fbpx Nawidunia - Kul Sansar Ek Parivar

ਸਮਾਜਕ ਬੁਰਾਈਆਂ ਦਾ ਆਇਨਾ ਦਿਖਾਉਂਦੀ ਹੈ ਫ਼ਿਲਮ ਅਰਦਾਸ

ਪੰਜਾਬੀ ਸਿਨੇਮੇ ਨੂੰ ‘ਅੰਗਰੇਜ਼’ ਫਿਲਮ ਬਣਨ ਤੋਂ ਬਾਅਦ ਇਕ ਉਮੀਦ ਜਾਗੀ ਸੀ ਕਿ ਕੁੱਝ ਨਿਵੇਕਲਾ, ਲੀਕ ਤੋਂ ਹੱਟ ਕੇ ਵਿਸ਼ਾ ਲੈ ਕੇ ਵੀ ਫਿਲਮ ਬਣਾਈ ਜਾ ਸਕਦੀ ਹੈ। ਪਰ ਬਾਅਦ ਵਿੱਚ ਬਣੀਆਂ ਕੁੱਝ ਪੰਜਾਬੀ ਫਿਲਮਾਂ ਨੇ ਜਿੱਥੇ ਸਤਿਹੀ ਕਿਸਮ ਦੀ ਅਦਾਕਾਰੀ ਅਤੇ ਕਾਮੇਡੀ ਨੂੰ ਦਰਸ਼ਕਾਂ ਸਾਹਮਣੇ ਪਰੋਸਿਆ ਉੱਥੇ ਹੀ ਇਹ ਆਸ ਮੱਧਮ ਜਿਹੀ ਪੈਣ ਲੱਗ ਪਈ ਸੀ ਕਿ ਪੰਜਾਬੀ ਸਿਨੇਮਾ ਨੂੰ ਕੋਈ ਅੰਗਰੇਜ਼ ਦੁਬਾਰਾ ਆ ਕੇ ਜਗਾਏਗਾ।

ਮਨ ਅਰਦਾਸ ਕਰਦਾ ਰਹਿੰਦਾ ਸੀ ਕਿ ਪੰਜਾਬੀ ਸਿਨੇਮਾ ਦੇ ਭਾਗ ਖੁੱਲ ਜਾਣ ਤਾਂ ਕਿੰਨਾ ਚੰਗਾ ਹੋਵੇ ਤੇ ਫਿਰ ਇਹ ਅਰਦਾਸ ਸੁਣੀ ਗਈ। ਹੰਬਲ ਮੋਸ਼ਨ ਪਿਕਚਰਜ਼ ਅਤੇ ਅਮਨ ਖਟਕੜ ਵੱਲੋਂ ਪੇਸ਼ ਇਹ ਫਿਲਮ ਮਾਰਚ  2016 ਵਿਚ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ। ਮੈਨੂੰ ‘ਅਰਦਾਸ’ ਦੇ ਪ੍ਰੀਮੀਅਰ ਸ਼ੋਅ ਵਿੱਚ ਜਾਣ ਦਾ ਮੌਕਾ ਮਿਲਿਆ। ਸੱਚ ਦੱਸਾਂ ਤਾਂ ਮਨ ਵਿੱਚ ਕੋਈ ਬਹੁਤੀ ਉਮੀਦ ਲੈ ਕੇ ਫਿਲਮ ਵੇਖਣ ਨੀਂ ਗਿਆ ਸੀ, ਕਿਉਂਕਿ ਮੇਰਾ ਪੰਜਾਬੀ ਫਿਲਮਾਂ ਵੇਖਣ ਦਾ ਪੁਰਾਣਾ ਤਜ਼ਰਬਾ ਮੈਨੂੰ ਇਸ ਫਿਲਮ ਤੋਂ ਕੋਈ ਵੱਡੀ ਆਸ ਲਾਉਣ ਤੋਂ ਰੋਕ ਰਿਹਾ ਸੀ। ਸੋ ਬਿਨਾਂ ਕਿਸੇ ਵੱਡੀ ਉਮੀਦ ਦੇ ਫਿਲਮ ਵੇਖਣੀ ਸ਼ੁਰੂ ਕੀਤੀ। ਫਿਲਮ ਸ਼ੁਰੂ ਹੁੰਦੀ ਹੈ ਗੁਰਮੁਖ (ਗੁਰਪ੍ਰੀਤ ਘੁੱਗੀ) ਦੇ ਪਰਦੇ ‘ਤੇ ਆਉਣ ਨਾਲ, ਜਿਸਦੀ ਬਦਲੀ ਮੁਹਾਲੀ ਨੇੜਲੇ ਇੱਕ ਪਿੰਡ ਵਿੱਚ ਹੋ ਜਾਂਦੀ ਹੈ। ਉਸ ਪਿੰਡ ਵਿੱਚ ਪਹੁੰਚ ਕੇ ਉਸ ਨੂੰ ਪਿੰਡ ਦੇ ਲੋਕਾਂ ਸੂਬੇਦਾਰ (ਬੀ ਐਨ ਸ਼ਰਮਾ), ਬਿੰਦਰ (ਮੈਂਡੀ ਤੱਖਰ), ਸ਼ੰਭੂ ਨਾਥ ਉਰਫ਼ ਬੋਦੀ (ਕਰਮਜੀਤ ਅਨਮੋਲ), ਲਾਟਰੀ (ਰਾਣਾ ਰਣਬੀਰ), ਦਲੇਰ ਸਿੰਘ ਸੋਹੀ (ਸਰਦਾਰ ਸੋਹੀ), ਅਤੇ ਆਗਿਆਪਾਲ ਸਿੰਘ ਸੋਹੀ ਉਰਫ਼ ਆਸੀ (ਐਮੀ ਵਿਰਕ) ਆਦਿ ਦੀ ਜ਼ਿੰਦਗੀ ਨੂੰ ਨੇੜਿਉਂ ਵੇਖਣ ਦਾ ਮੌਕਾ ਮਿਲਦਾ ਹੈ।

ਇਸ ਫਿਲਮ ਵਿੱਚ ਪਹਿਲਾਂ ਤਾਂ ਇਹ ਲੱਗਦਾ ਸੀ ਕਿ ਇੰਨੇ ਸਾਰੇ ਕਲਾਕਾਰਾਂ ਦੀ ਮੌਜੂਦਗੀ ਕਾਰਨ ਸ਼ਾਇਦ ਕਹਾਣੀ ਨਾਲ ਇਨਸਾਫ ਨਹੀਂ ਕੀਤਾ ਜਾ ਸਕੇਗਾ ਅਤੇ ਜਾਂ ਫਿਰ ਕਲਾਕਾਰ ਆਪਣੇ ਪਾਤਰਾਂ ਨੂੰ ਸਹੀ ਢੰਗ ਨਾਲ ਪੇਸ਼ ਕਰਨ ਤੋਂ ਅਸਮਰੱਥ ਰਹਿਣਗੇ। ਪਰ ਕਮਾਲ ਦੇ ਨਿਰਦੇਸ਼ਨ ਅਤੇ ਬਹੁਤ ਹੀ ਵਧੀਆ ਐਡੀਟਿੰਗ ਕਾਰਨ ਫਿਲਮ ਕਿਤੇ ਵੀ ਅਜਿਹਾ ਨਹੀਂ ਮਹਿਸੂਸ ਹੋਣ ਦਿੰਦੀ ਕਿ ਕੋਈ ਪਾਤਰ ਆਪਣੀ ਜ਼ਿੰਦਗੀ ਦਾ ਪੱਖ ਵਿਖਾਉਣ ਖੁਣੋਂ ਰਹਿ ਗਿਆ ਹੋਵੇ।

‘ਅਰਦਾਸ’ ਵਿੱਚ ਇੱਕ ਆਮ ਜਿਹੇ ਪਿੰਡ ਵਿੱਚ ਰਹਿਣ ਵਾਲੇ ਹਰ ਤਰ੍ਹਾਂ ਦੇ ਲੋਕਾਂ ਅਤੇ ਉਹਨਾਂ ਦੇ ਰੋਜ਼ਾਨਾ ਦੇ ਜੀਵਨ ਦੀ ਇੱਕ ਝਲਕ ਸਹਿਜੇ ਹੀ ਮਿਲ ਜਾਂਦੀ ਹੈ, ਫਿਰ ਭਾਵੇਂ ਉਹ ਨਸ਼ਿਆਂ ਦੀ ਲਾਹਣਤ ਹੋਵੇ ਜਾਂ ਕਰਜ਼ੇ ਵਿੱਚ ਡੁੱਬੇ ਕਿਸਾਨ ਦੀ ਬੇਵਸੀ, ਚਾਹੇ ਨੌਜਵਾਨ ਮੁੰਡਿਆਂ ਦੀ ਬੇਰੁਜ਼ਗਾਰੀ ਹੋਵੇ ਤੇ ਚਾਹੇ ਕੁੱਖਾਂ ਵਿੱਚ ਬਾਲੜੀਆਂ ਦੇ ਕਤਲਾਂ ਦਾ ਪਾਪ। ਬਹੁਤ ਸਾਰੀਆਂ ਪੁਰਾਣੀਆਂ ਸਮਾਜਿਕ ਬੁਰਾਈਆਂ ਦੇ ਨਾਲ ਨਾਲ ਇੱਕ ਨਵੀਂ ਚਿੰਬੜੀ ਸੈਲਫੀ ਖਿੱਚਣ ਦੀ ਬਿਮਾਰੀ ਨੂੰ ਵੀ ਕਾਫੀ ਉਘਾੜ ਕੇ ਪੇਸ਼ ਕੀਤਾ ਗਿਆ ਹੈ।

ਸਭ ਤੋਂ ਵਧੀਆ ਗੱਲ਼ ਇਸ ਫਿਲਮ ਵਿੱਚ ਇਹ ਲੱਗਦੀ ਹੈ ਕਿ ਇੰਨੀਆਂ ਸਾਰੀਆਂ ਮੁਸ਼ਕਲਾਂ ਨੂੰ ਪਰਦੇ ‘ਤੇ ਪ੍ਰਦਰਸ਼ਿਤ ਕਰਦੀ ਇਹ ਫਿਲਮ ਕਿਤੇ ਵੀ ਉਕਤਾਹਟ ਭਰੀ ਜਾਂ ਬੋਝਲ ਜਿਹੀ ਨਹੀਂ ਲੱਗਦੀ। ਫਿਲਮ ਦੀ ਕਹਾਣੀ ਕਈ ਪੱਖਾਂ ਨੂੰ ਬਰਾਬਰ ਧਿਆਨ ਨਾਲ ਲੈ ਕੇ ਅੱਗੇ ਵਧਦੀ ਹੋਈ ਮਹਿਸੂਸ ਹੁੰਦੀ ਹੈ। ਫਿਲਮ ਦੇ ਨਿਰਦੇਸ਼ਕ ਨੂੰ ਪੂਰੀ ਟੀਮ ਦੇ ਨਾਲ ਨਾਲ ਖਾਸ ਤੌਰ ‘ਤੇ ਵਧਾਈ ਦੇਣੀ ਬਣਦੀ ਹੈ।

ਐਮੀ ਵਿਰਕ ਤੇ ਇਸ਼ਿਤਾ ਰਾਖੀ ਦੀ ਜੋੜੀ ਵਧੀਆ ਨਿਭਦੀ ਹੈ। ਐਮੀ ਵਿਰਕ ਇੱਕ ਚੰਗਾ ਗਾਇਕ ਹੋਣ ਦੇ ਨਾਲ ਨਾਲ ਇੱਕ ਚੰਗਾ ਅਦਾਕਾਰ ਵੀ ਸਾਬਤ ਹੋ ਰਿਹਾ ਹੈ। ਮੈਂਡੀ ਤੱਖਰ ਨੇ ਲੀਕ ਤੋਂ ਹੱਟ ਕੇ ਇੱਕ ਸਾਦੇ ਪਾਤਰ ਦੇ ਰੂਪ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਸਰਦਾਰ ਸੋਹੀ, ਬੀ ਐਨ ਸ਼ਰਮਾ, ਰਾਣਾ ਰਣਬੀਰ ਨੇ ਆਸ ਮੁਤਾਬਕ ਆਪਣੇ ਪਾਤਰਾਂ ਨੂੰ ਖੁੱਭ ਕੇ ਜੀਵਿਆ ਹੈ। ਕਰਮਜੀਤ ਅਨਮੋਲ ਨੇ ਇਸ ਫਿਲਮ ਵਿੱਚ ਇੱਕ ਵੱਖਰੇ ਕਿਸਮ ਦਾ ਪਾਤਰ ਸਾਕਾਰ ਕਰ ਕੇ ਆਪਣੇ ਇੱਕ ਹੰਢੇ ਹੋਏ ਅਦਾਕਾਰ ਹੋਣ ਦਾ ਸਬੂਤ ਦਿੱਤਾ ਹੈ।

ਇਸ ਫਿਲਮ ਵਿੱਚ ਜਿੱਥੇ ਵੱਡਿਆਂ ਦਾ ਦਬਦਬਾ ਬਣਿਆ ਵਿਖਾਈ ਦਿੰਦਾ ਹੈ ਉੱਥੇ ਬਾਲ ਕਲਾਕਾਰਾਂ ਨੇ ਵੀ ਆਪਣੀ ਹਾਜ਼ਰੀ ਲਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਲਈ ਜਿੱਥੇ ਇਹ ਫਿਲਮ ਵੱਡਿਆਂ ਨੂੰ ਪਸੰਦ ਆਏਗੀ, ਉੱਥੇ ਬੱਚਿਆਂ ਲਈ ਵੀ ਇਹ ਉਨੀ ਹੀ ਮਨੋਰੰਜਕ ਹੈ।

ਇੱਕ ਪੱਖ ਹੋਰ ਜੋ ਇਸ ਫਿਲਮ ਵਿੱਚ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ ਉਹ ਹੈ ਬੱਚਿਆਂ ਨੂੰ ਚੰਗੀ ਸਿੱਖਿਆ ਵੱਲ ਪ੍ਰੇਰਨ ਦਾ। ਗੁਰਪ੍ਰੀਤ ਘੁੱਗੀ ਦੇ ਕਿਰਦਾਰ ਵੱਲੋਂ ਫਿਲਮ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸੇਧਾਂ ਅਸਲ ਜ਼ਿੰਦਗੀ ਵਿੱਚ ਵੀ ਬੱਚਿਆਂ ਦੇ ਬਹੁਤ ਕੰਮ ਆਉਣ ਯੋਗ ਹਨ।

ਗੁਰਪ੍ਰੀਤ ਘੁੱਗੀ ਨੇ ਆਪਣੀ ਕਮਾਲ ਦੀ ਅਦਾਕਾਰੀ ਨਾਲ ਇੱਕ ਵਾਰੀ ਫਿਰ ‘ਪਰਛਾਵੇਂ’ ਦੇ ‘ਬੁਲਾਰੇ’ ਦੀ ਯਾਦ ਤਾਜ਼ਾ ਕਰਵਾ ਦਿੱਤੀ।

ਤੁਹਾਨੂੰ ਕੀ ਲੱਗਦਾ ਕਿ ਮੈਂ ਤੁਹਾਨੂੰ ਫਿਲਮ ਦੀ ਕਹਾਣੀ ਦੱਸ ਦਿਊਂਗਾ? ਕਦੇ ਵੀ ਨੀਂ। ਇੰਨੀ ਵਧੀਆ ਫਿਲਮ ਤਾਂ ਸਿਨੇਮਾ ਵਿੱਚ ਜਾ ਕੇ ਵੇਖਣੀ ਚਾਹੀਦੀ ਹੈ। ਕਿਉਂਕਿ ਜੇ ਤੁਸੀਂ ਇਹੋ ਜਿਹੀਆਂ ਫਿਲਮਾਂ ਲਈ ਉਤਸ਼ਾਹ ਵਿਖਾਉਗੇ ਤਾਂ ਹੀ ਵਧੀਆ ਵਿਸ਼ਿਆਂ ਤੇ ਹੋਰ ਫਿਲਮਾਂ ਬਣਾਉਣ ਲਈ ਨਿਰਮਾਤਾਵਾਂ ਨੂੰ ਹੱਲਾਸ਼ੇਰੀ ਮਿਲੇਗੀ।

ਇਸ ਲਈ ਫਿਲਮ ਜ਼ਰੂਰ ਵੇਖਣਾ, ਤੇ ਉਹ ਵੀ ਟੱਬਰ ਸਮੇਤ। ਮੈਂ ਪੂਰੇ ਯਕੀਨ ਨਾਲ ਕਹਿ ਸਕਦਾਂ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਅਖੀਰ ਤੇ ਇੱਕ ਵਾਰੀ ਫਿਰ ਫਿਲਮ ਦੀ ਸਾਰੀ ਟੋਲੀ ਨੂੰ ਵਧਾਈਆਂ। ਸ਼ਾਲਾ! ਰੱਬ ਕਰੇ ਤੁਸੀਂ ਤਰੱਕੀਆਂ ਕਰਦੇ ਰਹੋ ਅਤੇ ਇਹੋ ਜਿਹੀਆਂ ਸਾਫ ਸੁਥਰੀਆਂ ਫਿਲਮਾਂ ਬਣਾਉਂਦੇ ਰਹੋ।

ਜ਼ਿਮੀਂਦਾਰ ਡਾਟ ਕਾਮ ਤੋਂ ਧੰਨਵਾਦ ਸਹਿਤ

 

Share this post

Leave a Reply

Your email address will not be published. Required fields are marked *