ਪੰਜਾਬ ਦੀ ਸਿਆਸਤ ਦੇ ਸੰਵੇਦਨਸ਼ੀਲ ਪੱਖ

– ਪ੍ਰੋ. ਰਾਕੇਸ਼ ਰਮਨ
88375-92976
raman.mlp0gmail.com
ਆਜ਼ਾਦੀ ਤੋਂ ਬਾਅਦ ਤੇ ਫਿਰ ਪੰਜਾਬ ਦੇ ਪੁਨਰ-ਗਠਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਕਈ ਕਰਵਟਾਂ ਬਦਲਦੀ ਆਈ ਹੈ। ਪੰਜਾਬ ਦੀ ਸਿਆਸਤ ਵਿਚ ਸਮੇਂ-ਸਮੇਂ ਕਈ ਰੁਝਾਨ ਪੈਦਾ ਹੁੰਦੇ ਤੇ ਕਈ ਖ਼ਤਮ ਹੁੰਦੇ ਰਹੇ ਹਨ। ਕਈ ਸ਼ਖ਼ਸੀਅਤਾਂ ਉੱਭਰਦੀਆਂ ਤੇ ਕਈਆਂ ਦਾ ਪਤਨ ਹੁੰਦਾ ਰਿਹਾ ਹੈ। ਸਥਾਪਤ ਰਾਜਸੀ ਪਾਰਟੀਆਂ ਦੇ ਕਿਰਦਾਰ ਤੇ ਸੁਭਾਅ ਵੀ ਬਦਲਦੇ ਰਹੇ ਹਨ। ਇਸ ਵਿਆਪਕ ਬਦਲਾਵ ਦੇ ਬਾਵਜੂਦ ਪੰਜਾਬ ਦੀ ਸਿਆਸਤ ਦੇ ਕੁੱਝ ਪੱਖ ਹਮੇਸ਼ਾ ਸੰਵੇਦਨਸ਼ੀਲ ਬਣੇ ਰਹੇ ਹਨ। ਜਿੱਥੇ ਕਿਤੇ ਵੀ ਧਰਮ ਨੂੰ ਸਿਆਸਤ ਦਾ ਅਨਿੱਖੜ ਅੰਗ ਬਣਾਇਆ ਗਿਆ ਹੋਵੇਗਾ, ਉਥੇ ਸਿਆਸਤ ਦਾ ਕਾਫ਼ੀ ਹਿੱਸਾ ਸੰਵੇਦਨਸ਼ੀਲ ਬਣਿਆ ਰਹਿੰਦਾ ਹੈ। ਅਜਿਹੀ ਰਾਜਨੀਤੀ ਜੋ ਮਾਹੌਲ ਤਿਆਰ ਕਰਦੀ ਹੈ, ਉਸ ਵਿਚ ਲੋਕਾਂ ਦੇ ਆਰਥਕ, ਸਮਾਜਕ ਮੁੱਦਿਆਂ ਉੱਪਰ ਤੱਥ ਆਧਾਰਤ ਤਰਕ-ਸੰਗਤ ਬਹਿਸ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਆਰਥਕ ਪਾੜੇ ਅਤੇ ਸਮਾਜਕ ਅਨਿਆਂ ਦੇ ਮੁੱਦੇ ਅਜਿਹੇ ਮਾਹੌਲ ਵਿਚ ਸੰਘਣੀ ਜਜ਼ਬਾਤੀ ਧੁੰਦ ਅੰਦਰ ਗੁਆਚ ਕੇ ਰਹਿ ਜਾਂਦੇ ਹਨ। ਇਸ ਬਾਰੇ ਕੋਈਦੋ ਰਾਵਾਂ ਨਹੀਂ ਕਿ ਇਸ ਤਰ੍ਹਾਂ ਦੇ ਮਾਹੌਲ ਵਿਚ ਗ਼ਲਤ ਬਿਆਨੀ ਦਾ ਬੜਾ ਜ਼ਬਰਦਸਤ ਬੋਲਬਾਲਾ ਹੁੰਦਾ ਹੈ। ਸਵੈ-ਵਿਰੋਧੀ ਅਪੀਲਾਂ, ਨਿਰਆਧਾਰ ਦਾਅਵੇ, ਝੂਠੇ ਵਾਅਦੇ ਵੀ ਅਜਿਹੇ ਮਾਹੌਲ ਦੀ ਅਲਾਮਤ ਹੀ ਹੁੰਦੇ ਹਨ। ਸਿਆਸਤ ਦੇ ਇਨ੍ਹਾਂ ਸੰਵੇਦਨਸ਼ੀਲ ਪੱਖਾਂ ਦੀ ਘੁੰਮਣਘੇਰੀ ਵਿਚ ਕੇਵਲ ਉਹੀ ਆਪਣਾ ਸਿਆਸੀ ਕੈਰੀਅਰ ਸੁਰੱਖਿਅਤ ਰੱਖ ਪਾਉਂਦੇ ਹਨ, ਜਿਹੜੇ ਖ਼ੁਦ ਇਨ੍ਹਾਂ ਦਾ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਈ ਪੱਧਰਾਂ ਉੱਪਰ ਸੰਚਾਲਨ ਕਰ ਰਹੇ ਹੁੰਦੇ ਹਨ ਅਤੇ ਸਿਆਸੀ ਚਤੁਰਾਈ ਦੇ ਵੱਡੇ ਮਾਹਿਰ ਹੁੰਦੇ ਹਨ। ਦੂਜਿਆਂ ਨੂੰ ਇਨ੍ਹਾਂ ਪੱਖਾਂ ਤੋਂ ਹਮੇਸ਼ਾ ਖ਼ਬਰਦਾਰ ਰਹਿਣਾ ਪੈਂਦਾ ਹੈ। ਪੰਜਾਬ ਦੀ ਸਿਆਸਤ ਦੇ ਕਈ ਸਾਰੇ ਪੱਖ ਸੰਵੇਦਨਸ਼ੀਲ ਹਨ, ਪਰ ਸੱਭ ਤੋਂ ਸੰਵੇਦਨਸ਼ੀਲ ਪੱਖ ਧਰਮ ਦੀ ਰਾਜਨੀਤੀ ਦਾ ਹੀ ਹੈ।
ਪੰਜਾਬ ਦੀਆਂ ਤਿੰਨ ਪ੍ਰਮੁੱਖ ਸਿਆਸੀ ਪਾਰਟੀਆਂ ਵਿਚੋਂ ਇਕ ਤਾਂ ਹੈ ਹੀ ਧਰਮ ਉੱਪਰ ਆਧਾਰਿਤ। ਦੂਜੀਆਂ ਦੋ ਪਾਰਟੀਆਂ ਧਰਮ ਨਿਰਪੱਖ ਪਾਰਟੀਆਂ ਹੋਣ ਦੀਆਂ ਦਾਅਵੇਦਾਰ ਹਨ, ਪਰ ਸਥਿਤੀ ਦੀ ਵਿੰਡਬਨਾ ਇਹ ਹੈ ਕਿ ਇਨ੍ਹਾਂ ਦੋਵਾਂ ਦਾ ਵੀ ਧਰਮ ਨਾਲ ਕਿਵੇਂ ਨਾ ਕਿਵੇਂ ਵਾਰ ਪੈ ਹੀ ਜਾਂਦਾ ਹੈ। ਕਈ ਵਾਰ ਤਾਂ ਧਰਮ ਨਿਰਪੱਖ ਪਾਰਟੀਆਂ ਦੇ ਗੰਭੀਰ ਤੇ ਜ਼ੁੰਮੇਵਾਰ ਸਮਝੇ ਜਾਂਦੇ ਆਗੂ ਵੀ ਬਿਨਾਂ ਲੋੜ ਤੋਂ ਧਰਮ ਵਾਲੇ ਪਾਸੇ ਉੱਲਰ ਜਾਂਦੇ ਹਨ, ਜਿਸ ਕਾਰਨ ਬੜੀ ਅਜੀਬੋ-ਗਰੀਬ ਸਥਿਤੀ ਪੈਦਾ ਹੋ ਜਾਂਦੀ ਹੈ। ਮਿਸਾਲ ਵਜੋਂ ਨਸ਼ਿਆਂ ਦੇ ਪੂਰੇ ਦੇ ਪੂਰੇ ਸਿਲਸਿਲੇ ਦਾ ਧਰਮ ਨਾਲ ਕੋਈ ਸਰੋਕਾਰ ਨਹੀਂ। ਇਹ ਇਕ ਕਾਨੂੰਨੀ ਤੇ ਸਮਾਜਿਕ ਸਮੱਸਿਆ ਹੈ। ਇਸ ਨੂੰ ਹੱਲ ਕਰਨ ਲਈ ਸਮਾਜ ਵਿਚੋਂ ਨਿਰਾਸ਼ਾ ਦੇ ਆਲਮ ਨੂੰ ਖ਼ਤਮ ਕਰਨਾ ਹੋਵੇਗਾ। ਖ਼ਾਸ ਕਰਕੇ ਬੇਰੁਜ਼ਗਾਰੀ ਦੇ ਮਸਲੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਹੋਵੇਗਾ ਅਤੇ ਨਸ਼ੇ ਦੇ ਗ਼ੈਰ-ਕਾਨੂੰਨੀ ਕਾਰੋਬਾਰ ਦਾ ਖ਼ਾਤਮਾ ਕਰਨਾ ਪਵੇਗਾ।
ਨਸ਼ਿਆਂ ਦਾ ਖ਼ਾਤਮਾ ਕਰਨ ਲਈ ਪ੍ਰਤੀਬੱਧ ਰਾਜਸੀ ਆਗੂਆਂ ਕੋਲ ਆਪਣੀਆਂ ਤਜਵੀਜ਼ਾਂ ਆਮ ਜਨਤਾ ਅੱਗੇ ਰੱਖਣ ਲਈ ਬਕਾਇਦਾ ਇਕ ਪੂਰੀ ਤਰ੍ਹਾਂ ਵਿਵਹਾਰਿਕ ਯੋਜਨਾ ਹੋਣੀ ਚਾਹੀਦੀ ਹੈ ਅਤੇ ਲੋਕਾਂ ਦਾ ਭਰੋਸਾ ਜਿੱਤਣ ਲਈ ਇਹ ਯੋਜਨਾ ਹੀ ਆਮ ਜਨਤਾ ਅੱਗੇ ਰੱਖਣੀ ਚਾਹੀਦੀ ਹੈ, ਨਾ ਕਿ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਵਰਗੀ ਕੋਈ ਗੱਲ ਕਰਨੀ ਚਾਹੀਦੀ ਹੈ। ਉਂਜ ਵੀ ਗੁਟਕਾ ਸਾਹਿਬ (ਗੁਰਬਾਣੀ) ਅਧਿਆਤਮਿਕ ਦਰਸ਼ਨ ਦੀ ਬਾਣੀ ਹੈ, ਇਹ ਮੁਕਤੀ ਦੇ ਮਾਰਗ ਦੀ ਫਿਲਾਸਫ਼ੀ ਹੈ, ਨਾ ਕਿ ਸਹੁੰ ਚੁੱਕਣ ਲਈ ਹੈ। ਨਸ਼ਿਆਂ ਦੇ ਖ਼ਾਤਮੇ ਲਈ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਸ ਸੰਵੇਦਨਸ਼ੀਲਤਾ ਵਿਚ ਖ਼ੁਦ ਨੂੰ ਫਸਾ ਲਿਆ ਹੈ, ਉਸ ਦਾ ਹੀ ਨਤੀਜਾ ਹੈ ਕਿ ਕੀਤੇ ਵਾਅਦੇ ਮੁਤਾਬਕ ਹੁਣ ਜਦੋਂ ਨਸ਼ਾਖੋਰੀ ਦੀ ਸਮੱਸਿਆ ਹੱਲ ਨਹੀਂ ਹੋਈ ਤਾਂ ਹਰ ਕੋਈ ਉੱਠ ਕੇ ਉਨ੍ਹਾਂ ਨੂੰ ਗੁਟਕਾ ਸਾਹਿਬ ਦੀ ਸਹੁੰ ਯਾਦ ਕਰਵਾਉਂਦਾ ਹੈ।
ਪੰਜਾਬ ਦੀ ਨਸ਼ਿਆਂ ਦਾ ਮਾਮਲਾ ਨਿਕਟ ਭਵਿੱਖ ਵਿਚ ਹੱਲ ਆਉਂਦਾ ਨਜ਼ਰ ਨਹੀਂ ਆਉਂਦਾ। ਹੁਣ ਜਦੋਂ ਪਰਨਾਲਾ ਉਥੇ ਦਾ ਉਥੇ ਹੀ ਰਹੇਗਾ ਤਾਂ ਸਭ ਲੋਕ ਉਸ ਆਗੂ ਨੂੰ ਹੀ ਕੋਸਣਗੇ, ਜਿਸ ਨੇ ਗੁਟਕਾ ਸਾਹਿਬ ਮੱਥੇ ਨਾਲ ਲਾ ਕੇ ਆਪਣੀ ਰਾਜਨੀਤੀ ਨੂੰ ਧਾਰਮਿਕ ਰੰਗਤ ਦੇਣ ਲਈ ਸਹੁੰ ਚੁੱਕੀ ਸੀ ਕਿ ਸਰਕਾਰ ਬਣਦਿਆਂ ਸਾਰ ਹੀ ਨਸ਼ਿਆਂ ਦਾ ਪੰਜਾਬ ਵਿਚੋਂ ਸਫ਼ਾਇਆ ਕਰ ਦਿਤਾ ਜਾਵੇਗਾ। ਕੋਈ ਇਹ ਨਹੀਂ ਕਹੇਗਾ ਕਿ ਇਹ ਗੁਟਕਾ ਸਾਹਿਬ, ਗੀਤਾ ਜਾਂ ਕੁਰਾਨ ਦੀ ਸਹੁੰ ਚੁੱਕ ਕੇ ਹੱਲ ਹੋਣ ਵਾਲਾ ਮਾਮਲਾ ਨਹੀਂ ਹੈ। ਕੋਈ ਰਾਜਸੀ ਆਗੂ ਕਿੰਨੀਆਂ ਵੀ ਕਿਸ ਦੀਆਂ ਵੀ ਸਹੁੰਆਂ ਚੁੱਕ ਲਵੇ, ਨਸ਼ਿਆਂ ਨੂੰ ਉਦੋਂ ਤਕ ਖ਼ਤਮ ਨਹੀਂ ਕੀਤਾ ਜਾ ਸਕੇਗਾ ਜਦੋਂ ਤਕ ਸਮਾਜ ਵਿਚ ਵੱਡੀ ਪੱਧਰ ‘ਤੇ ਬੇਰੁਜ਼ਗਾਰੀ ਮੌਜੂਦ ਰਹੇਗੀ। ਪਰ ਸਾਡੇ ਸਿਆਸੀ ਸੱਭਿਆਚਾਰ ਵਿਚ ਮੁੱਦਿਆਂ ਨੂੰ ਸੰਵੇਦਨਸ਼ੀਲਤਾ ਵਾਲੇ ਪਾਸੇ ਸਰਕਾਅ ਕੇ ਲੋਕਾਂ ਦਾ ਧਿਆਨ ਅਸਲੀ ਕਾਰਨਾਂ ਤੋਂ ਹਟਾ ਦੇਣ ਦਾ ਵਿਕਲਪ ਪੰਜਾਬ ਦੀ ਰਾਜਨੀਤੀ ਦੇ ਸੰਵੇਦਨਸ਼ੀਲ ਪੱਖ ਦਾ ਇਕ ਕਰੂਰ ਸੱਚ ਹੈ।
ਪੰਜਾਬ ਦੀ ਰਾਜਨੀਤੀ ਦੇ ਸੰਵੇਦਨਸ਼ੀਲ ਪੱਖ ਸਸ਼ਕਤ ਰੂਪ ਵਿਚ ਪਿਛਲੇ ਦਿਨੀਂ ਉਦੋਂ ਵੀ ਸਾਹਮਣੇ ਆਏ ਜਦੋਂ ਪੰਜਾਬ ਵਿਧਾਨਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀਹ-ਵੀਹ ਰਾਇਸ਼ੁਮਾਰੀ ਦੇ ਸਬੰਧ ਵਿਚ ਦਿੱਤੇ ਆਪਣੇ ਬਿਆਨ ਕਾਰਨ ਆਪਣੇ ਆਪ ਨੂੰ ਬੜੀ ਅਟਪਟੀ ਸਥਿਤੀ ਵਿਚ ਪਾਇਆ। ਸੁਖਪਾਲ ਸਿੰਘ ਖਹਿਰਾ ਕਾਫੀ ਪ੍ਰਭਾਵਸ਼ਾਲੀ ਬੁਲਾਰੇ, ਸੁਲਝੇ ਹੋਏ ਆਗੂ ਅਤੇ ਸਿਆਸੀ ਤੌਰ ‘ਤੇ ਬੇਹੱਦ ਚੇਤੰਨ ਵਿਅਕਤੀ ਹਨ। ਪੰਜਾਬ ਦੇ ਵਰਤਮਾਨ ਸਿਆਸੀ ਦ੍ਰਿਸ਼ ਵਿਚ ਉਹਦੇ ਵਰਗਾ ਵਿਅਕਤੀਤਵ ਰੱਖਣ ਵਾਲਾ ਹੋਰ ਕੋਈ ਆਗੂ ਨਹੀਂ ਹੈ। ਖਹਿਰਾ ਵਲੋਂ ਪੰਜਾਬ ਦੇ ਕਈ ਮਸਲੇ ਇਸ ਢੰਗ ਨਾਲ ਉਠਾਏ ਗਏ ਹਨ ਕਿ ਸਰਕਾਰ ਨੂੰ ਇਨ੍ਹਾਂ ਦੇ ਹੱਲ ਲਈ ਕਦਮ ਉਠਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਪਰ 20-20 ਰਾਇਸ਼ੁਮਾਰੀ ਬਾਰੇ ਜਿਉਂ ਹੀ ਉਹਦਾ ਬਿਆਨ ਸਾਹਮਣੇ ਆਇਆ, ਤਿਉਂ ਹੀ ਉਹਨੂੰ ਆਪਣੀ ਹਮਲਾਵਰਸ਼ੈਲੀ ਤਿਆਗ ਕੇ ਬਚਾਅ ਦੀ ਸ਼ੈਲੀ ਅਖ਼ਤਿਆਰ ਕਰਨੀ ਪਈ। ਅਜਿਹਾ ਕਿਉਂ ਹੋਇਆ? ਜ਼ਾਹਿਰ ਹੈ ਕਿ ਅਜਿਹਾ 20-20 ਰਾਇਸ਼ੁਮਾਰੀ ਦੇ ਮੁੱਦੇ ਦੇ ਸੰਵੇਦਨਸ਼ੀਲ ਹੋਣ ਕਰਕੇ ਹੋਇਆ। ਦੂਜੇ ਸ਼ਬਦਾਂ ਵਿਚ ਵੀਹ-ਵੀਹ ਰਾਇਸ਼ੁਮਾਰੀ ਪੰਜਾਬ ਦੀ ਰਾਜਨੀਤੀ ਦੇ ਸੰਵੇਦਨਸ਼ੀਲ ਪੱਖਾਂ ਦੀ ਤਰਜ਼ ਦਾ ਹੈ। ਇਹ ਤਾਂ ਨਹੀਂ ਕਿ ਸੁਖਪਾਲ ਸਿੰਘ ਖਹਿਰਾ ਵਰਗੇ ਜ਼ੁੰਮੇਵਾਰ ਆਗੂ ਨੇ ਵੀਹ-ਵੀਹ ਰਾਇਸ਼ੁਮਾਰੀ ਦੇ ਪੱਖ ਵਿਚ ਬਿਆਨ ਦਿਤਾ ਸੀ, ਕਿਉਂਕਿ ਗੱਲ ਵੀਹ-ਵੀਹ ਰਾਇਸ਼ੁਮਾਰੀ ਦੇ ਹਵਾਲੇ ਨਾਲ ਕੀਤੀ ਗਈ ਸੀ। ਇਸ ਲਈ ਪੰਜਾਬ ਦੀ ਸੰਵੇਦਨਸ਼ੀਲ ਰਾਜਨੀਤੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿਤੇ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਬੈਕਫੁਟ ‘ਤੇ ਜਾਣ ਲਈ ਮਜਬੂਰ ਹੋਣਾ ਪਿਆ।
ਪੰਜਾਬ ਦੀ ਰਾਜਨੀਤੀ ਦੇ ਸੰਵੇਦਨਸ਼ੀਲ ਪੱਖਾਂ ਨੇ ਪੰਜਾਬ ਦੇ ਹਿੱਤਾਂ ਨੂੰ ਹਮੇਸ਼ਾ ਢਾਹ ਲਾਈ ਹੈ। ਪੰਜਾਬ ਦੀ ਸੰਕਟਗ੍ਰਸਤ ਕਿਸਾਨੀ, ਬੇਰੁਜ਼ਗਾਰ ਜਵਾਨੀ, ਕੁਦਰਤੀ ਸਰੋਤਾਂ ਦੀ ਲੁੱਟ ਤੇ ਬਰਬਾਦੀ, ਸ਼ਹਿਰਾਂ-ਕਸਬਿਆਂ ਵਿਚ ਸੀਵਰੇਜ ਤੇ ਹੋਰ ਕਈ ਸੇਵਾਵਾਂ ਦੀ ਦੁਰਦਸ਼ਾ, ਮਾਫੀਆ ਦਾ ਦਬਦਬਾ ਤੇ ਅਰਾਜਕਤਾ ਦਾ ਬੋਲਬਾਲਾ ਆਦਿ ਅਨੇਕਾਂ ਸਮੱਸਿਆਵਾਂ ਹਨ, ਜਿਨ੍ਹਾਂ ਵਲੋਂ ਸੰਵੇਦਨਸ਼ੀਲ ਰਾਜਨੀਤੀ ਅਕਸਰ ਧਿਆਨ ਹਟਾ ਦਿੰਦੀ ਹੈ। ਇਸ ਪੱਖ ਦੀ ਰਾਜਨੀਤੀ ਨੇ ਪੰਜਾਬ ਵਿਚ ਬਾਬਿਆਂ ਦੀ ਵੱਡੀ ਭੀੜ ਪੈਦਾ ਕਰ ਦਿਤੀ ਹੈ ਤੇ ਡੇਰਾਵਾਦ ਨੂੰ ਹੁਲਾਰਾ ਦਿਤਾ ਹੈ। ਬਾਬੇ ਪੰਜਾਬ ਦੀ ਆਰਥਿਕਤਾ ਨੂੰ ਹੋਰ ਸ਼ੋਸ਼ਨਕਾਰੀ ਤਾਕਤਾਂ ਵਾਂਗ ਹੀ ਚੂੰਡ ਰਹੇ ਹਨ। ਪੰਜਾਬੀਆਂ ਨੂੰ ਇਸ ਸਮੇਂ ਜ਼ਰੂਰ ਆਪਣੀ ਰਾਜਨੀਤੀ ਦੇ ਸੰਵੇਦਨਸ਼ੀਲ ਪੱਖਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਸਿਆਸਤਦਾਨਾਂ ਨੂੰ ਅਜਿਹੀ ਰਾਜਨੀਤੀਕਰਨ ਤੋਂ ਵਰਜਣਾ ਚਾਹੀਦਾ ਹੈ।