ਟਰੂਡੋ ਦਾ ਭਾਰਤ ਦੌਰਾ ਫਿਰ ਵਿਵਾਦਾਂ ‘ਚ , ਮਚਿਆ ਘਮਾਸਾਨ

ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ‘ਤੇ ਹੋਏ ਖਰਚ ਨਾਲ ਖੂਬ ਘਮਾਸਾਨ ਮਚਿਆ ਹੋਇਆ ਹੈ। ਵਿਰੋਧੀ ਧਿਰ ਨੇ ਟਰੂਡੋ ਦੇ ਭਾਰਤ ਦੌਰੇ ਨੂੰ ਉਨ੍ਹਾਂ ਦੇ ਕਾਰਜਕਾਲ ਦਾ ਬੇਹੱਦ ਮਹਿੰਗਾ ਦੌਰਾ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਟਰੂਡੋ ਦੇ ਭਾਰਤ ਦੌਰੇ ‘ਤੇ ਕਰੀਬ 1.5 ਮਿਲੀਅਨ ਡਾਲਰ ਖਰਚ ਹੋਏ ਹਨ। ਅਪੋਜ਼ੀਸ਼ਨ ਨੇ ਸੰਸਦ ਵਿਚ ਦਸਤਾਵੇਜ਼ ਪੇਸ਼ ਕਰ ਕੇ ਦਾਅਵਾ ਕੀਤਾ ਕਿ ਟਰੂਡੋ ਦੇ ਭਾਰਤ ਦੌਰੇ ‘ਤੇ ਕਰਦਾਤਿਆਂ ਦਾ ਜ਼ਿਆਦਾਤਰ ਪੈਸਾ ਬਰਬਾਦ ਕਰ ਦਿੱਤਾ ਗਿਆ।
ਦਸਤਾਵੇਜ਼ਾਂ ਮੁਤਾਬਕ 8 ਦਿਨ ਦੀ ਭਾਰਤ ਯਾਤਰਾ ਦੌਰਾਨ ਟਰੂਡੋ ਦੇ ਵੀ. ਆਈ. ਪੀ. ਜਹਾਜ਼ ‘ਤੇ ਲਗਭਗ 5 ਲੱਖ ਡਾਲਰ ਖਰਚ ਹੋਏ ਅਤੇ ਹੋਟਲ ਸਮੇਤ ਹੋਰ ਖਰਚ ਕਰੀਬ 3 ਲੱਖ ਡਾਲਰ ਰਿਹਾ। ਵੈਨਕੂਵਰ ਸਥਿਤ ਸੈਲੀਬ੍ਰਿਟੀ ਸ਼ੈਫ ਨੂੰ ਵਿਸ਼ੇਸ਼ ਭੋਜਨ ਬਣਾਉਣ ‘ਤੇ 17 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਗਿਆ ਸੀ। ਕੈਨੇਡਾ ਦੇ ਟੈਕਸਪੇਅਰਜ਼ ਫੈਡਰੇਸ਼ਨ ਦੇ ਓਟਾਵਾ ਸਥਿਤ ਵਾਚ ਡੌਗ ਦੇ ਸੰਘੀ ਡਾਇਰੈਕਟਰ ਹਾਰੂਨ ਗੁਡਰਿਕ ਨੇ ਕਿਹਾ ਕਿ ਇੰਨਾ ਜ਼ਿਆਦਾ ਖਰਚ ਕਰਨ ‘ਤੇ ਵੀ ਟਰੂਡੋ ਨੂੰ ਕੋਈ ਰੰਜ ਨਹੀਂ, ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਇਹ ਪੈਸਾ ਕਰਦਾਤਿਆਂ ਨੇ ਟੈਕਸ ਚੁਕਾ ਕੇ ਸਰਕਾਰ ਨੂੰ ਦਿੱਤਾ ਹੈ। ਇਸ ਮੁੱਦੇ ‘ਤੇ ਹਾਊਸ ਆਫ ਕਾਮਨਜ਼ ਵਿਚ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਕਾਫੀ ਬਹਿਸ ਹੋਈ। ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸ਼ੇਅਰ ਨੇ ਇੰਨੀ ਲਾਪਰਵਾਹੀ ਨਾਲ ਖਰਚ ਕਰਨ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ।