ਕੂੜਾ ਸੁੱਟਣ ਵਾਲਾ ਵਿਰਾਟ ਤੇ ਅਨੁਸ਼ਕਾ ਨੂੰ ਲਿਜਾਏਗਾ ਅਦਾਲਤ

ਮੁੰਬਈ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਉਸ ਦੀ ਪਤਨੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ। ਹਾਲ ਹੀ ਵਿੱਚ ਕਾਰ ਤੋਂ ਕੂੜਾ ਬਾਹਰ ਸੱਟਣ ’ਤੇ ਅਨੁਸ਼ਕਾ ਨੇ ਇੱਕ ਸ਼ਖ਼ਸ ਨੂੰ ਖਰੀਆਂ-ਖੋਟੀਆਂ ਸੁਣਾਈਆਂ ਸੀ। ਵਿਰਾਟ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡਆ ਅਕਾਊਂਟ ’ਤੇ ਸ਼ੇਅਰ ਕਰ ਦਿੱਤੀ ਸੀ। ਇਸੇ ਮਾਮਲੇ ਵਿੱਚ ਕਾਰ ’ਚੋਂ ਬਾਹਰ ਕੂੜਾ ਸੁੱਟਣ ਵਾਲੇ ਅਰਹਾਨ ਸਿੰਘ ਨੇ ਅਨੁਸ਼ਕਾ ਤੇ ਵਿਰਾਟ ਕੋਹਲੀ ਨੂੰ ਆਪਣੀ ਬਦਨਾਮੀ ਦਾ ਹਵਾਲਾ ਦਿੰਦਿਆਂ ਲੀਗਲ ਨੋਟਿਸ ਭੇਜਿਆ ਹੈ।
ਅਨੁਸ਼ਕਾ ਸ਼ਰਮਾ ਨੇ ਨੋਟਿਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੀਗਲ ਟੀਮ ਇਸ ਮਾਮਲੇ ਨੂੰ ਦੇਖ ਰਹੀ ਹੈ ਤੇ ਫਿਲਹਾਲ ਇਸੇ ਨੂੰ ਹੀ ਉਨ੍ਹਾਂ ਦਾ ਅਧਿਕਾਰਿਤ ਬਆਨ ਮੰਨਿਆ ਜਾਏ।
ਇਸ ਦੇ ਇਲਾਵਾ ਅਰਹਾਨ ਨੇ ਵੀ ਇੱਕ ਪੋਸਟ ਕਰ ਕੇ ਵਿਰਾਟ ਤੇ ਅਨੁਸ਼ਕਾ ਨੂੰ ਉਨ੍ਹਾਂ ਦੀ ਹਰਕਤ ਦਾ ਜਵਾਬ ਦਿੰਦਿਆਂ ਦੋਵਾਂ ਨੂੰ ਕਾਫ਼ੀ ਭਲਾ-ਬੁਰਾ ਕਿਹਾ। ਉਸ ਦੀ ਮਾਂ ਨੇ ਵੀ ਵਿਰਾਟ ਤੇ ਅਨੁਸ਼ਕਾ ਨੂੰ ਵੀਡੀਓ ਸ਼ੇਅਰ ਕਰ ਕੇ ਆਪਣੇ ਮੁੰਡੇ ਨੂੰ ਬਦਨਾਮ ਕਰਨ ਲਈ ਕਾਫ਼ੀ ਕੋਸਿਆ ਹੈ।
ਵਿਰਾਟ ਨੇ ਅਨੁਸ਼ਕਾ ਦੀ ਜੋ ਵੀਡੀਓ ਆਪਣੇ ਅਕਾਊਂਟ ’ਤੇ ਪੋਸਟ ਕੀਤੀ ਸੀ, ਉਹ ਵਾਇਰਲ ਹੋ ਗਈ ਤੇ ਉਸ ਵਿੱਚ ਸੜਕ ’ਤੇ ਕੂੜਾ ਸੁੱਟਣ ਵਾਲੇ ਵਿਅਕਤੀ ਅਰਹਾਨ ਦੀ ਬਹੁਤ ਬਦਨਾਮੀ ਹੋਈ ਸੀ।