ਖ਼ਤਰਨਾਕ ਹੋ ਸਕਦੀ ਹੈ ਖੰਘ

ਖੰਘ ਸਾਧਾਰਨ ਜਹੀ ਸਮੱਸਿਆ ਮੰਨੀ ਜਾਂਦੀ ਹੈ ਜੋ ਆਮ ਤੌਰ ‘ਤੇ ਗਲੇ ਵਿੱਚ ਲਾਗ ਕਾਰਨ ਹੋ ਜਾਂਦੀ ਹੈ। ਸਾਧਾਰਨ ਖੰਘ ਦੋ-ਤਿੰਨ ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦੀ ਹੈ ਲੇਕਿਨ ਕਈ ਵਾਰ ਖੰਘ ਦਾ ਕਾਰਨ ਗਲੇ ਵਿੱਚ ਲਾਗ ਨਾ ਹੋ ਕੇ ਸਰੀਰ ਦਾ ਕੋਈ ਹੋਰ ਰੋਗ ਵੀ ਹੋ ਸਕਦਾ ਹੈ। ਆਮ ਤੌਰ ‘ਤੇ ਲੋਕ ਇਸ ਖੰਘ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦੇ ਹਨ ਜਿਸ ਕਾਰਨ ਰੋਗ ਹੌਲੀ ਹੌਲੀ ਵਧਦਾ ਰਹਿੰਦਾ ਹੈ। ਜੇ ਖੰਘ ਦੀ ਸਮੱਸਿਆ ਦੋ-ਤਿੰਨ ਦਿਨਾਂ ਵਿੱਚ ਆਪਣੇ ਆਪ ਠੀਕ ਨਹੀਂ ਹੁੰਦੀ ਜਾਂ ਖੰਘ ਨਾਲ ਕੋਈ ਹੋਰ ਸਰੀਰਕ ਸਮੱਸਿਆ ਵੀ ਹੋ ਰਹੀ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਸਰੀਰ ਵਿੱਚ ਪਲ ਰਹੇ ਕਿਸੇ ਗੰਭੀਰ ਰੋਗ ਦਾ ਲੱਛਣ ਹੋ ਸਕਦਾ ਹੈ ਜਿਸ ਨੂੰ ਵੇਲੇ ਸਿਰ ਸਿਆਣ ਕੇ ਉਸ ਰੋਗ ਤੋਂ ਨਿਜਾਤ ਪਾਈ ਜਾ ਸਕਦੀ ਹੈ। ਹੁਣ ਕੁੱਝ ਰੋਗਾਂ ਦੀ ਗੱਲ ਕਰਦੇ ਹਾਂ ਜਿਹੜੇ ਖੰਘ ਤੋਂ ਹੁੰਦੇ ਹਨ।
ਫੇਫੜਿਆਂ ਦਾ ਕੈਂਸਰ : ਫੇਫੜਿਆਂ ਦਾ ਕੈਂਸਰ ਜਾਂ ਲੰਗਸ ਕੈਂਸਰ ਗੰਭੀਰ ਰੋਗ ਹੈ। ਇਸ ਵਿੱਚ ਕੋਸ਼ਕਾਵਾਂ ਦਾ ਗ਼ੈਰ-ਮਾਮੂਲੀ ਵਾਧਾ ਹੁੰਦਾ ਹੈ ਜੋ ਸਭ ਤੋਂ ਜ਼ਿਆਦਾ ਸਾਹ ਨਲੀ (ਬਰਾਂਕਾਈ) ਵਿੱਚ ਸ਼ੁਰੂ ਹੁੰਦਾ ਹੈ ਅਤੇ ਪੂਰੇ ਫੇਫੜੇ ਦੇ ਛੱਤੇ/ਜਾਲੇ (ਲੋਬਸ) ਵਿੱਚ ਫੈਲ ਜਾਂਦਾ ਹੈ। ਇਸ ਪ੍ਰਕਾਰ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਸਿਗਰਟਨੋਸ਼ੀ ਹੁੰਦਾ ਹੈ। ਡਾਕਟਰਾਂ ਦਾ ਦਾਅਵਾ ਹੈ ਕਿ ਇਸ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਮਰੀਜ਼ ਬੀੜੀ, ਸਿਗਰਟ, ਗੁਟਖਾ ਆਦਿ ਧੂੰਏ ਅਤੇ ਤੰਮਾਕੂ ਵਾਲੀ ਕਿਸੇ ਚੀਜ਼ ਦਾ ਆਦੀ ਹੁੰਦਾ ਹੈ। ਜੇ ਲੰਮੇ ਸਮਾਂ ਤੱਕ ਖੰਘ ਹੁੰਦੀ ਹੈ, ਨਾਲ ਸੀਨੇ ਵਿੱਚ ਦਰਦ ਉੱਠਦਾ ਹੈ ਅਤੇ ਬਲਗਮ ਵਿੱਚ ਖੂਨ ਆਉਂਦਾ ਹੈ ਤਾਂ ਇਹ ਫੇਫੜਿਆਂ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ।
ਸਿਸਟਿਕ ਫਾਇਬਰੋਸਿਸ (ਫੇਫੜਿਆਂ ਵਿੱਚ ਲਾਗ) : ਸਿਸਟਿਕ ਫਾਇਬਰੋਸਿਸ, ਜੈਨੇਟਿਕ ਰੋਗ ਹੈ। ਇਹ ਸਰੀਰ ਦੇ ਕਈ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ। ਇਨ੍ਹਾਂ ਅੰਗਾਂ ਵਿੱਚ ਦਿਲ, ਪਾਚਕ ਗ੍ਰੰਥੀ (ਪੈਂਕਰਿਆਜ਼), ਮੂਤਰ ਮਾਰਗ ਵਾਲੇ ਅੰਗ, ਜਣਨ ਅੰਗ ਅਤੇ ਮੁੜ੍ਹਕੇ ਦੀਆਂ ਗ੍ਰੰਥੀਆਂ ਆਦਿ ਸ਼ਾਮਿਲ ਹਨ। ਇਨ੍ਹਾਂ ਅੰਗਾਂ ਦੀਆਂ ਕੁੱਝ ਵਿਸ਼ੇਸ਼ ਕੋਸ਼ਕਾਵਾਂ ਅਕਸਰ ਲਾਰ ਅਤੇ ਤਰਲ ਪਦਾਰਥ ਪੈਦਾ ਕਰਦੀਆਂ ਹਨ ਪਰ ਸਿਸਟਿਕ ਫਾਇਬਰੋਸਿਸ ਹੋਣ ਉੱਤੇ ਇਹ ਕੋਸ਼ਿਕਾਵਾਂ ਸਾਧਾਰਨ ਤੋਂ ਕੁਝ ਗਾੜ੍ਹਾ ਪਦਾਰਥ ਪੈਦਾ ਕਰਨ ਲਗਦੀਆਂ ਹਨ। ਸਿਸਟਿਕ ਫਾਇਬਰੋਸਿਸ ਹੋਣ ‘ਤੇ ਸਰੀਰ ਵਿੱਚ ਪਾਣੀ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਫੇਫੜਿਆਂ ‘ਤੇ ਪੈਂਦਾ ਹੈ। ਇਸ ਹਾਲਤ ਵਿੱਚ ਫੇਫੜਿਆਂ ਵਿੱਚ ਇਹ ਪਦਾਰਥ ਕੀਟਾਣੂਆਂ ਨਾਲ ਭਰ ਜਾਂਦਾ ਹੈ ਜਿਸ ਦੇ ਨਾਲ ਵਾਰ ਵਾਰ ਫੇਫੜਿਆਂ ਵਿੱਚ ਲਾਗ ਦੀ ਸ਼ਿਕਾਇਤ ਹੁੰਦੀ ਹੈ। ਇਸ ਰੋਗ ਦਾ ਲੱਛਣ ਵੀ ਖੰਘ ਹੋ ਸਕਦੀ ਹੈ।
ਪਲਮੋਨਰੀ ਇਡਮਾ (ਫੇਫੜਿਆਂ ਵਿੱਚ ਪਾਣੀ ਭਰਨਾ) : ਪਲਮੋਨਰੀ ਇਡਮਾ ਵੀ ਫੇਫੜਿਆਂ ਨਾਲ ਸਬੰਧਤ ਗੰਭੀਰ ਰੋਗ ਹੈ। ਇਸ ਵਿੱਚ ਫੇਫੜਿਆਂ ਦੀਆਂ ਝਿੱਲੀਆਂ ਵਿੱਚ ਪਾਣੀ ਭਰ ਜਾਂਦਾ ਹੈ। ਸਿੱਟੇ ਵਜੋਂ ਖੰਘ ਨਾਲ ਖ਼ੂਨ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਹ ਰੋਗ ਕਈ ਵਾਰ ਫੇਫੜਿਆਂ ਦੇ ਨਾਲ ਨਾਲ ਦਿਲ ਨੂੰ ਵੀ ਪ੍ਰਭਾਵਿਤ ਕਰਨ ਲੱਗਦਾ ਹੈ। ਉਸ ਵਕਤ ਇਸ ਦੀ ਗੰਭੀਰਤਾ ਵਧ ਜਾਂਦੀ ਹੈ। ਇਸ ਰੋਗ ਵਿੱਚ ਵਾਯੂਕੋਸ਼ ਵਿੱਚ ਹਵਾ ਦੀ ਜਗ੍ਹਾ ਤਰਲ ਪਦਾਰਥ ਭਰਨ ਕਾਰਨ ਆਕਸੀਜਨ ਖ਼ੂਨ ਵਿੱਚ ਨਹੀਂ ਮਿਲਦੀ ਅਤੇ ਸਰੀਰ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਇਸ ਵਜ੍ਹਾ ਕਾਰਨ ਰੋਗੀ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ। ਪਲਮੋਨਰੀ ਏਡੀਮਾ ਦੇ ਹੋਰ ਲੱਛਣ ਸਾਹ ਲੈਣ ਵਿੱਚ ਤਕਲੀਫ਼, ਸੀਨੇ ਵਿੱਚ ਦਰਦ, ਬਲਗਮ ਵਿੱਚ ਖੂਨ ਆਣਾ, ਅਚਾਨਕ ਬਹੁਤ ਤੇਜ਼ੀ ਨਾਲ ਸਾਹ ਆਉਣਾ, ਹਲਕਾ ਕੰਮ ਕਰਨ ‘ਤੇ ਵੀ ਤੁਰੰਤ ਹਫ਼ ਜਾਣਾ, ਚਮੜੀ ਦਾ ਰੰਗ ਨੀਲਾ ਜਾਂ ਹਲਕਾ ਭੂਰਾ ਹੋ ਜਾਣਾ ਅਤੇ ਖ਼ੂਨ ਦਾ ਦਬਾਅ (ਬਲੱਡ ਪ੍ਰੈੱਸ਼ਰ) ਘੱਟ ਹੋ ਜਾਣਾ ਆਦਿ ਹਨ।
ਕੰਜੈਸਟਿਵ ਹਾਰਟ ਫੇਲਿਓਰ (ਸਹੀ ਮਾਤਰਾ ਵਿੱਚ ਖ਼ੂਨ ਪੰਪ ਨਾ ਹੋਣਾ) : ਕੰਜੈਸਟਿਵ ਹਾਰਟ ਫੇਲਿਓਰ ਉਸ ਹਾਲਤ ਨੂੰ ਕਹਿੰਦੇ ਹਨ ਜਦੋਂ ਦਿਲ ਸਰੀਰ ਦੀ ਜ਼ਰੂਰਤ ਮੁਤਾਬਕ ਸਮਰੱਥ ਮਾਤਰਾ ਵਿੱਚ ਖ਼ੂਨ ਪੰਪ ਨਹੀਂ ਕਰਦਾ। ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਦਿਲ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ ਲੇਕਿਨ ਉਹ ਕੰਮ ਪੂਰੀ ਸਮਰੱਥਾ ਨਾਲ ਨਹੀਂ ਕਰ ਸਕਦਾ। ਨਤੀਜੇ ਵਜੋਂ ਲੋਕ ਆਮ ਤੌਰ ‘ਤੇ ਕਮਜ਼ੋਰ ਅਤੇ ਥੱਕਿਆ ਹੋਇਆ ਮਹਿਸੂਸ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਹ ਉਖੜਨ ਦੀ ਸ਼ਿਕਾਇਤ ਹੁੰਦੀ ਰਹਿੰਦੀ ਹੈ। ਖੰਘ ਨਾਲ ਪੂਰੇ ਦਿਨ ਸੁਸਤੀ ਅਤੇ ਸਾਹ ਲੈਣ ਵਿੱਚ ਤਕਲੀਫ਼ ਇਸ ਰੋਗ ਦੇ ਲੱਛਣ ਹੋ ਸਕਦੇ ਹਨ।
ਟਿਊਬਰਕਿਊਲੋਸਿਸ (ਟੀਬੀ, ਤਪਦਿਕ) : ਟਿਊਬਰਕਿਊਲੋਸਿਸ ਲਾਗ ਵਾਲਾ ਰੋਗ ਹੁੰਦਾ ਹੈ ਜੋ ਬੈਕਟੀਰੀਆ ਦੀ ਵਜ੍ਹਾ ਤੋਂ ਹੁੰਦਾ ਹੈ। ਇਹ ਬੈਕਟੀਰੀਆ ਸਰੀਰ ਦੇ ਸਾਰੇ ਅੰਗਾਂ ਵਿੱਚ ਪਰਵੇਸ਼ ਕਰ ਜਾਂਦਾ ਹੈ ਹਾਲਾਂਕਿ ਇਹ ਜ਼ਿਆਦਾਤਰ ਫੇਫੜਿਆਂ ਵਿੱਚ ਹੀ ਹੁੰਦਾ ਹੈ। ਇਸ ਰੋਗ ਕਾਰਨ ਵੀ ਖੰਘ ਨਾਲ ਖ਼ੂਨ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਟੀਬੀ ਦੇ ਹੋਰ ਲੱਛਣ ਇਸ ਪ੍ਰਕਾਰ ਹਨ : ਤਿੰਨ ਹਫ਼ਤੇ ਤੋਂ ਜ਼ਿਆਦਾ ਖੰਘ, ਬੁਖਾਰ (ਖ਼ਾਸ ਤੌਰ ‘ਤੇ ਸ਼ਾਮ ਨੂੰ ਵਧਦਾ ਹੈ), ਛਾਤੀ ਵਿੱਚ ਤੇਜ਼ ਦਰਦ, ਬਲਗਮ ਨਾਲ ਖ਼ੂਨ ਦਾ ਆਣਾ, ਸਾਹ ਲੈਣ ਵਿੱਚ ਤਕਲੀਫ਼, ਭੁੱਖ ਵਿੱਚ ਕਮੀ ਆਦਿ।
ਜ਼ਾਹਿਰ ਹੈ ਕਿ ਜੇ ਸਰੀਰ ਵਿਚ ਕੋਈ ਵੀ ਤਬਦੀਲੀ ਬਹੁਤੇ ਦਿਨਾਂ ਤੱਕ ਨਜ਼ਰ ਆਉਂਦੀ ਹੈ ਤਾਂ ਛੇਤੀ ਤੋਂ ਛੇਤੀ ਆਪਣੇ ਨੇੜੇ ਦੇ ਡਾਕਟਰ ਨਾਲ ਸੰਪਰਕ ਕਰੋ। ਘਰੇ ਬੈਠੇ ਟੋਟਕੇ ਨਾ ਅਜ਼ਮਾਉਂਦੇ ਰਹੋ। ਇਸ ਨਾਲ ਰੋਗ ਹੋਰ ਗੰਭੀਰ ਹੋ ਸਕਦਾ ਹੈ।
– ਡਾ. ਰਿਪੁਦਮਨ ਸਿੰਘ,
ਡਾ. ਹਰਪ੍ਰੀਤ ਸਿੰਘ ਕਾਲਰਾ
ਸੰਪਰਕ : 98152-00134