ਗਰੀਬੀ ਨਾਲ ਲੜਨ ਲਈ ਚੁਣਿਆ ਫੁਟਬਾਲ ਦਾ ਰਾਹ, ਅੱਜ ਦੁਨੀਆ ਦਾ ਸਰਵੋਤਮ ਸਟ੍ਰਾਈਕਰ

ਬੈਲਜੀਅਮ ਦੇ ਸਟਰਾਈਕਰ ਰੋਮੇਲੂ ਲੁਕਾਕੂ ਨੇ ਪਨਾਮਾ ਖ਼ਿਲਾਫ਼ ਦੋ ਗੋਲ ਦਾਗ ਕੇ ਵਿਸ਼ਵ ਕੱਪ ਫੁੱਟਬਾਲ ਵਿੱਚ ਸ਼ਾਨਦਾਰ ਤਰੀਕੇ ਨਾਲ ਸ਼ੁਰੂਆਤ ਕੀਤੀ। ਉਸ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
ਹਾਲ ਹੀ ਵਿੱਚ ਲੁਕਾਕੂ ਨੇ ਆਪਣੀ ਗਰੀਬੀ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਜਦੋਂ ਉਹ ਛੋਟਾ ਹੁੰਦਾ ਸੀ ਤਾਂ ਉਸ ਦੇ ਘਰ ਖਾਣ-ਪੀਣ ਦੀ ਕਮੀ ਸੀ। ਕਦੀ-ਕਦੀ ਉਨ੍ਹਾਂ ਕੋਲ ਬਿਜਲੀ ਦਾ ਬਿੱਲ ਭਰਨ ਲਈ ਵੀ ਪੈਸੇ ਨਹੀਂ ਹੁੰਦੇ ਸੀ। ਉਸ ਨੇ ਕਿਹਾ ਕਿ ਉਨ੍ਹਾਂ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਪੂਰੇ ਹਫ਼ਤੇ ਦੇ ਅਖ਼ੀਰ ਵਿੱਚ ਜ਼ਰੂਰਤਾਂ ਪੂਰੀਆਂ ਕਰ ਸਕਣ। ਉਹ ਗਰੀਬ ਨਹੀਂ, ਬਲਕਿ ਬਹੁਤ ਗਰੀਬ ਸੀ। 25 ਸਾਲਾ ਲੁਕਾਕੂ ਨੇ ਦੱਸਿਆ ਕਿ ਉਸ ਦੇ ਪਿਤਾ ਫੁਟਬਾਲਰ ਸਨ ਪਰ ਉਹ ਆਪਣੇ ਕਰੀਅਰ ਦੇ ਅਖੀਰਲੇ ਪੜਾਅ ਵਿੱਚ ਸਨ ਤੇ ਸਾਰਾ ਪੈਸਾ ਖ਼ਤਮ ਹੋ ਚੁੱਕਾ ਸੀ। ਉਸ ਨੇ ਕਿਹਾ ਕਿ ਉਹ 6 ਸਾਲ ਦਾ ਸੀ ਜਦੋਂ ਉਸ ਨੂੰ ਪਰਿਵਾਰ ਦੀ ਗਰੀਬੀ ਦਾ ਅਹਿਸਾਸ ਹੋਇਆ ਕਿਉਂਕਿ ਉਸ ਨੇ ਆਪਣੀ ਮਾਂ ਨੂੰ ਦੁੱਧ ਵਿੱਚ ਪਾਣੀ ਮਿਲਾਉਂਦਿਆਂ ਵੇਖ ਲਿਆ ਸੀ ਤਾਂ ਕਿ ਦੁੱਧ ਸਾਰਿਆਂ ਨੂੰ ਮਿਲ ਸਕੇ।
ਇਸ ਦੇ ਬਾਅਦ ਉਸ ਨੇ ਫੈਸਲਾ ਕੀਤਾ ਕਿ ਉਹ ਪੇਸ਼ੇਵਰ ਫੁਟਬਾਲ ਨਾਲ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰੇਗਾ। ਉਸ ਨੇ ਆਪਣੀ ਮਿਹਨਤ ਨਾਲ ਜੋ ਕਿਹਾ, ਉਹ ਕਰਕੇ ਵੀ ਦਿਖਾਇਆ। ਹੁਣ ਉਹ ਮੈਸਚੇਸਟਰ ਯੁਨਾਈਟਿਡ ਵਰਗੇ ਕਲੱਬਾਂ ਨਾਲ ਖੇਡਦਾ ਹੈ। ਇਸ ਤੋਂ ਪਹਿਲਾਂ ਉਹ ਚੈਲਸੀ, ਵੈਸਟ, ਬ੍ਰੋਮਵਿਚ ਐਲਬਿਓਨ ਤੇ ਐਵਰਟਨ ਵਰਗੇ ਕਲੱਬਾਂ ਵਿੱਚ ਵੀ ਆਪਣੇ ਹੁਨਰ ਦੇ ਜਲਵੇ ਦਿਖਾ ਚੁੱਕਾ ਹੈ।
ਲੁਕਾਕੂ ਬੈਲਜੀਅਮ ਲਈ ਰਿਕਾਰਡ ਸਕੋਰਰ ਹੈ। ਉਸ ਨੇ 70 ਮੈਚਾਂ ਵਿੱਚ 38 ਗੋਲ ਦਾਗੇ ਹਨ।