ਸਕੂਲ ਬੰਦ ਕਰਵਾਉਣ ਲਈ ਵਿਦਿਆਰਥੀ ਦਾ ਕੀਤਾ ਕਤਲ

ਵਡੋਦਰਾ: ਇਥੋਂ ਦੇ ਇਕ ਪ੍ਰਾਈਵੇਟ ਸਕੂਲ ‘ਚ ਨੌਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਪੁਲਿਸ ਨੇ ਦਸਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵਿਦਿਆਰਥੀ ਨੇ ਦੱਸਿਆ ਕਿ ਉਸਨੇ ਇਹ ਵਾਰਦਾਤ ਸਿਰਫ ਇਸ ਲਈ ਕੀਤੀ ਤਾਂ ਜੋ ਸਕੂਲ ਬੰਦ ਕਰਵਾਇਆ ਜਾ ਸਕੇ।
ਦਰਅਸਲ ਮੁਲਜਮ ਵਿਦਿਆਰਥੀ ਨੇ ਹੋਮਵਰਕ ਨਹੀਂ ਕੀਤਾ ਸੀ ਜਿਸ ਤੋਂ ਬਾਅਦ ਅਧਿਆਪਕ ਨੇ ਉਸਦੇ ਥੱਪੜ ਜੜ੍ਹ ਦਿੱਤੇ। ਇਸ ਗੱਲ ਤੋਂ ਖਫਾ ਉਸਨੇ ਸਕੂਲ ਬੰਦ ਕਰਵਾਉਣ ਦੀ ਸਾਜ਼ਿਸ਼ ਰਚੀ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਵਿਦਿਆਰਥੀ ਕਿਸੇ ਵੀ ਵਿਦਿਆਰਥੀ ਦੀ ਹੱਤਿਆ ਕਰਕੇ ਸਕੂਲ ਬੰਦ ਕਰਵਾਉਣਾ ਚਾਹੁੰਦਾ ਸੀ। ਸਕੀਮ ਮੁਤਾਬਕ ਉਹ ਸਕੂਲ ‘ਚ ਤੇਜ਼ਧਾਰ ਚਾਕੂ ਲੈ ਕੇ ਆਇਆ ਸੀ। ਪੀੜਤ ਵਿਦਿਆਰਥੀ ਉਸਦੇ ਸਾਹਮਣੇ ਆ ਗਿਆ ਤੇ ਉਸਨੇ ਉਸਦੀ ਹੱਤਿਆ ਕਰ ਦਿੱਤੀ।
ਪੁਲਿਸ ਮੁਤਾਬਕ ਮੁਲਜ਼ਮ ਵਿਦਿਆਰਥੀ ਗੁਸੈਲ ਸੁਭਾਅ ਦਾ ਹੈ ਤੇ ਨਿੱਕੀ-ਨਿੱਕੀ ਗੱਲ ਤੇ ਗੁੱਸਾ ਕਰਦਾ ਰਹਿੰਦਾ ਸੀ। ਉਸਦਾ ਪਿਤਾ ਨਾਰੀਅਲ ਦਾ ਕਾਰੋਬਾਰ ਕਰਦਾ ਹੈ ਉਥੋਂ ਹੀ ਉਹ ਤੇਜ਼ਧਾਰ ਚਾਕੂ ਤੇ ਮਿਰਚ ਪਾਊਡਰ ਲੈ ਕੇ ਆਇਆ ਸੀ। ਪੁਲਿਸ ਨੇ ਮੁਜ਼ਰਮ ਵਿਦਿਆਰਥੀ ਨੂੰ ਜੁਵੇਨਾਈਲ ਜਸਟਿਸ ਬੋਰਡ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਵਡੋਦਰਾ ਦੇ ਇਕ ਨਿੱਜੀ ਸਕੂਲ ਚੋਂ ਨੌਂਵੀ ਜਮਾਤ ਦੇ ਵਿਦਿਆਰਥੀ ਦੀ ਲਾਸ਼ ਸਕੂਲ ਦੇ ਪਖਾਨੇ ਚੋਂ ਬਰਾਮਦ ਕੀਤੀ ਗਈ ਸੀ।

Leave a Reply

Your email address will not be published. Required fields are marked *