ਰੀਅਲ ਅਸਟੇਟ ਵਪਾਰ ਨੂੰ ਇੱਕ ਹੋਰ ਧੱਕਾ ; ਖਰੀਦਦਾਰ ਸਾਬਿਤ ਕਰੇਗਾ ਕਿ ਉਹ ਵਿਆਜ਼ ਦਰ ਦਾ ਵਾਧਾ ਚੁਕਾਉਣਯੋਗ ਹੈ ਜਾਂ ਨਹੀਂ

ਐਡਮਿੰਟਨ (ਨਦਬ) : ਪਹਿਲਾਂ ਤੋਂ ਹੀ ਮੁਸੀਬਤ ਵਿੱਚ ਚੱਲ ਰਹੇ ਰੀਅਲ ਅਸਟੇਟ ਦੇ ਕਾਰੋਬਾਰ ਨੂੰ ਫੈਡਰਲ ਸਰਕਾਰ ਵੱਲੋਂ 2018 ਦੇ ਸ਼ੁਰੂ ਵਿੱਚ ਮੋਰਗੇਜ਼ ਖੇਤਰ ‘ਤੇ ‘ਥੋਪੇ’ ਨਿਯਮ ਨਾਲ ਇੱਕ ਹੋਰ ਧੱਕਾ ਲੱਗਿਆ। ਜਿਸ ਅਨੁਸਾਰ ਅਰਜ਼ੀ ਦੇਣ ਵਾਲੇ (ਖਰੀਦਦਾਰ) ਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਜੇਕਰ ਵਿਆਜ਼ ਦਰਾਂ ਵਧਦੀਆਂ ਹਨ ਤਾਂ ਉਸ ਹਾਲਤ ਵਿੱਚ ਕੀ ਉਹ ਆਪਣਾ ਮੋਰਗੇਜ਼ ਕਰਜ਼ ਸੁਚਾਰੂ ਢੰਗ ਨਾਲ ਚੁਕਾ ਸਕਦਾ ਹੈ?
ਇਸ ਬਾਰੇ ਰੌਇਲ ਲੀਪੇਜ਼ ਨੌਅਲਟਾ ਰੀਅਲ ਅਸਟੇਟ ਦੇ ਮਾਲਕ ਅਤੇ ਬ੍ਰੋਕਰ ਟੌਮ ਸ਼ੀਅਰਰ ਨੇ ਕਿਹਾ ਕਿ ਪਹਿਲਾਂ ਹੀ ਮੰਦੇ ਵਿੱਚ ਘਿਰੇ ਰੀਅਲ ਅਸਟੇਟ ਕਾਰੋਬਾਰ ਨੂੰ ਇਹ ਨਿਯਮ ਮੁਸੀਬਤਾਂ ਵਿੱਚ ਪਾਵੇਗਾ। ਸਥਿਤੀ ਨੂੰ ਦੇਖਦਿਆਂ ਉਹਨਾਂ ਕਿਹਾ ਕਿ ਵੇਚਣ ਵਾਲਿਆਂ ਨੂੰ ਘਰਾਂ ਦੀਆਂ ਉਚਿਤ ਕੀਮਤਾਂ ਰੱਖਣੀਆਂ ਚਾਹੀਦੀਆਂ ਹਨ। ਇਸ ਵੇਲੇ ਜ਼ਿਆਦਾ ਕੀਮਤਾਂ ਦੀ ਉਮੀਦ ਵੱਡੀ ਗਲਤੀ ਹੋਵੇਗੀ। ਦੂਜੇ ਪਾਸੇ ਉਚਿਤ ਕੀਮਤਾਂ ਖਰੀਦਦਾਰਾਂ ਨੂੰ ਵੀ ਉਤਸ਼ਾਹਿਤ ਕਰਨਗੀਆਂ। ਕੰਪਨੀ ਨੂੰ ਉਮੀਦ ਹੈ ਕਿ ਅਗਲੀ ਤਿਮਾਹੀ ਦੇ ਅੰਤ ਤੱਕ ਕੀਮਤਾਂ ਵਿੱਚ ਇੱਕ ਪ੍ਰਤੀਸ਼ਤ ਦਾ ਵਾਧਾ ਹੋਵੇਗਾ। ਸ਼ੀਅਰਰ ਨੇ ਕਿਹਾ ਕਿ ਪੂਰੇ ਕਨੇਡਾ ਦੇ ਮੁਕਾਬਲੇ ਐਡਮਿੰਟਨ ਵਿੱਚ ਘਰ ਖਰੀਦਣਾ ਕੁੱਝ ਆਸਾਨ ਹੈ। ਰੀਅਲ ਅਸਟੇਟ ਕੰਪਨੀ ਵੱਲੋਂ ਐਡਮਿੰਟਨ ਵਿੱਚ ਕੀਤੇ ਗਏ ਸਰਵੇਖਣ ਮੁਤਾਬਿਕ 2018 ਦੀ ਦੂਜੀ ਤਿਮਾਹੀ ਵਿੱਚ ਕੀਮਤਾਂ ‘ਚ 1.4 ਪ੍ਰਤੀਸ਼ਤ ਦੀ ਕਮੀ ਆਈ ਹੈ।
ਕੁੱਲ ਮਿਲਾ ਕੇ ਤੱਥਾਂ ਦੇ ਆਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਸਰਕਾਰਾਂ ਭਾਵੇਂ ਕੁੱਝ ਵੀ ਕਹਿਣ ਪਰ ਮੰਦਵਾੜੇ ਤੋਂ ਬਾਅਦ ਅਜੇ ਤੱਕ ਲੋਕ ਪੈਰਾਂ ਸਿਰ ਨਹੀਂ ਹੋਏ।