FIFA WC: ਬ੍ਰਾਜ਼ੀਲ ਤੇ ਸਵਿਟਜ਼ਰਲੈਂਡ ਨੇ ਖੇਡਿਆ 1-1 ਨਾਲ ਡਰਾਅ

ਰੋਸਤੋਵ : ਖਿਤਾਬ ਦੇ ਮੁੱਖ ਦਾਅਵੇਦਾਰਾਂ ਵਿਚ ਸ਼ਾਮਲ 5 ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੂੰ ਐਤਵਾਰ ਨੂੰ ਵਿਸ਼ਵ ਕੱਪ ਦੇ ਉਸਦੇ ਪਹਿਲੇ ਮੁਕਾਬਲੇ ਵਿਚ ਸਵਿਟਜ਼ਰਲੈਂਡ ਨੇ 1-1 ਨਾਲ ਡਰਾਅ ‘ਤੇ ਰੋਕ ਦਿੱਤਾ। ਵਿਸ਼ਵ ਕੱਪ ਵਿਚ 1978 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਬ੍ਰਾਜ਼ੀਲ ਦੀ ਟੀਮ ਸ਼ੁਰੂਆਤੀ ਮੁਕਾਬਲਾ ਜਿੱਤਣ ਵਿਚ ਅਸਫਲ ਰਹੀ। ਪਹਿਲੇ ਹਾਫ ਵਿਚ ਦਬਾਅ ਬਣਾਉਣ ਵਾਲੀ ਬ੍ਰਾਜ਼ੀਲ ਬ੍ਰੇਕ ਤੋਂ ਬਾਅਦ ਲੈਅ ਬਰਕਰਾਰ ਨਹੀਂ ਰੱਖ ਸਕੀ। ਨੇਮਾਰ ਐਂਡ ਕੰਪਨੀ ਨੇ ਕਈ ਚੰਗੇ ਮੂਵ ਜ਼ਰੂਰ ਬਣਾਏ ਪਰ ਗੋਲ ਵਿਚ ਤਬਦੀਲ ਕਰਨ ਵਿਚ ਅਸਫਲ ਰਹੀ।
ਦੂਜੇ ਪਾਸੇ ਸਵਿਟਜ਼ਰਲੈਂਡ ਦੇ ਗੋਲਕੀਪਰ ਯੋਨ ਸੋਮੇਰ ਨੇ ਜ਼ਬਰਦਸਤ ਮੁਸਤੈਦੀ ਦਾ ਪ੍ਰਦਰਸ਼ਨ ਕਰਦਿਆਂ ਕਈ ਗੋਲ ਬਚਾਏ, ਜਿਸ ਵਿਚ ਵਾਧੂ ਸਮੇਂ ਵਿਚ ਬ੍ਰਾਜ਼ੀਲ ਨੂੰ ਮਿਲੀ ਫ੍ਰੀ ਕਿੱਕ ‘ਤੇ ਨੇਮਾਰ ਦਾ ਸ਼ਾਟ ਸ਼ਾਮਲ ਸੀ।
ਬ੍ਰਾਜ਼ੀਲ ਨੇ ਪਹਿਲੇ ਹਾਫ ਵਿਚ ਫਿਲਿਪ ਕੋਟਿਨ੍ਹੋ ਦੇ 17ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਹਾਫ ਟਾਈਮ ਤਕ 1-0 ਨਾਲ ਬੜ੍ਹਤ ਬਣਾ ਲਈ ਸੀ ਪਰ ਇਕ ਗੋਲ ਗੁਆਉਣ ਤੋਂ ਬਾਅਦ ਵਲਾਦੀਮਿਰ ਪੇਟਕੋਵਿਚ ਦੀ ਸਵਿਟਜ਼ਰਲੈਂਡ ਟੀਮ ਨੇ ਸਬਰ ਨਹੀਂ ਗੁਆਇਆ ਤੇ ਮੌਕੇ ਦਾ ਇੰਤਜ਼ਾਰ ਕੀਤਾ। ਉਸਦੇ ਲਈ ਬਰਾਬਰੀ ਦਾ ਗੋਲ ਸਟੀਵਨ ਜ਼ੁਬੇਰ ਨੇ 50ਵੇਂ ਮਿੰਟ ਵਿਚ ਕੀਤਾ।
ਪਿਛਲੇ ਵਿਸ਼ਵ ਕੱਪ ਵਿਚ ਜਰਮਨੀ ਹੱਥੋਂ ਸੈਮੀਫਾਈਨਲ ਵਿਚ 7-1 ਨਾਲ ਸ਼ਰਮਨਾਕ ਹਾਰ ਝੱਲਣ ਵਾਲੀ ਬ੍ਰਾਜ਼ੀਲ ਟੀਮ ਨੇ ਲਗਾਤਾਰ ਹਮਲਾਵਰ ਖੇਡ ਦਿਖਾਈ ਪਰ ਉਹ ਜੇਤੂ ਗੋਲ ਕਰਨ ਵਿਚ ਕਾਮਯਾਬੀ ਹਾਸਲ ਨਹੀਂ ਕਰ ਸਕੀ। ਦੁਨੀਆ ਦੇ ਸਭ ਤੋਂ ਮਹਿੰਗੇ ਖਿਡਾਰੀ ਨੇਮਾਰ ਨੂੰ ਪਹਿਲੇ ਹਾਫ ਵਿਚ ਸਵਿਸ ਖਿਡਾਰੀਆਂ ਨੇ ਬੰਨ੍ਹੀ ਰੱਖਿਆ।