ਨਡਾਲ ਨੇ 11ਵੀਂ ਵਾਰ ਜਿੱਤਿਆ ਫ੍ਰੈਂਚ ਓਪਨ ਦਾ ਖਿਤਾਬ

ਪੈਰਿਸ (ਨਦਬ) : ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦਾ ਰਾਫੇਲ ਨਡਾਲ ਨੇ ਐਤਵਾਰ ਨੂੰ ਆਸਟਰੀਆ ਦੇ ਡੋਮਿਨਿਕ ਥਿਏਮ ਵਿਰੁੱਧ ਕਿਸੇ ਆਮ ਮੈਚ ਦੀ ਤਰ੍ਹਾਂ ਫ੍ਰੈਂਚ ਓਪਨ ਦਾ ਫਾਈਨਲ ਮੁਕਾਬਲਾ ਖੇਡਿਆ ਤੇ ਲਗਾਤਾਰ ਸੈੱਟਾਂ ਵਿਚ 6-4, 6-3, 6-2 ਨਾਲ ਜਿੱਤ ਆਪਣੇ ਨਾਂ ਕਰਦਿਆਂ 11ਵੀਂ ਵਾਰ ਰੋਲਾਂ ਗੈਰਾਂ ਦਾ ਖਿਤਾਬ ਆਪਣੇ ਨਾਂ ਕਰ ਲਿਆ।
ਨਡਾਲ ਇਸ ਦੇ ਨਾਲ ਹੀ ਮਹਿਲਾ ਤੇ ਪੁਰਸ਼ ਦੋਵਾਂ ਵਰਗਾਂ ਵਿਚ ਦੁਨੀਆ ਦਾ ਪਹਿਲਾ ਟੈਨਿਸ ਖਿਡਾਰੀ ਬਣ ਗਿਆ ਹੈ, ਜਿਸ ਨੇ 3 ਵੱਖ-ਵੱਖ ਟੂਰਨਾਮੈਂਟਾਂ ਨੂੰ 11-11 ਵਾਰ ਜਿੱਤਿਆ ਹੈ। 32 ਸਾਲਾ ਨਡਾਲ ਨੇ ਇਸ ਤੋਂ ਪਹਿਲਾਂ ਬਾਰਸੀਲੋਨਾ ਤੇ ਮੋਂਟੇ ਕਾਰਲੋਸ ਵਿਚ ਵੀ ਇੰਨੇ ਹੀ ਖਿਤਾਬ ਜਿੱਤੇ ਹਨ। ਉਹ ਇਸ ਦੇ ਨਾਲ ਹੀ ਆਪਣੀ ਚੋਟੀ ਦੀ ਏ.ਟੀ.ਪੀ. ਰੈਂਕਿੰਗ ‘ਤੇ ਵੀ ਬਰਕਰਾਰ ਰਹੇਗਾ। ਉਥੇ ਹੀ ਨਡਾਲ ਨੂੰ ਕਲੇਅ ਕੋਰਟ ‘ਤੇ ਦੋ ਵਾਰ ਹਰਾਉਣ ਵਾਲਾ ਇਕਲੌਤਾ ਖਿਡਾਰੀ ਥਿਏਮ ਫਾਈਨਲ ਵਿਚ ਕਈ ਗਲਤੀਆਂ ਕਰ ਬੈਠਾ ਤੇ ਆਪਣੇ ਪਹਿਲੇ ਗ੍ਰੈਂਡ ਸਲੈਮ ਤੋਂ ਖੁੰਝ ਗਿਆ।
10 ਵਾਰ ਫ੍ਰੈਂਚ ਓਪਨ ਚੈਂਪੀਅਨ ਬਣ ਚੁੱਕੇ ਸਪੈਨਿਸ਼ ਖਿਡਾਰੀ ਦੁਨੀਆ ਦਾ ਸਿਰਫ ਦੂਜਾ ਟੈਨਿਸ ਖਿਡਾਰੀ ਵੀ ਬਣ ਗਿਆ ਹੈ, ਜਿਸ ਨੇ ਕਰੀਅਰ ਵਿਚ ਇਕ ਹੀ ਗ੍ਰੈਂਡ ਸਲੈਮ 11 ਵਾਰ ਜਿੱਤਿਆ ਹੈ। ਉਸ ਤੋਂ ਪਹਿਲਾਂ ਇਹ ਉਪਲੱਬਧੀ ਮਹਿਲਾ ਖਿਡਾਰੀ ਮਾਰਗਟ ਕੋਰਟ ਦੇ ਨਾਂ ਦਰਜ ਹੈ, ਜਿਸ ਨੇ 1974 ਤੋਂ ਪਹਿਲਾਂ 11 ਵਾਰ ਆਸਟਰੇਲੀਅਨ ਓਪਨ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ ਸੀ। 32 ਸਾਲਾ ਨਡਾਲ 11ਵੀਂ ਵਾਰ ਫ੍ਰੈਂਚ ਓਪਨ ਦੇ ਫਾਈਨਲ ਵਿਚ ਪਹੁੰਚਿਆ ਸੀ. ਉਹ ਟੈਨਿਸ ਦੇ ਓਪਨ ਯੁੱਗ ਵਿਚ 11 ਵਾਰ ਕਿਸੇ ਇਕ ਗ੍ਰੈਂਡ ਸਲੈਮ ਦੇ ਫਾਈਨਲ ਵਿਚ ਪਹੁੰਚਣ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ।