ਜਸਟਿਨ ਟਰੂਡੋ ਦੀ ਫੇਰੀ ਮਗਰੋਂ ਹੁਣ ਜਸਪਾਲ ਅਟਵਾਲ ਫਿਰ ਆਏ ਸੁਰਖੀਆਂ ‘ਚ, ਰੇਡੀਓ ਜਾਕੀ ਨੂੰ ਦਿੱਤੀ ਸੀ ਧਮਕੀ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ 17 ਫਰਵਰੀ ਨੂੰ 7 ਦਿਨਾਂ ‘ਤੇ ਭਾਰਤ ਦੌਰੇ ‘ਤੇ ਆਏ ਸਨ। ਇਸ ਦੌਰੇ ਦੌਰਾਨ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਵੀ ਨਤਮਸਤਕ ਹੋਏ ਸਨ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦੁਨੀਆ ਭਰ ‘ਚ ਸਿੱਖਾਂ ਦੇ ਹਰਮਨ ਪਿਆਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਰੁਮਾਲਾ ਸਾਹਿਬ ਭੇਟ ਕੀਤਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਲੋਂ ਟਰੂਡੋ ਪਰਿਵਾਰ ਨੂੰ ਸਨਮਾਨ ਵਜੋਂ ਸਿਰੋਪਾ ਦਿੱਤਾ ਗਿਆ ਸੀ।
ਇਹ ਦੌਰਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਵੱਖ ਵੱਖ ਤਰੀਕਿਆਂ ਨਾਲ ਘਟਿਆ ਸੀ। ਪਹਿਲਾਂ ਤਾਂ ਜਸਟਿਨ ਟਰੂਡੋ ਨੂੰ ਹਵਾਈ ਅੱਡੇ ‘ਤੇ ਸਵਾਗਤ ਕਰਨ ਲਈ ਹੀ ਨਰੇਂਦਰ ਮੋਦੀ ਨਹੀਂ ਪਹੁੰਚੇ ਸਨ। ਮਗਰੋਂ ਟਰੂਡੋ ਦਾ ਦੌਰਾ ਉਸ ਵੇਲੇ ਜਿਆਦਾ ਸੁਰਖੀਆਂ ‘ਚ ਆਇਆ ਜਦੋਂ ਇੱਕ ਖਾਲਿਸਤਾਨੀ ਟਰੂਡੋ ਨੂੰ ਮਿਲਣ ਭਾਰਤ ਆ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਸੁਰਖੀਆਂ ‘ਚ ਰਹੇ ਸਾਬਕਾ ਖਾਲਿਸਤਾਨੀ ਜਸਪਾਲ ਅਟਵਾਲ ਹੁਣ ਇੱਕ ਵਾਰ ਫਿਰ ਚਰਚਾ ‘ਚ ਆ ਗਿਆ ਹੈ। ਜਸਪਾਲ ਅਟਵਾਲ ਕੈਨੇਡਾ ਵਿੱਚ ਇੱਕ ਰੇਡੀਓ ਹੋਸਟ ਨੂੰ ਧਮਕਾਉਣ ਸਬੰਧੀ ਕੇਸ ਦਾ ਸਾਹਮਣਾ ਕਰ ਰਹੇ ਹਨ।
ਕੈਨੇਡੀਅਨ ਮੀਡੀਆ ਅਨੁਸਾਰ ਜਸਪਾਲ ਅਟਵਾਲ ਵੱਲੋਂ ਕਥਿਤ ਤੌਰ ‘ਤੇ ਇੱਕ ਰੇਡੀਓ ਹੋਸਟ ਨੂੰ ਧਮਕੀ ਦਿੱਤੀ ਗਈ ਸੀ ਅਤੇ ਹੁਣ ਇਸ ਮਾਮਲੇ ਸਬੰਧੀ ਅਗਲੀ ਸੁਣਵਾਈ 7 ਜੂਨ ਨੂੰ ਹੋਵੇਗੀ। ਇੱਕ ਰੇਡੀਓ ਹੋਸਟ ਦੀ ਸ਼ਿਕਾਇਤ ‘ਤੇ ਜਸਪਾਲ ਅਟਵਾਲ ਨੂੰ ਅਪ੍ਰੈਲ ‘ਚ ਰੋਇਲ ਕਨੇਡੀਅਨ ਮਾਊਂਟਡ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ‘ਚ ਜੱਜ ਸਾਹਮਣੇ ਪੇਸ਼ੀ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਅਟਵਾਲ ਖਿਲਾਫ਼ ਕੁੱਟਮਾਰ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਇਲਜ਼ਾਮ ਹਨ।
ਦੱਸ ਦਈਏ ਕਿ ਅਟਵਾਲ ‘ਤੇ 1980ਵੇਂ ਦਹਾਕੇ ‘ਚ ਪੰਜਾਬ ਤੋਂ ਗਏ ਇੱਕ ਕੈਬਨਿਟ ਮੰਤਰੀ ਨੂੰ ਮਾਰਨ ਦੇ ਦੋਸ਼ ਵੀ ਲੱਗੇ ਸਨ ਤੇ ਉਸ ਤੋਂ ਬਾਅਦ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਦੀ ਭਾਰਤ ਫੇਰੀ ਦੌਰਾਨ ਉਹ ਸੁਰਖੀਆਂ ‘ਚ ਆਇਆ ਸੀ। ਉਸ ਨੂੰ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨਰ ਦੀ ਰਿਹਾਇਸ਼ ‘ਤੇ ਖਾਣੇ ‘ਤੇ ਬੁਲਾਇਆ ਗਿਆ ਸੀ ਪਰ ਮੀਡੀਆ ‘ਚ ਇਹ ਮੁੱਦਾ ਆਉਣ ਤੋਂ ਬਾਅਦ ਉਸ ਦੀ ਹਾਜ਼ਰੀ ‘ਤੇ ਰੋਕ ਲੱਗ ਗਈ ਸੀ।
ਹਾਲਾਂਕਿ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੇਨੀਅਲ ਜੀਨ ਨੇ ਕਿਹਾ ਸੀ ਕਿ ਮੀਡੀਆ ਵੱਲੋਂ ਇਸ ਮੁੱਦੇ ਨੂੰ ਕੁਝ ਲੋਕਾਂ ਦੀ ਸ਼ਹਿ ‘ਤੇ ਜਾਣਬੁੱਝ ਕੇ ਉਛਾਲਿਆ ਗਿਆ ਸੀ ਤਾਂ ਜੋ ਟਰੂਡੋ ਦੀ ਭਾਰਤ ਫੇਰੀ ਉੱਪਰ ਸਵਾਲ ਖੜ੍ਹੇ ਕੀਤੇ ਜਾ ਸਕਣ ਅਤੇ ਕੈਨੇਡਾ ਤੇ ਭਾਰਤ ਦੇ ਆਪਸੀ ਸਬੰਧਾਂ ‘ਚ ਅੜਿੱਕਾ ਡਾਹਿਆ ਜਾ ਸਕੇ।