ਡੇਵਿਸ ਕੱਪ : ਸਪੇਨ ਨੇ ਭਾਰਤ ‘ਤੇ ਹੂੰਝਾ ਫੇਰਿਆ
ਨਵੀਂ ਦਿੱਲੀ (ਨਦਬ): ਨੌਜਵਾਨ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਡੇਵਿਸ ਕੱਪ ਵਿੱਚ ਆਪਣੇ ਸ਼ੁਰੂਆਤੀ ਮੈਚ ਦੌਰਾਨ ਪ੍ਰਭਾਵਤ ਕੀਤਾ ਪਰ ਭਾਰਤ ਨੂੰ ਅੱਜ ਇੱਥੇ ਵਿਸ਼ਵ ਗਰੁੱਪ ਪਲੇਅਆਫ ਮੁਕਾਬਲੇ ਵਿੱਚ ਮਜ਼ਬੂਤ ਸਪੇਨ ਹੱਥੋਂ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਓਲੰਪਿਕ ਅਤੇ ਫਰੈਂਚ ਓਪਨ ਦੇ ਡਬਲਜ਼ ਚੈਂਪੀਅਨ ਮਾਰਕ ਲੋਪੇਜ (ਜੋ ਹੁਣ ਸਿੰਗਲਜ਼ ਮੈਚ ਨਹੀਂ ਖੇਡਦਾ) ਵਿਰੁੱਧ 19 ਸਾਲਾ ਨਾਗਲ ਨੇ ਮੈਚ ਦੌਰਾਨ ਦਬਦਬਾ ਬਣਾਇਆ ਪਰ ਉਸ ਨੂੰ ਮੈਚ ਵਿੱਚ ਸਾਹ ਲੈਣ ਵਿੱਚ ਦਿੱਕਤ ਹੋਈ ਅਤੇ ਉਹ ਚੌਥੇ ਮੈਚ ਵਿੱਚ 3-6, 6-1, 3-6 ਨਾਲ ਹਾਰ ਗਿਆ, ਜੋ ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲਿਆ। ਰਾਮਕੁਮਾਰ ਰਾਮਨਾਥਨ ਲਈ ਸਪੇਨ ਦੀ ਹੂੰਝਾ ਫੇਰ ਜਿੱਤ ਰੋਕਣਾ ਮੁਸ਼ਕਲ ਸੀ ਕਿਉਂਕਿ ਉਸ ਦਾ ਵਿਰੋਧੀ ਦੁਨੀਆ ਦਾ 13ਵੇਂ ਨੰਬਰ ਦਾ ਖਿਡਾਰੀ ਫੈਰਰ ਸੀ। ਫੈਰਰ ਨੇ ਉਸ ਨੂੰ 6-2, 6-2 ਨਾਲ ਹਰਾਇਆ ਅਤੇ ਆਪਣੀ ਟੀਮ ਨੂੰ 5-0 ਦੀ ਜਿੱਤ ਦਿਵਾਈ। ਰਾਮਕੁਮਾਰ ਨੇ ਵੀ ਹਾਲਾਂਕਿ ਆਪਣੀ ਬਿਹਤਰੀਨ ਖੇਡ ਦਿਖਾਈ। ਇਹ ਦੋਵੇਂ ਮੁਕਾਬਲੇ ਬੇਮਾਇਨਾ ਸਨ ਕਿਉਂਕਿ ਪੰਜ ਵਾਰ ਦੀ ਡੇਵਿਸ ਕੱਪ ਚੈਂਪੀਅਨ ਸਪੇਨ ਦੀ ਟੀਮ ਕੱਲ੍ਹ ਹੀ 3-0 ਨਾਲ ਜਿੱਤ ਚੁੱਕੀ ਸੀ। ਪਿਛਲੀ ਵਾਰ ਭਾਰਤੀ ਟੀਮ ਨੂੰ 2003 ਵਿੱਚ ਹੂੰਝਾ ਫੇਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਉਹ ਵਿਸ਼ਵ ਗਰੁੱਪ ਪਲੇਅਆਫ ਮੁਕਾਬਲੇ ਵਿੱਚ ਨੀਦਰਲੈਂਡ ਤੋਂ ਉਸ ਦੀ ਧਰਤੀ ਉਤੇ ਹਾਰ ਗਈ ਸੀ। ਇਹ 21ਵੀਂ ਵਾਰ ਹੈ, ਜਦੋਂ ਭਾਰਤ ਨੂੰ ਹੂੰਝਾ ਫੇਰ ਹਾਰ ਦਾ ਸਾਹਮਣਾ ਕਰਨਾ ਪਿਆ।