ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਲੜਾਈ ਮਗਰੋਂ ਰਣਕੀਰਤ ਸਿੰਘ ਦੇ ਵਾਰੰਟ ਹੋਏ ਜਾਰੀ

ਬਰੈਂਪਟਨ— ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਤਿੰਨ ਪੰਜਾਬੀਆਂ ਦੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦੀ ਖਬਰ ਹੈ। ਇਸ ਮਾਮਲੇ ਵਿੱਚ ਕੁੱਝ ਪੰਜਾਬੀ ਹੁੱਲੜਬਾਜ਼ਾਂ ਦਾ ਨਾਂ ਬੋਲਦਾ ਹੈ ਅਤੇ ਪੁਲਸ ਨੇ ਰਣਕੀਰਤ ਸਿੰਘ (20 ਸਾਲ) ਦੇ ਵਾਰੰਟ ਜਾਰੀ ਕੀਤੇ ਹਨ। ਹਾਲਟਨ ਰਿਜਨਲ ਪੁਲਸ ਮੁਤਾਬਕ ਵਾਰਦਾਤ ਵਿੱਚ ਜ਼ਖ਼ਮੀ ਹੋਏ ਤਿੰਨ ਜਣਿਆਂ ਵਿੱਚੋਂ ਦੋ ਅਜੇ ਹਸਪਤਾਲ ਵਿੱਚ ਹੀ ਹਨ ਅਤੇ ਇਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮੰਗਲਵਾਰ ਦੀ ਰਾਤ ਅਤੇ ਬੁੱਧਵਾਰ ਦੇ ਤੜਕਸਾਰ ਦੇ ਸਮੇਂ ਦੌਰਾਨ ਕੁੱਝ ਮੁੰਡਿਆਂ ਨੇ ਘਰ ਕਿਰਾਏ ‘ਤੇ ਲੈਣ ਲਈ ਇੱਕ ਪ੍ਰਾਪਰਟੀ ਡੀਲਰ ਨੂੰ ਚੈੱਕ ਦਿੱਤਾ ਸੀ ਪਰ ਮਾਲਕ ਮਕਾਨ ਵੱਲੋਂ ਵਿਦਿਆਰਥੀਆਂ ਨੂੰ ਮਕਾਨ ਦੇਣ ਤੋਂ ਨਾਂਹ ਕਰਨ ਮਗਰੋਂ ਇਹ ਤਕਰਾਰ ਵਧ ਗਈ। ਉਨ੍ਹਾਂ ਮੁੰਡਿਆਂ ਨੇ ਚੈੱਕ ਵਾਪਸ ਲੈਣ ਲਈ ਪ੍ਰਾਪਰਟੀ ਡੀਲਰ ਨੂੰ ਹਾਲਟਨ-ਬਰੈਂਪਟਨ ਬਾਰਡਰ ‘ਤੇ ਸੱਦਿਆ। ਪ੍ਰਾਪਰਟੀ ਡੀਲਰ ਆਪਣੇ ਦੋ ਹੋਰ ਸਾਥੀਆਂ ਨਾਲ ਉਥੇ ਪੁੱਜਿਆ ਤਾਂ ਪਹਿਲਾਂ ਹੀ ਸਕੀਮ ਬਣਾਈ ਬੈਠੇ 15-20 ਜਣਿਆਂ ਨੇ ਡਾਂਗਾਂ ਤੇ ਬੇਸਬਾਲ ਦੇ ਬੱਲਿਆਂ ਨਾਲ ਤਿੰਨਾਂ ‘ਤੇ ਹਮਲਾ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ਵਿੱਚ ਰਣਕੀਰਤ ਸਿੰਘ ਨੂੰ ਆਤਮ-ਸਮਰਪਣ ਕਰਨ ਲਈ ਆਖਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਬਰੈਂਪਟਨ ਤੋਂ ਚਾਰ ਸੰਸਦ ਮੈਂਬਰਾਂ ਕਮਲ ਖਹਿਰਾ, ਰਾਜ ਗਰੇਵਾਲ, ਰੂਬੀ ਸਹੋਤਾ ਤੇ ਸੋਨੀਆ ਸਿੱਧੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅਜਿਹੇ ਵਿਦਿਆਰਥੀਆਂ ਦੀ ਹੁੱਲੜਬਾਜ਼ੀ ਮਾਹੌਲ ਵਿਗਾੜ ਰਹੀ ਹੈ, ਜੋ ਬਰਦਾਸ਼ਤ ਨਹੀਂ ਹੈ। ਉਹ ਬਰੈਂਪਟਨ ਮੇਅਰ, ਪੁਲਸ ਮੁਖੀ, ਸ਼ੈਰੀਡਨ ਕਾਲਜ ਤੇ ਸੂਬਾਈ ਸਰਕਾਰ ਨਾਲ ਇਸ ਮਾਮਲੇ ‘ਤੇ ਮੀਟਿੰਗਾਂ ਸੱਦ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਅਪਰਾਧ ਵਿੱਚ ਦੋਸ਼ੀ ਵਿਦਿਆਰਥੀ ਜਾਂ ਕੱਚੇ ਵਸਨੀਕ ਨੂੰ ਡਿਪੋਰਟ ਕੀਤਾ ਜਾਵੇਗਾ। ਬਰੈਂਪਟਨ ਦੇ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਵੀ ਗੁਰਦੁਆਰਾ ਕਮੇਟੀਆਂ ਅਤੇ ਪੁਲਸ ਨਾਲ ਜਨਤਕ ਬੈਠਕ ਕਰਨ ਦੀ ਯੋਜਨਾ ਬਣਾਈ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਝਗੜੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਬਰੈਂਪਟਨ ਦੇ ਪੰਜਾਬੀ ਮੂਲ ਦੇ 4 ਸੰਸਦ ਮੈਂਬਰਾਂ ਨੇ ਸਪੱਸ਼ਟ ਕੀਤਾ ਹੈ ਕਿ ਬਰੈਂਪਟਨ ਦੀ ਸੁਰੱਖਿਆ ਉਨ੍ਹਾਂ ਦੀ ਤਰਜੀਹ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਸਮੇਂ ਸਰਕਾਰ ਨਰਮੀ ਨਹੀਂ ਵਰਤੇਗੀ। ਇਕ ਪੁਲਸ ਅਫਸਰ ਨੇ ਦੋਸ਼ੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਤਮ ਸਮਰਪਣ ਦਾ ਆਪ ਹੀ ਪ੍ਰਬੰਧ ਕਰ ਲੈਣ। ਹੁੱਲੜਬਾਜ਼ਾਂ ਦੀ ਇਸ ਹਰਕਤ ਕਾਰਨ ਬਰੈਂਪਟਨ ਖੇਤਰ ਦੇ ਪੰਜਾਬੀ ਭਾਈਚਾਰੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Leave a Reply

Your email address will not be published. Required fields are marked *