ਫ੍ਰਾਂਸੀਸੀ ਕੁੜੀ ਨੂੰ ਕੈਨੇਡਾ ‘ਚ ਸੈਰ ਕਰਨੀ ਪਈ ਮਹਿੰਗੀ, ਪਹੁੰਚੀ ਅਮਰੀਕੀ ਜੇਲ ‘ਚ

ਟੋਰਾਂਟੋ : ਫਰਾਂਸ ਦੀ ਇਕ ਨੌਜਵਾਨ ਕੁੜੀ ਨੂੰ ਕੈਨੇਡਾ ‘ਚ ਸੈਰ ਕਰਨੀ ਉਸ ਵੇਲੇ ਮਹਿੰਗੀ ਪੈ ਗਈ, ਜਦੋਂ ਉਹ ਛੁੱਟੀਆਂ ਕੱਟਣ ਲਈ ਆਪਣੀ ਮਾਂ ਕੋਲ ਕੈਨੇਡਾ ਆਈ ਹੋਈ ਸੀ। ਸੈਰ ਦੌਰਾਨ ਉਹ ਗਲਤੀ ਨਾਲ ਅਮਰੀਕਾ ਦੀ ਸਰਹੱਦ ਪਾਰ ਕਰ ਗਈ। ਇਸ ਤੋਂ ਬਾਅਦ ਉਸ ਨੂੰ 2 ਹਫਤਿਆਂ ਤੱਕ ਅਮਰੀਕੀ ਜੇਲ ‘ਚ ਬੰਦ ਰੱਖਿਆ ਗਿਆ ਸੀ। ਪੁਲਸ ਅਧਿਕਾਰੀਆਂ ਵੱਲੋਂ ਫ੍ਰਾਂਸੀਸੀ ਔਰਤ ਨੂੰ ਸ਼ੱਕੀ ਮੰਨ ਕੇ ਜੇਲ ‘ਚ ਬੰਦ ਕਰ ਦਿੱਤਾ ਗਿਆ। ਸੇਡੇਲਾ ਰੋਮਨ (19) ਨੂੰ 2 ਦੇਸ਼ਾਂ ਦੇ ਸਰਹੱਦੀ ਨਿਯਮਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਦੀ ਮਾਂ ਕ੍ਰਿਸਟੀਨ ਫੇਰਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਤ ਰਹਿੰਦੀ ਹੈ।
ਰੋਮਨ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਮਿਲਣ ਲਈ ਇੱਥੇ ਆਈ ਸੀ। ਬੀਤੀ 21 ਮਈ ਨੂੰ ਉਹ ਇਕੱਲੀ ਹੀ ਸੈਰ ‘ਤੇ ਨਿਕਲ ਗਈ ਅਤੇ ਗਲਤੀ ਨਾਲ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ‘ਚ ਦਾਖਲ ਹੋ ਗਈ। ਹਾਲਾਂਕਿ ਉਥੇ ਕੋਈ ਚਿਤਾਵਨੀ ਬੋਰਡ ਨਹੀਂ ਲੱਗਾ ਹੋਇਆ ਸੀ ਜਿਸ ਕਾਰਨ ਉਹ ਗਲਤੀ ਨਾਲ ਅਮਰੀਕਾ ‘ਚ ਐਂਟਰ ਕਰ ਗਈ। ਪਰ ਸਰਹੱਦ ਪਾਰ ਕਰ ਜਦੋਂ ਉਹ ਸੈਲਫੀ ਲੈਣ ਲਈ ਰੁਕੀ ਤਾਂ ਪੈਟਰੋਲਿੰਗ ਕਰਨ ਵਾਲੇ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਉਸ ਨੂੰ 2 ਹਫਤਿਆਂ ਤੱਕ ਜੇਲ ‘ਚ ਬੰਦ ਕਰ ਦਿੱਤਾ ਗਿਆ।
ਰੋਮਨ ਨੇ ਕਿਹਾ ਕਿ, ‘ਮੈਨੂੰ ਨਹੀਂ ਲੱਗਦਾ ਸੀ ਕਿ ਇਹ ਇੰਨੀ ਵੱਡੀ ਘਟਨਾ ਹੈ ਇਸ ਕਰਕੇ ਉਨ੍ਹਾਂ ਨੂੰ ਚਾਹੀਦਾ ਸੀ ਕਿ ਮੈਨੂੰ ਜੇਲ ‘ਚ ਬੰਦ ਕਰਨ ਦੀ ਬਜਾਏ ਚਿਤਾਵਨੀ ਦੇ ਜ਼ੁਰਮਾਨਾ ਲੈ ਕੇ ਛੱਡ ਦਿੰਦੇ ਪਰ ਉਨ੍ਹਾਂ ਨੂੰ ਮੈਨੂੰ ਜੇਲ ‘ਚ ਬੰਦ ਕਰ ਦਿੱਤਾ, ਜਿਹੜੀ ਕਿ ਬਹੁਤ ਗਲਤ ਗੱਲ ਹੈ। ਅਮਰੀਕੀ ਪੈਟਰੋਲਿੰਗ ਅਧਿਕਾਰੀ ਦਾ ਕਹਿਣਾ ਹੈ ਕਿ ਉਸ (ਰੋਮਨ) ਨੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕੀਤੀ ਸੀ। ਜਿਸ ਕਾਰਨ ਉਸ ਨੂੰ ਜੇਲ ‘ਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜਾ ਵੀ ਅਮਰੀਕੀ ਸਰਹੱਦ ਨੂੰ ਗਲਤ ਢੰਗ ਨਾਲ ਪਾਰ ਕਰਦਾ ਫੜਿਆ ਜਾਂਦਾ ਹੈ ਉਸ ਨੂੰ ਘੁਸਪੈਠ ਕਰਨ ਵਾਲਾ ਹੀ ਸਮਝਿਆ ਜਾਂਦਾ ਹੈ ਅਤੇ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।