ਓਲੰਪਿਕਸ ‘ਚ ਕਾਰਗੁਜ਼ਾਰੀ ਬਾਰੇ ਟਿਪਣੀ ਕਰ ਕੇ ਲੀਐਂਡਰ ਪੇਸ ਨੇ ਛੇੜਿਆ ਵਿਵਾਦ ਦੋ ਓਲੰਪਿਕ ਖੇਡਾਂ ‘ਚ ਭਾਰਤ ਨੇ ਬਿਹਤਰੀਨ ਟੀਮ ਨਹੀਂ ਭੇਜੀ : ਪੇਸ

ਨਵੀਂ ਦਿੱਲੀ (ਨਦਬ): ਓਲੰਪਿਕ ਦੇ ਮਿਕਸਡ ਡਬਲਜ਼ ਮੁਕਾਬਲੇ ਵਿੱਚ ਹਿੱਸਾ ਨਾ ਲੈ ਸਕਣ ਕਾਰਨ ਕੁੜੱਤਣ ਨਾਲ ਭਰੇ ਭਾਰਤੀ ਟੈਨਿਸ ਸਟਾਰ ਲਿਏਂਡਰ ਪੇਸ ਦਾ ਮੰਨਣਾ ਹੈ ਕਿ ਰੀਓ ਓਲੰਪਿਕ ਅਤੇ ਲੰਡਨ ਓਲੰਪਿਕ ਵਿੱਚ ਭਾਰਤ ਨੇ ਆਪਣੀ ਬਿਹਤਰੀਨ ਟੀਮ ਨਹੀਂ ਭੇਜੀ। ਪੇਸ ਦੀਆਂ ਇਨ੍ਹਾਂ ਟਿਪਣੀਆਂ ਨਾਲ ਵਿਵਾਦ ਭਖ ਗਿਆ ਹੈ ਅਤੇ ਇਨ੍ਹਾਂ ਟਿਪਣੀਆਂ ਦੀ ਭਾਰਤੀ ਟੈਨਿਸ ਸਿਤਾਰੇ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਨੇ ਸਖ਼ਤ ਨਿਖੇਧੀ ਕੀਤੀ ਹੈ। ਪੇਸ ਨੇ ਇੱਥੇ ਸਾਕੇਤ ਮਾਇਨੇਨੀ ਨਾਲ ਡੇਵਿਸ ਕੱਪ ਦੇ ਡਬਲਜ਼ ਮੁਕਾਬਲੇ ਵਿੱਚ ਸਪੇਨ ਦੇ ਰਾਫੇਲ ਨਡਾਲ ਅਤੇ ਮਾਰਕ ਲੋਪੇਜ਼ ਦੀ ਜੋੜੀ ਹੱਥੋਂ ਮਿਲੀ ਹਾਰ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ”ਮੈਂ ਸਪੱਸ਼ਟ ਰੂਪ ਵਿੱਚ ਇਹ ਕਹਿ ਸਕਦਾ ਹਾਂ ਕਿ ਰੀਓ ਓਲੰਪਿਕ ਅਤੇ ਉਸ ਤੋਂ ਪਹਿਲਾਂ ਲੰਡਨ ਓਲੰਪਿਕ ਵਿੱਚ ਅਸੀਂ ਆਪਣੀ ਸਰਵੋਤਮ ਟੀਮ ਨਹੀਂ ਉਤਾਰੀ। ਰੀਓ ਵਿੱਚ ਮਿਕਸਡ ਡਬਲਜ਼ ਵਿੱਚ ਸਾਡੇ ਕੋਲ ਤਗ਼ਮਾ ਜਿੱਤਣ ਦਾ ਸ਼ਾਨਦਾਰ ਮੌਕਾ ਸੀ। ਇਕ ਖਿਡਾਰੀ ਨੂੰ 14 ਮਹੀਨਿਆਂ ਵਿੱਚ ਚਾਰ ਗਰੈਂਡ ਸਲੈਮ ਖ਼ਿਤਾਬ ਜਿੱਤਣ ਤੋਂ ਜ਼ਿਆਦਾ ਹੋਰ ਕੀ ਕਰਨਾ ਚਾਹੀਦਾ ਹੈ। ਜਿੱਤਣ ਲਈ ਹੋਰ ਟੂਰਨਾਮੈਂਟ ਨਹੀਂ ਬਣੇ ਹਨ।” ਬ੍ਰਾਜ਼ੀਲ ਦੇ ਰੀਓ ਡੀ ਜਨੇਰੋ ਵਿੱਚ 5 ਤੋਂ 21 ਅਗਸਤ ਦਰਮਿਆਨ ਓਲੰਪਿਕ ਵਿੱਚ ਹੋਏ ਟੈਨਿਸ ਮੁਕਾਬਲੇ ਵਿੱਚ ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦੀ ਜੋੜੀ ਨੇ ਮਿਕਸਡ ਡਬਲਜ਼ ਵਿੱਚ ਭਾਰਤ ਦੀ ਅਗਵਾਈ ਕੀਤੀ ਸੀ। ਇਸ ਜੋੜੀ ਨੂੰ ਸੈਮੀ ਫਾਈਨਲ ਮੁਕਾਬਲੇ ਵਿੱਚ ਹਾਰ ਬਾਅਦ ਕਾਂਸੀ ਦੇ ਪਲੇਅ ਆਫ ਮੁਕਾਬਲੇ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਸਾਨੀਆ ਮਿਰਜ਼ਾ ਨੇ ਪੇਸ ਨੂੰ ਜਵਾਬ ਦਿੰਦਿਆਂ ਟਵਿੱਟਰ ‘ਤੇ ਲਿਖਿਆ ਹੈ ਕਿ, ”ਕਿਸੇ ਜ਼ਹਿਰੀਲੇ ਵਿਅਕਤੀ ਨਾਲ ਜਿੱਤਣ ਦਾ ਇਕੋ-ਇਕ ਤਰੀਕਾ ਹੈ ਉਸ ਨਾਲ ਨਾ ਖੇਡੋ।” ਜਦਕਿ ਬੋਪੰਨਾ ਨੇ ਇਸ ਨੂੰ ਲੀਐਂਡਰ ਵਲੋਂ ਸੁਰਖੀਆਂ ‘ਚ ਰਹਿਣ ਦੀ ਭੁੱਖ ਦਸਿਆ ਹੈ। 43 ਸਾਲਾ ਪੇਸ ਨੇ ਹਾਲਾਂਕਿ ਡੇਵਿਸ ਕਪ ‘ਚ ਅਪਣੇ ਜੋੜੀਦਾਰ ਸਾਕੇਤ ਦੀ ਤਾਰੀਫ਼ ਕੀਤ ਅਤੇ ਕਿਹਾ ਕਿ ਉਨ੍ਹਾਂ ਵਿੱਚ ਗਰੈਂਡ ਸਲੈਮ ਚੈਂਪੀਅਨ ਬਣਨ ਦੀ ਸਮਰੱਥਾ ਹੈ। 1996 ਓਲੰਪਿਕਸ ‘ਚੋਂ ਕਾਂਸੀ ਦਾ ਤਗ਼ਮਾ ਜੇਤੂ ਪੇਸ ਨੇ ਕਿਹਾ, ”ਮੈਂ ਹਮੇਸ਼ਾ ਚੋਣ ਕਮੇਟੀ ਤੇ ਕਪਤਾਨ ਦੇ ਫ਼ੈਸਲੇ ਵਿੱਚ ਵਿਸ਼ਵਾਸ ਕਰਦਾ ਹਾਂ, ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਸੀਂ ਓਲੰਪਿਕ ਵਿੱਚੋਂ ਸੋਨੇ ਦਾ ਤਗ਼ਮਾ ਜੇਤੂ ਟੀਮ ਅਤੇ 14 ਵਾਰ ਦੇ ਗਰੈਂਡ ਸਲੈਮ ਜੇਤੂ ਖ਼ਿਲਾਫ਼ ਮੁਕਾਬਲਾ ਖੇਡਿਆ। ਇੱਥੇ ਕੁੱਝ ਵੀ ਹੋ ਸਕਦਾ ਹੈ।