ਘੱਟ ਨੀਂਦ ਅਤੇ ਘੁਰਾੜੇ ਬੱਚਿਆਂ ਦੇ ਦਿਮਾਗੀ ਵਿਕਾਸ ‘ਤੇ ਪਾ ਸਕਦੇ ਹਨ ਅਸਰ

ਐਡਮਿੰਟਨ (ਨਦਬ) : ਅਲਬਰਟਾ ਯੂਨੀਵਰਸਿਟੀ ਵੱਲੋਂ ਕੀਤੇ ਗਏ ਤਾਜ਼ਾ ਅਧਿਐਨ ਮੁਤਾਬਿਕ ਜਿਹੜੇ ਬੱਚੇ ਘੱਟ ਸੌਂਦੇ ਹਨ ਤੇ ਘੁਰਾੜੇ ਮਾਰਦੇ ਹਨ ਉਹਨਾਂ ਦੀ ਸਿੱਖਣ ਦੀ ਸਮਰੱਥਾ ਅਤੇ ਦਿਮਾਗ਼ੀ ਵਿਕਾਸ ਦੂਜੇ ਬੱਚਿਆਂ ਦੇ ਮੁਕਾਬਲੇ ਘੱਟ ਹੁੰਦਾ ਹੈ। ਖ਼ਾਸ ਤੌਰ ‘ਤੇ ਰਾਤ ਵੇਲੇ ਦੀ ਨੀਂਦ ਕਿਸ ਤਰ੍ਹਾਂ ਦੀ ਹੈ ਇਸਦਾ ਬੱਚਿਆਂ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਇਹ ਨਤੀਜੇ ਐਡਮਿੰਟਨ ਅਤੇ ਆਲੇ ਦੁਆਲੇ ਦੇ ਸੈਕੜੇਂ ਬੱਚਿਆਂ ਦੇ ਉੱਤੇ ਕੀਤੇ ਗਏ ਅਧਿਐਨ ਤੋਂ ਬਾਅਦ ਸਾਹਮਣੇ ਆਏ ਹਨ। ਇਹਨਾਂ ਤੱਥਾਂ ਨੂੰ ਲੈ ਕੇ ਜੂਨ ਵਿੱਚ ਮਾਹਿਰਾਂ ਵੱਲੋਂ ਰਿਸਰਚ ਪੇਪਰ ਛਪਵਾਇਆ ਗਿਆ ਸੀ ਜਿਸ ਵਿੱਚ ਉਪਰੋਕਤ ਤੱਥਾਂ ਨਾਲ ਸਬੰਧਿਤ ਹਵਾਲੇ ਦਿੱਤੇ ਗਏ ਹਨ। ਪੇਪਰ ਵਿੱਚ ਦੱਸਿਆ ਗਿਆ ਹੈ ਕਿ ਅਧਿਐਨ ਵਿੱਚ 3500 ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਹੜੇ ਐਡਮਿੰਟਨ, ਵੈਨਕੂਵਰ, ਟਰਾਂਟੋ ਅਤੇ ਵਿਨੀਪੈਗ ਵਿੱਚ 2009 ਤੋਂ ਲੈ ਕੇ 2012 ਵਿਚਕਾਰ ਜਨਮੇ ਸਨ।
ਪੇਪਰ ਦੇ ਸੀਨੀਅਰ ਲੇਖਕ ਡਾ. ਪਿਯੂਸ਼ ਮੈਧੇਂਨ ਨੇ ਕਿਹਾ ਕਿ ਹੁਣ ਇਹ ਭੇਦ ਨਹੀਂ ਰਹਿ ਗਿਆ ਕਿ ਘੱਟ ਨੀਂਦ ਅਤੇ ਘੁਰਾੜੇ ਬੱਚੇ ਦੀ ਸਿੱਖਣ ਦੀ ਸਮਰੱਥਾ ਉੱਤੇ ਗਹਿਰਾ ਅਸਰ ਪਾਉਂਦੇ ਹਨ। ਸਵਾਲ ਇਹ ਹੈ ਕਿ ਕੀ ਇਸਦਾ ਅਸਰ ਲੰਮੇ ਸਮੇਂ ਤੱਕ ਰਹਿੰਦਾ ਹੈ?
ਰਿਸਰਚ ਦੇ ਪਹਿਲੇ ਪੜਾਅ ਉੱਤੇ ਇਸ ਗੱਲ ਨੂੰ ਕੇਂਦਰ ਵਿੱਚ ਰੱਖਿਆ ਗਿਆ ਕਿ ਪ੍ਰੈਗਨੈਂਸੀ ਦੌਰਾਨ ਮਾਂ ਦੀ ਖੁਰਾਕ ਬੱਚੇ ਦੇ ਦਿਮਾਗੀ ਵਿਕਾਸ ਉੱਤੇ ਕੀ ਅਤੇ ਕਿਵੇਂ ਪ੍ਰਭਾਵ ਪਾਉਂਦੀ ਹੈ ਅਤੇ ਵਾਤਾਵਰਣ ਨਾਲ ਜੁੜੇ ਪ੍ਰਭਾਵਾਂ ਦਾ ਅਲਰਜੀਂਆਂ ਅਤੇ ਅਸਥਮਾ ਦੇ ਵਿਕਾਸ ਵਿੱਚ ਕੀ ਭੂਮਿਕਾ ਹੈ। ਇਸ ਅਧਿਐਨ ਲਈ ਡਾਕਰਟ ਮੈਧੇਂਨ ਦੀ ਟੀਮ ਵੱਲੋਂ ਐਡਮਿੰਟਨ ਦੇ ਇਲਾਕੇ ਵਿੱਚੋਂ 800 ਬੱਚਿਆਂ ਨਾਲ ਸਬੰਧਿਤ ਤੱਥ ਇਕੱਠੇ ਕੀਤੇ ਗਏ। ਇਹਨਾਂ ਤੱਥਾਂ ਵਿੱਚ ਇਹ ਸਪੱਸ਼ਟ ਤੌਰ ‘ਤੇ ਪਾਇਆ ਗਿਆ ਕਿ ਬਹੁਤ ਛੋਟੇ ਬੱਚਿਆਂ ਦੇ ਵਿਕਾਸ ਦਾ ਨੀਂਦ ਨਾਲ ਗਹਿਰਾ ਸਬੰਧ ਹੈ। ਪਹਿਲੇ ਪੇਪਰ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਬੱਚੇ 12 ਘੰਟਿਆਂ ਤੋਂ ਘੱਟ ਸੌਂਦੇ ਹਨ ਉਹਨਾਂ ਦਾ ਦੋ ਸਾਲਾਂ ਤੱਕ ਜ਼ੁਬਾਨ ਅਤੇ ਦਿਮਾਗ ਦਾ ਉਚਿਤ ਵਿਕਾਸ ਨਹੀਂ ਹੁੰਦਾ।
ਡਾਕਟਰ ਮੈਧੇਂਨ ਦਾ ਕਹਿਣਾ ਹੈ ਕਿ ਅੱਗੇ ਦਾ ਅਧਿਐਨ ਇਸ ਗੱਲ ‘ਤੇ ਹੋਣਾ ਹੈ  ਕਿ ਘੁਰਾੜਿਆਂ ਦਾ ਪ੍ਰਭਾਵ ਜ਼ੁਬਾਨ ‘ਤੇ ਪੈਂਦਾ ਹੈ ਜਦੋਂਕਿ ਬੱਚੇ ਦੇ ਆਮ ਵਿਕਾਸ ਉੱਤੇ ਇਸਦਾ ਅਸਰ ਨਹੀਂ ਪੈਂਦਾ। ਇਸਦੇ ਕੀ ਕਾਰਣ ਹਨ। ਇਕ ਕਾਰਨ ਇਹ ਹੋ ਸਕਦਾ ਹੈ ਕਿ ਜਦੋਂ ਬੱਚਾ ਘੁਰਾੜੇ ਮਾਰਦਾ ਹੈ ਤਾਂ ਉਸ ਨੂੰ ਕੰਨ ਅਤੇ ਨੱਕ ਦਾ ਇਨਫੈਕਸ਼ਨ ਹੋ ਸਕਦਾ ਹੈ। ਅਧਿਐਨ ਵਿੱਚ ਪਾਇਆ ਗਿਆ ਹੈ ਕਿ ਵਾਤਾਵਰਣ ਨਾਲ ਜੁੜੇ ਪ੍ਰਭਾਵ ਜਿਵੇਂ ਕਿ ਧੂੰਆਂ ਜਾਂ ਡੌਗ ਡੈਂਡਰ ਦਾ ਘੁਰਾੜਿਆ ਨਾਲ ਸਿੱਧਾ ਸਬੰਧ ਹੈ।

Leave a Reply

Your email address will not be published. Required fields are marked *