ਕੌਮੀ ਕਿਸ਼ਤੀ ਚਾਲਣ ਚੈਂਪੀਅਨਸ਼ਿਪ ‘ਚ ਪੰਜਾਬੀਆਂ ਨੇ ਜਿੱਤੇ ਸੱਤ ਤਗ਼ਮੇ

ਪਟਿਆਲਾ (ਨਦਬ): ਕੋਲਕਾਤਾ ਵਿੱਚ ਹੋਈ ਪਹਿਲੀ ਇਨ-ਡੋਰ ਕਿਸ਼ਤੀ ਚਾਲਣ (ਰੋਇੰਗ)  ਚੈਂਪੀਅਨਸ਼ਿਪ ‘ਚ ਪੰਜਾਬ ਦੀ ਟੀਮ ਨੇ ਸੱਤ ਤਗ਼ਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ, ਜਿਨ੍ਹਾਂ ‘ਚ 3 ਸੋਨ, 2 ਚਾਂਦੀ ਅਤੇ 2 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਕੋਚ ਤਜਿੰਦਰ ਸਿੰਘ  ਤੇ ਬਿਪਨ ਕੰਬੋਜ ਦੀ ਅਗਵਾਈ ਵਾਲੀ ਇਸ ਟੀਮ ‘ਚ ਸ਼ਾਮਲ ਸਾਰੇ ਖਿਡਾਰੀ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਹਨ।  ਪੁਰਸ਼ਾਂ ਦੇ ਲਾਈਟ ਵੇਟ ਪੇਅਰ ਵਰਗ ‘ਚ ਪੰਜਾਬ ਦੇ ਹਰਜਿੰਦਰ ਸਿੰਘ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਤੇ ਈਸ਼ਵਰਦੀਪ ਸਿੰਘ ਦੇਸ਼ ਭਗਤ ਕਾਲਜ ਧੂਰੀ ਦੀ ਜੋੜੀ  ਨੇ ਸੋਨ ਤਗ਼ਮਾ ਪ੍ਰਾਪਤ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੀ ਵਿਦਿਆਰਥਣ ਨਵਨੀਤ ਕੌਰ ਸਿਰਥਲਾ (ਲੁਧਿਆਣਾ) ਨੇ ਔਰਤਾਂ ਦੇ ਓਪਨ ਵਰਗ ਦੇ ਸਿੰਗਲ ਮੁਕਾਬਲੇ ‘ਚ ਸੋਨ ਤਗ਼ਮਾ ਜਿੱਤਿਆ ਅਤੇ ਉਸ ਨੇ ਪੇਅਰ ਵਰਗ ‘ਚ ਹਰਪ੍ਰੀਤ ਕੌਰ ਫਤਹਿ ਕਾਲਜ ਰਾਮਪੁਰਾ ਫੂਲ ਨਾਲ ਮਿਲ ਕੇ ਪੰਜਾਬ ਦੇ ਨਾਮ ਦੂਜਾ ਸੋਨ ਤਗ਼ਮਾ ਕੀਤਾ। ਓਪਨ ਪੇਅਰ ਵਰਗ ‘ਚ ਪੰਜਾਬ ਦੇ ਗਗਨਦੀਪ ਸਿੰਘ (ਸੁਨਾਮ) ਅਕਾਲ ਫਿਜ਼ੀਕਲ ਕਾਲਜ ਮਸਤੂਆਣਾ ਤੇ ਪ੍ਰਦੀਪ ਮੀਨਾ (ਕਿਸ਼ਨਪੁਰਾ) ਦੇਸ਼ ਭਗਤ ਕਾਲਜ ਧੂਰੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਔਰਤਾਂ ਦੇ ਲਾਈਟ ਵੇਟ ਪੇਅਰ ਵਰਗ ‘ਚ ਪੰਜਾਬ ਦੀਆਂ ਮਨਦੀਪ ਕੌਰ (ਸਾਹੋਕੀ) ਫਤਹਿ ਕਾਲਜ ਰਾਮਪੁਰਾ ਫੂਲ ਤੇ ਮੋਨਿਕਾ (ਨਡਾਲਾ) ਗੁਰੂ ਨਾਨਕ ਕਾਲਜ ਬੁਢਲਾਡਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਪੁਰਸ਼ਾਂ ਦੇ ਲਾਈਟ ਵੇਟ ਸਿੰਗਲ ਵਰਗ ‘ਚ ਪੰਜਾਬ ਦੇ ਸੁਖਦੀਪ ਸਿੰਘ (ਮਲੌਦ ਰੋੜੀਆਂ) ਦੇਸ਼ ਭਗਤ ਕਾਲਜ ਧੂਰੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ।

Leave a Reply

Your email address will not be published. Required fields are marked *