‘ਨੌਜਵਾਨਾਂ ‘ਚ ਨਸ਼ਿਆਂ ਤੇ ਹਿੰਸਾ ਦੇ ਰੁਝਾਨਾਂ ਲਈ ਗਾਇਕ, ਲੀਡਰ ਤੇ ਸਰਮਾਏਦਾਰੀ ਨਿਜ਼ਾਮ ਜ਼ਿਮੇਵਾਰ’

ਕੈਲਗਰੀ (ਨਦਬ) : ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਹਰ ਮਹੀਨੇ ਕਰਵਾਏ ਜਾਂਦੇ ਸੈਮੀਨਾਰ ਵਿਚ ਪੰਜਾਬੀ ਗਾਇਕੀ ‘ਚ ਲੱਚਰ, ਹਿੰਸਕ, ਜੱਟਵਾਦ, ਨਸ਼ੇ, ਔਰਤਾਂ ਵਿਰੁਧ ਭੱਦੀ ਸ਼ਬਦਾਵਲੀ ਤੇ ਗੈਂਗਵਾਦ ਆਦਿ ਦੇ ਨਾਲ-ਨਾਲ ਪੰਜਾਬ ਵਿਚ ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਵਰਗੇ ਗੰਭੀਰ ਮੁੱਦਿਆਂ ‘ਤੇ ਭਰਵੀਂ ਚਰਚਾ ਹੋਈ।
ਇਸ ਮੌਕੇ ਹਾਜ਼ਰੀਨ ਨੇ ਆਪਣੇ ਸਿਰਾਂ ਅਤੇ ਮੋਢਿਆਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਜਿੱਥੇ ਪੰਜਾਬ ਵਿਚ ਅਨੇਕਾਂ ਸਮਾਜਿਕ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਚਲਾਈ ਮੁਹਿੰਮ ‘ਚਿੱਟੇ ਵਿਰੁੱਧ, ਕਾਲਾ ਹਫ਼ਤਾ’ ਦੇ ਸਹਿਯੋਗ ਦਾ ਪ੍ਰਣ ਕੀਤਾ ਗਿਆ, ਉਥੇ ਸਰਕਾਰਾਂ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਨਸ਼ਿਆਂ ਦੇ ਚੱਲ ਰਹੇ ਵਪਾਰ ਦੀ ਸਖ਼ਤ ਨਿੰਦਾ ਕੀਤੀ ਗਈ। ਬੁਲਾਰਿਆਂ ਵਲੋਂ ਲੋਕ ਵਿਰੋਧੀ ਸਰਕਾਰਾਂ ਦੀ ਭਰਵੀਂ ਆਲੋਚਨਾ ਕੀਤੀ ਗਈ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਕੋਸੋ ਹਾਲ ‘ਚ ਹੋਈ ਇਸ ਮੀਟਿੰਗ ਵਿਚ ਸ਼ਾਮਿਲ ਬੁਲਾਰਿਆਂ ਨੇ ਨਸ਼ਿਆਂ ਦੇ ਨਾਲ-ਨਾਲ ਪੰਜਾਬੀ ਗਾਇਕੀ ਵਿਚ ਦਿਨੋਂ-ਦਿਨ ਆ ਰਹੇ ਨਿਘਾਰ ਤੇ ਭਖਵੀਂ ਚਰਚਾ ਹੋਈ। ਮੀਟਿੰਗ ਵਿਚ ਅਜਿਹੇ ਗਾਇਕਾਂ ਦੇ ਸ਼ੋਆਂ ਦੇ ਪ੍ਰਮੋਟਰਾਂ, ਸਪੌਂਸਰਾਂ, ਮੀਡੀਆ ਤੇ ਟਿਕਟਾਂ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਪੈਸੇ ਦੇ ਲਾਲਚ ਜਾਂ ਸਸਤੀ ਸ਼ੌਹਰਤ ਲਈ ਇਨ੍ਹਾਂ ਸਮਾਜ ਵਿਰੋਧੀ ਗਾਇਕਾਂ ਨੂੰ ਪ੍ਰਮੋਟ ਨਾ ਕਰਨ, ਜਿਸ ਨਾਲ ਸਾਡੀ ਨੌਜਵਾਨੀ ਨਸ਼ਿਆਂ ਤੇ ਹਿੰਸਾ ਦੇ ਰਾਹ ਪੈ ਰਹੀ ਹੈ।
ਇਸ ਮੌਕੇ ਰਮਨਜੀਤ ਸਿਧੂ (ਰੇਡੀਉ ਰੈਡ ਐਫ਼ ਐਮ), ਜਗਦੇਵ ਸਿਧੂ (ਲੇਖਕ), ਹਰਚਰਨ ਪਰਹਾਰ (ਸੰਪਾਦਕ-ਸਿੱਖ ਵਿਰਸਾ), ਕਮਲਪ੍ਰੀਤ ਪੰਧੇਰ (ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ), ਸੁਰਿੰਦਰ ਗੀਤ (ਪ੍ਰਧਾਨ-ਪੰਜਾਬੀ ਸਾਹਿਤ ਸਭਾ), ਬਲਜਿੰਦਰ ਸੰਘਾ (ਪ੍ਰਧਾਨ-ਪੰਜਾਬੀ ਲਿਖਾਰੀ ਸਭਾ), ਅਵੀ ਜਸਵਾਲ (ਕਵਿਤਰੀ), ਹਰੀਪਾਲ (ਲੇਖਕ), ਸੁਖਦੇਵ ਸਿੰਘ, ਮਾਸਟਰ ਬਚਿੱਤਰ ਗਿੱਲ (ਕਵੀਸ਼ਰ), ਜਸਵੰਤ ਸਿੰਘ ਸੇਖੋਂ (ਕਵੀਸ਼ਰ) ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਤੋਂ ਆਏ ਪੱਤਰਕਾਰ ਰਾਮ ਦਾਸ ਬੰਗੜ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਈ। ਬੁਲਾਰਿਆਂ ਅਨੁਸਾਰ ਦੁਨੀਆਂ ਭਰ ‘ਚ ਨੌਜਵਾਨਾਂ ਵਿਚ ਨਸ਼ਿਆਂ ਤੇ ਹਿੰਸਾ ਆਦਿ ਦੇ ਰੁਝਾਨਾਂ ਲਈ ਸਰਮਾਏਦਾਰੀ ਲੁਟੇਰਾ ਨਿਜ਼ਾਮ ਹੀ ਜਿੰਮੇਵਾਰ ਹੈ, ਜਦੋਂ ਤਕ ਅਸੀਂ ਇਸ ਸਿਸਟਮ ਨੂੰ ਨਹੀਂ ਸਮਝਦੇ ਤੇ ਲਾਮਬੰਦ ਨਹੀਂ ਹੁੰਦੇ, ਸਾਡੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ। ਇਸ ਮੀਟਿੰਗ ‘ਚ ਵਿਚਾਰ ਚਰਚਾ ਤੋਂ ਬਾਅਦ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਇਥੇ ਹੋਣ ਵਾਲੇ ਸ਼ੋਆਂ ਦੇ ਪ੍ਰਬੰਧਕਾਂ (ਪ੍ਰਮੋਟਰਾਂ) ਨੂੰ ਅਪੀਲ ਕੀਤੀ ਗਈ ਕਿ ਉਹ ਮੀਡੀਆ ਰਾਹੀਂ ਪਬਲੀਕਲੀ ਅਨਾਊਂਸ ਕਰਨ ਕਿ ਅੰਮ੍ਰਿਤ ਮਾਨ ਨੂੰ ਕੈਲਗਰੀ ਵਿਚ ਲੱਚਰ, ਹਿੰਸਕ, ਨਸ਼ਿਆਂ, ਸ਼ਰਾਬ, ਜੱਟਵਾਦ, ਗੈਂਗਵਾਦ, ਔਰਤਾਂ ਵਿਰੋਧੀ ਗੀਤ ਨਹੀਂ ਗਾਉਣ ਦਿੱਤੇ ਜਾਣਗੇ।

Leave a Reply

Your email address will not be published. Required fields are marked *