ਬੇਦੀ, ਵਿਸ਼ਵਨਾਥ ਨੂੰ ਨਹੀਂ ਮਿਲਿਆ ਬੀ. ਸੀ. ਸੀ. ਆਈ. ਦਾ ਸੱਦਾ

ਨਵੀਂ ਦਿੱਲੀ (ਨਦਬ): ਸਾਬਕਾ ਕਪਤਾਨਾਂ ਬਿਸ਼ਨ ਸਿੰਘ ਬੇਦੀ ਅਤੇ ਗੁੰਡੱਪਾ ਵਿਸ਼ਵਨਾਥ ਨੂੰ ਕਾਨਪੁਰ ‘ਚ 22 ਸਤੰਬਰ ਨੂੰ ਹੋਣ ਵਾਲੇ ਭਾਰਤ ਦੇ ਇਤਿਹਾਸਿਕ 500ਵੇਂ ਟੈਸਟ ਮੈਚ ਲਈ ਬੀ. ਸੀ. ਸੀ. ਆਈ. ਤੋਂ ਅਜੇ ਤਕ ਸੱਦਾ ਨਹੀਂ ਮਿਲਿਆ ਹੈ। ਇਹ ਟੈਸਟ ਮੈਚ ਵੀਰਵਾਰ ਨੂੰ ਹੋਣਾ ਹੈ ਪਰ 22 ਟੈਸਟ ਮੈਚਾਂ ‘ਚ ਕਪਤਾਨ ਰਹੇ 69 ਸਾਲਾ ਬੇਦੀ ਤੇ 2 ਮੈਚਾਂ ‘ਚ ਕਪਤਾਨੀ ਕਰਨ ਵਾਲੇ ਵਿਸ਼ਵਨਾਥ ‘ਚੋਂ ਕਿਸੇ ਨੂੰ ਵੀ ਬੋਰਡ ਵਲੋਂ ਲਿਖਤੀ ਜਾਂ ਫੋਨ ‘ਤੇ ਸੱਦਾ ਨਹੀਂ ਦਿੱਤਾ ਗਿਆ। ਮਸ਼ਹੂਰ ਸਪਿੱਨਰ ਬੇਦੀ ਨੇ ਕਿਹਾ, ”ਅੱਜ ਸ਼ਾਮ ਤਕ ਮੈਨੂੰ ਸੱਦਾ ਨਹੀਂ ਮਿਲਿਆ ਹੈ ਅਤੇ ਮੈਂ ਇਸ ਤੋਂ ਨਾਰਾਜ਼ ਨਹੀਂ ਹਾਂ। ਇਹ ਬੀ.ਸੀ.ਸੀ.ਆਹੀ. ਦਾ ਪ੍ਰੋਗਰਾਮ ਹੈ ਅਤੇ ਇਹ ਉਨ੍ਹਾਂ ਦਾ ਹੱਕ ਹੈ ਕਿ ਉਹ ਉਸ ‘ਚ ਕਿਸ ਨੂੰ ਚਾਹੁੰਦੇ ਹਨ। ਜ਼ਿੰਦਗੀ ਦੇ ਇਸ ਪੜਾਅ ‘ਤੇ ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਨ ਕਸੈਲਾ ਨਹੀਂ ਕਰ ਸਕਦਾ।” ਬੀ.ਸੀ.ਸੀ.ਆਈ. ਦੇ ਨਾਲ ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਨੇ ਵੀ 84 ਸਾਲ ਦੇ ਭਾਰਤੀ ਟੈਸਟ ‘ਚ ਯੋਗਦਾਨ ਦੇਣ ਵਾਲੇ ਸਾਬਕਾ ਭਾਰਤੀ ਕਪਤਾਨਾਂ ਨੂੰ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ਹੈ।