151ਵਾਂ ਕੈਨੇਡਾ ਦਿਵਸ ਧੂਮਧਾਮ ਨਾਲ ਮਨਾਇਆ

ਐਡਮਿੰਟਨ (ਨਦਬ) : ਤਿੱਖੀਆਂ ਧੁੱਪਾਂ ਤੇ ਕਦੇ ਬਰਫ਼ ਨਾਲ ਨੱਕੋ-ਨੱਕ ਭਰੀ ਕੈਨੇਡੇ ਦੀ ਧਰਤੀ ਆਪਣੀ ਹੋਂਦ ਦੀਆਂ 151 ਰੁੱਤਾਂ ਹੰਢਾ ਚੁੱਕੀ ਹੈ। ਪਹਿਲੀ ਜੁਲਾਈ ਨੂੰ ਵੱਖ-ਵੱਖ ਰੰਗਾਂ ਦੇ ਅਲੌਕਿਕ ਨਜ਼ਾਰਿਆਂ ਨਾਲ ਇਸ ਨੇ ਨਵੇਂ ਵਰ੍ਹੇ ਵਿਚ ਕਦਮ ਧਰ ਲਿਆ ਹੈ। ਉਮੀਦ, ਦ੍ਰਿੜਤਾ ਅਤੇ ਜਿੱਤ ਦੀ ਕਹਾਣੀ ਆਪਣੇ ਗਰਭ ਵਿਚ 151 ਵਰ੍ਹਿਆਂ ਦਾ ਇਤਿਹਾਸ ਸੰਜੋਈ ਬੈਠੀ ਹੈ। ਇਸ ਮੌਕੇ ਕੈਨੇਡੀਅਨਾਂ ਦਾ ਜਸ਼ਨਾਂ ਵਿਚ ਗੜ੍ਹੱਚ ਹੋਣਾ ਸੁਭਾਵਕ ਹੈ।
ਖੁਸ਼ੀ ਨਾਲ ਧਰਤੀ ‘ਤੇ ਥਿਰਕਦੇ ਪੈਰ, ਹਵਾ ਵਿਚ ਝੂੰਮਦੇ ਲਾਲ-ਚਿੱਟੇ ਰੰਗੀ ਝੰਡੇ, ਚਿਹਰਿਆਂ ‘ਤੇ ਲਿਖਰੀ ਚਿੱਤਰਕਾਰੀ, ਪਾਰਕਾਂ ਤੇ ਗਲੀਆਂ ਵਿਚ ਲੱਗੀਆਂ ਰੌਣਕਾਂ ‘ਭਿੰਨਤਾ ਨੂੰ ਗਲ ਲਾਉਣ’ ਦਾ ਸੁਨੇਹਾ ਦੇ ਰਹੀਆਂ ਸਨ। ਸਿਫ਼ਰ ਮੂਨ ਕੈਨੇਡੀਅਨ ਹੀ ਨਹੀਂ, ਸਗੋਂ ਇਸ ਮੁਲਕ ਦਾ ਹਿੱਸਾ ਬਣ ਚੁੱਕੇ ਪਰਵਾਸੀਆਂ ਨੇ ਵੀ ਥਾਂ-ਥਾਂ ਜਸ਼ਨ ਮਨਾਏ।
ਐਡਮਿੰਟਨ ਵਿਚ ਕੈਨੇਡਾ ਦਿਹਾੜੇ ‘ਤੇ ਸਮਾਗਮਾਂ ਦੀ ਲੰਬੀ ਲੜੀ ਚੱਲੀ। ਲੋਕ ਜਿੱਥੇ ਜਾਦੂਗਰਾਂ ਤੇ ਕਰਤੱਬਬਾਜ਼ਾਂ ਦੇ ਕਰਤਬ ਵੇਖ ਰਹੇ ਸਨ, ਉਥੇ ਸੰਗੀਤ ਦੀਆਂ ਮਧੁਰ ਧੁਨਾਂ ਵਿਚ ਝੂਮ ਰਹੇ ਸਨ। ਵਿਧਾਨ ਸਭਾ ‘ਚ ਵਿਹੜਾ ਸਾਰਾ ਦਿਨ ਲੋਕਾਂ ਦੀ ਆਮਦ ਨਾਲ ਪੱਬਾਂ ਭਾਰ ਹੋਇਆ ਰਿਹਾ। ਸਵੇਰ ਵੇਲੇ ਵਿਧਾਇਕ ਰੋਡ ਲੋਇਲਾ ਨੇ ਸਮਰਸਾਈਂਡ ਰੈਜ਼ੀਡੈਂਟਜ਼ ਐਸੋਸੀਏਸ਼ਨ ਵਿਖੇ ਪੈਨਕੇਕ ਨਾਸ਼ਤੇ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਲੋਕਾਂ ਦਾ ਚੰਗਾ ਇਕੱਠ ਵੇਖਣ ਨੂੰ ਮਿਲਿਆ।
ਭਾਰਤੀ ਕੌਂਸਲ ਦੇ ਦਫ਼ਤਰ ਵਿਚ ਵੀ ਬੱਚਿਆਂ, ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਕਿਰਤ ਮੰਤਰੀ ਕ੍ਰਿਸਟੀਨਾ ਗਰੇਅ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨੇ ਨਿੱਤ ਦੇ ਜੀਵਨ ਵਿਚ ਕੈਨੇਡੀਅਨ ਕਦਰਾਂ-ਕੀਮਤਾਂ ਅਤੇ ਕੈਨੇਡਾ ਦੇ ਵੱਖ-ਵੱਖ ਸੱਭਿਆਚਾਰਾਂ ਦੇ ਗੁਣਾਂ ਨੂੰ ਉਭਾਰਿਆ। ਰੰਗਾਰੰਗ ਪ੍ਰੋਗਰਾਮ ਦੌਰਾਨ ਭਾਰਤੀ ਮੂਲ ਦੇ ਕੈਨੇਡੀਅਨਾਂ ਨੇ ਬਹੁਪੱਖੀ ਸੱਭਿਆਚਾਰਕ ਕਲਾਵਾਂ ਦਾ ਮੁਜ਼ਾਹਰਾ ਕੀਤਾ। ਇਸ ਤੋਂ ਬਾਅਦ ਮਹਿਮਾਨਾਂ ਨੇ ਦੁਪਹਿਰ ਦੇ ਖਾਣੇ ਦਾ ਲੁਤਫ਼ ਲਿਆ। ਇਸ ਮੌਕੇ ਕੌਂਸਲਰ ਮਾਈਕ ਨਿਕਲ, ਵਿਧਾਇਕ ਡਾ. ਬੌਬ ਟਰਨਰ ਅਤੇ ਸਾਬਕਾ ਵਿਧਾਇਕ ਨਰੇਸ਼ ਭਾਰਦਵਾਜ ਵੀ ਹਾਜ਼ਰ ਸਨ।