਨੀ ਜਾਵੇਗੀ। ਆਪਣੀ ਇਸ ਨਿਯੁਕਤੀ ਦੇ ਬਾਅਦ ਗੱਲਬਾਤ ਕਰਦੇ ਹੋਏ ਰਿਸ਼ੀ ਨਾਗਰ ਨੇ ਕਿਹਾ ਕਿ ਉਹ ਇਸ ਅਹੁਦੇ ‘ਤੇ ਆਪਣੇ ਵੱਲੋਂ ਪੂਰੀ ਈਮਾਨਦਾਰੀ ਨਾਲ ਨਿਭਾਉਣਗੇ। ਜ਼ਿਕਰਯੋਗ ਹੈ ਕਿ ਰਿਸ਼ੀ ਨਾਗਰ ਪੰਜਾਬ ਦੇ ਜ਼ਿਲਾ ਜਲੰਧਰ ਦੇ ਪਿੰਡ ਸ਼ੰਕਰ ਦੇ ਜੰਮ-ਪਲ ਹਨ ਅਤੇ ਸਿੱਖਿਆ ਤੇ ਪੱਤਰਕਾਰਤਾ ਦੇ ਖੇਤਰ ‘ਚ ਉਨ੍ਹਾਂ ਨੇ ਕਈ ਮੱਲ੍ਹਾਂ ਮਾਰੀਆਂ ਹਨ। ਉਹ 2009 ‘ਚ ਕੈਨੇਡਾ ਸ਼ਿਫਟ ਹੋ ਗਏ ਸਨ ਅਤੇ ਪਿਛਲੇ ਦਿਨੀਂ ਜਦ ਕੈਨੇਡੀਅਨ ਪੀ. ਐੱਮ. ਟਰੂਡੋ ਭਾਰਤ ਆਏ ਸਨ ਤਾਂ ਉਹ ਵੀ ਇੱਥੇ ਆਏ ਸਨ।
ਉਨ੍ਹਾਂ ਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਸ਼ੀ ‘ਤੇ ਮਾਣ ਹੈ, ਜਿਨ੍ਹਾਂ ਨੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਫੋਨ ਕਰਕੇ ਪਿੰਡ ਦੇ ਲੋਕਾਂ ਦਾ ਹਾਲ ਪੁੱਛਦੇ ਰਹਿੰਦੇ ਹਨ ਅਤੇ ਕੈਨੇਡਾ ‘ਚ ਪੰਜਾਬੀਆਂ ਦੇ ਮੁੱਦੇ ਨੂੰ ਅੱਗੇ ਰੱਖਦੇ ਆਏ ਹਨ।