ਕਿਮ-ਟਰੰਪ ਸਿਖਰ ਵਾਰਤਾ ਦਾ ਮਹੱਤਵ

ਮੰਗਤ ਰਾਮ ਪਾਸਲਾ
98141-82998
sangrami.lehar0gmail.com
ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਤਰੀ ਕੋਰੀਆ ਦੇ ਨੇਤਾ ਕਿੰਮ ਜੋਂਗ-ਉਨ ਦੀ 12 ਜੂਨ ਨੂੰ ਸਿੰਗਾਪੁਰ ਵਿਖੇ ਹੋਈ ਸ਼ਿਖਰ ਵਾਰਤਾ ਨਿਸ਼ਚੇ ਹੀ ਸਫਲ ਕਹੀ ਜਾ ਸਕਦੀ ਹੈ। ਜਿਸ ਸਮਝੌਤੇ ਉਪਰ ਦੋਨਾਂ ਆਗੂਆਂ ਨੇ ਸਹੀ ਪਾਈ ਹੈ, ਪ੍ਰੈਸ ਵਿਚ ਛਪੀਆਂ ਰਿਪੋਰਟਾਂ ਅਨੁਸਾਰ, ਅਮਰੀਕਾ ਉਸ ਵਲੋਂ ਉਤੇਜਨਾ ਪੈਦਾ ਕਰਨ ਵਾਲੀਆਂ ਦੱਖਣੀ ਕੋਰੀਆ ਵਿਚ ਕੀਤੀਆਂ ਜਾ ਰਹੀਆਂ ਫੌਜੀ ਮਸ਼ਕਾਂ ਨੂੰ ਬੰਦ ਕਰਨਾ ਮੰਨਿਆ ਹੈ, ਉਥੇ ਉਤਰੀ ਕੋਰੀਆ ਵਲੋਂ ਆਪਣੇ ਮਿਜਾਇਲ ਟੈਸਟ ਕਰਨ ਵਾਲੀ ਥਾਂ ਨੂੰ ਨਸ਼ਟ ਕਰਨ ਲਈ ਸਹਿਮਤੀ ਪ੍ਰਗਟਾਈ ਗਈ ਹੈ।
ਦੋਨਾਂ ਪਾਸਿਆਂ ਵਲੋਂ ਕੋਰਿਆਈ ਪ੍ਰਾਇਦੀਪ ਨੂੰ ਨਿਉਕਲਿਆਈ ਜੰਗ ਦਾ ਖੇਤਰ ਨਾ ਬਣਾਉਣ ਪ੍ਰਤੀ ਰਜ਼ਾਮੰਦੀ ਜ਼ਾਹਰ ਕਰਨਾ ਵੀ ਇਕ ਸ਼ੁਭ ਸ਼ਗਨ ਮੰਨਿਆ ਜਾਣਾ ਚਾਹੀਦਾ ਹੈ। ਅਮਰੀਕਾ ਤੇ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਲੋਂ ਯੂ.ਐਨ.ਓ. ਦੇ ਮਤੇ ਅਨੁਸਾਰ ਉਤਰੀ ਕੋਰੀਆ ਉਪਰ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਖਤਮ ਕਰਨ ਬਾਰੇ ਭਾਵੇਂ ਅਜੇ ਕੋਈ ਮਿਤੀਬੱਧ ਫੈਸਲਾ ਨਹੀਂ ਕੀਤਾ ਗਿਆ ਤੇ ਉਤਰੀ ਕੋਰੀਆ ਕੋਲ ਮੌਜੂਦ ਸਾਰੇ ਨਿਊਕਲਿਆਈ ਹਥਿਆਰਾਂ ਦੇ ਨਸ਼ਟ ਕਰਨ ਦੀ ਵਿਧੀ ਤੇ ਸੀਮਾ ਵੀ ਤੈਅ ਨਹੀਂ ਕੀਤੀ ਗਈ, ਪ੍ਰੰਤੂ ਸਿੰਗਾਪੁਰ ਦੀ ਸਿਖਰ ਵਾਰਤਾ ਦਾ ਮੰਤਕੀ ਨਤੀਜਾ, ਉਪਰੋਕਤ ਦੋਨੋਂ ਮੁੱਦੇ ਹਲ ਕਰਨ ਵੱਲ ਇਕ ਨਿੱਗਰ ਪਹਿਲਕਦਮੀ ਮੰਨਿਆ ਜਾ ਸਕਦਾ ਹੈ। ਇਸ ਸਮਝੌਤੇ ਦਾ ਭਾਰਤ ਸਮੇਤ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਨੇ ਸਵਾਗਤ ਕੀਤਾ ਹੈ।
ਮਸਲੇ ਦੀ ਜੜ੍ਹ ਉਤਰੀ ਕੋਰੀਆ ਦੇ ਪ੍ਰਮਾਣੂ ਹਥਿਆਰ ਨਹੀਂ ਸਨ। ਇਹ ਮੁੱਦਾ ਅਮਰੀਕਾ ਤੇ ਉਸਦੇ ਨੇੜਲੇ ਮਿੱਤਰ ਦੇਸ਼ਾਂ, ਦੱਖਣੀ ਕੋਰੀਆ ਤੇ ਜਪਾਨ ਵਲੋਂ ਉਤਰੀ ਕੋਰੀਆ ਵਿਰੁੱਧ ਕਿਸੇ ਵੇਲੇ ਵੀ ਜੰਗ ਛੇੜ ਕੇ ਉਸਨੂੰ ਤਬਾਹ ਕਰਨ ਦੀ ਯੋਜਨਾ ਨਾਲ ਜੁੜਿਆ ਹੋਇਆ ਹੈ। ਸਾਮਰਾਜੀ ਦਖਲ ਤੇ ਸਾਜਸ਼ਾਂ ਕਾਰਨ ਕੋਰੀਆ ਦੋ ਭਾਗਾਂ (ਉਤਰੀ ਕੋਰੀਆ ਤੇ ਦੱਖਣੀ ਕੋਰੀਆ) ਵਿਚ ਵੰਡਿਆ ਜਾ ਚੁੱਕਾ ਹੈ। ਦੋਨਾਂ ਦੇਸ਼ਾਂ ਵਿਚ ਅਲੱਗ-ਅਲੱਗ ਰਾਜਨੀਤਕ ਤੇ ਆਰਥਿਕ ਪ੍ਰਬੰਧਾਂ (ਪੂੰਜੀਵਾਦੀ ਤੇ ਸਮਾਜਵਾਦੀ ਢਾਂਚਾ) ਦੇ ਬਾਵਜੂਦ ਉਥੋਂ ਦੇ ਆਮ ਲੋਕ ਕੋਰੀਆ ਦਾ ਏਕੀਕਰਨ ਚਾਹੁੰਦੇ ਹਨ। ਇਹ ਗੱਲ ਅਮਰੀਕਨ ਸਾਮਰਾਜ ਤੇ ਉਸਦੇ ਸਹਿਯੋਗੀਆਂ ਨੂੰ ਕਦਾਚਿੱਤ ਨਹੀਂ ਭਾਉਂਦੀ।
ਅਸੁਰੱਖਿਆ ਦੇ ਇਸ ਵਾਤਾਵਰਣ ਵਿਚ ਉਤਰੀ ਕੋਰੀਆ ਦੀ ਸਰਕਾਰ ਤੇ ਇਸਦੇ ਆਗੂ ਕਿੰਮ ਜੌਂਗ-ਊਨ ਨੂੰ ਆਪਣੇ ਦੇਸ਼ ਦੀ ਸੁਰੱਖਿਆ, ਆਜ਼ਾਦੀ ਤੇ ਪ੍ਰਭੂਸੱਤਾ ਦੀ ਰਾਖੀ ਲÂਂੀ ਮਜ਼ਬੂਰੀ ਵੱਸ ਪੁਖਤਾ ਤਿਆਰੀਆਂ ਕਰਨੀਆਂ ਪਈਆਂ। ਇਨ੍ਹਾਂ ਵਿਚ ਪ੍ਰਮਾਣੂ ਹਥਿਆਰ ਤੇ ਮੀਜ਼ਾਇਲਾਂ ਬਣਾਉਣਾ ਵੀ ਸ਼ਾਮਲ ਹਨ, ਜੋ ਉਤਰੀ ਕੋਰੀਆ ਦੀ ਧਰਤੀ ਨੂੰ ਦੁਸ਼ਮਣ ਦੇ ਹਮਲਿਆਂ ਨੂੰ ਰੋਕਣ ਲਈ ਇਕ ਪ੍ਰਭਾਵੀ ਕਾਰਕ ਸਿੱਧ ਹੋ ਸਕਦੀਆਂ ਹਨ। ਭਾਵੇਂ ਇਹ ਹਥਿਆਰ ਅਮਰੀਕਾ ਦੀ ਵੱਡੀ ਫੌਜੀ ਸ਼ਕਤੀ ਦੇ ਬਰਾਬਰ ਤਾਂ ਕਦਾਚਿਤ ਨਹੀਂ ਸਨ, ਪ੍ਰੰਤੂ ਇਹ ਉਸਦੇ ਨਿਕਟ ਸਹਿਯੋਗੀਆਂ, ਦੱਖਣੀ ਕੋਰੀਆ ਤੇ ਜਪਾਨ, ਨਾਲ ਨਿਪਟਣ ਲਈ ਕਾਫੀ ਸਨ, ਜਿਨ੍ਹਾਂ ਦੀ ਧਰਤੀ ਨੂੰ ਅਮਰੀਕਨ ਸਾਮਰਾਜ ਉਤਰੀ ਕੋਰੀਆ ਵਿਰੁੱਧ ਜੰਗੀ ਸਾਜਿਸ਼ਾਂ ਕਰਨ ਲਈ ਇਸਤੇਮਾਲ ਕਰ ਰਿਹਾ ਹੈ।
ਨਾ ਤਾਂ ਕੋਰਿਆਈ ਆਗੂ ਕਿੰਮ ਜੌਂਗ-ਊਨ ਤੇ ਨਾ ਹੀ ਲੋਕ ਜਮਹੂਰੀ ਗਣਰਾਜ ਕੋਰੀਆ ਦੀ ਕਮਿਊਨਿਸਟ ਸਰਕਾਰ ਨੇ ਦੁਨੀਆਂ ਦੇ ਕਿਸੇ ਦੂਸਰੇ ਦੇਸ਼ ਉਪਰ ਕਦੀ ਹਮਲਾ ਕੀਤਾ ਤੇ ਨਾ ਹੀ ਦੂਸਰੇ ਕਿਸੇ ਦੇਸ਼ ਦੀ ਮੰਡੀ ਉਪਰ ਕਬਜ਼ਾ ਜਮਾ ਕੇ ਆਪਣੇ ਪੈਰ ਪਸਾਰਨ ਦਾ ਯਤਨ ਕੀਤਾ ਹੈ। ਆਪਣੇ ਦੇਸ਼ ਤੇ ਕੋਰਿਆਈ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੀ ਜੰਗੀ ਤਿਆਰੀ ਕਰਨ ਵਾਲੇ ਇਕ ਸੁਯੋਗ ਆਗੂ ਕਿੰਮ ਜੋਂਗ-ਊਨ ਨੂੰ ਸਾਮਰਾਜੀ ਸ਼ਕਤੀਆਂ ਤੇ ਹੋਰ ਖੁਦਗਰਜ਼ ਹਿੱਤਾਂ ਨੂੰ ਬੜ੍ਹਾਵਾ ਦੇਣ ਵਾਲੇ ਲੋਕਾਂ ਨੇ ਇਕ ਖਤਰਨਾਕ ਤਾਨਾਸ਼ਾਹ ਵਜੋਂ ਪ੍ਰਚਾਰਿਆ। ਸੰਸਾਰ ਭਰ ਦੇ ਲੋਕਾਂ ਦੇ ਮਨਾਂ ਵਿਚ ਹਰ ਪੱਧਰ ਦੇ ਘਟੀਆ ਤੇ ਝੂਠੇ ਪ੍ਰਚਾਰ ਦੇ ਸਹਾਰੇ ਖਾਸਕਰ ਟੀ.ਵੀ. ਚੈਨਲਾਂ ਉਪਰ ਕੋਰੀਆਈ ਆਗੂ ਦੀ ਤਸਵੀਰ ਇਕ ਗੈਰ ਜਿੰਮੇਵਾਰ, ਹੰਕਾਰੀ ਤੇ ਗੈਰ ਸੰਵੇਦਨਸ਼ੀਲ ਵਿਅਕਤੀ ਵਜੋਂ ਉਭਾਰਨ ਦੀ ਹਰ ਕੋਝੀ ਕੋਸ਼ਿਸ਼ ਕੀਤੀ ਗਈ।
ਸਾਮਰਾਜੀਆਂ ਤੇ ਉਨ੍ਹਾਂ ਦੇ ਅਨੁਆਈਆਂ ਦੀ ਕਮਿਊਨਿਸਟਾਂ ਪ੍ਰਤੀ ਇਹ ਨਫ਼ਰਤ ਕੋਈ ਨਵੀਂ ਚੀਜ਼ ਨਹੀਂ ਹੈ। ਦੁਨੀਆਂ ਦੇ ਮਹਾਨ ਚਿੰਤਕ ਤੇ ਸੰਸਾਰ ਭਰ ਦੇ ਕਿਰਤੀਆਂ ਤੇ ਲੁੱਟੇ ਪੁੱਟੇ ਜਾ ਰਹੇ ਲੋਕਾਂ ਦੇ ਰਾਹ ਦਸੇਰੇ ਕਾਰਲ ਮਾਰਕਸ ਨੂੰ ਹਰ ਨਿੰਦਣਯੋਗ ਵਿਸ਼ੇਸ਼ਣ ਲਾ ਕੇ ਭੰਡਿਆ ਗਿਆ ਸੀ। ਸੋਵੀਅਤ ਯੂਨੀਅਨ ਦੀ 1917 ਵਿਚ ਹੋਈ ਸਮਾਜਵਾਦੀ ਕ੍ਰਾਂਤੀ ਦੇ ਮਹਾਨ ਨਾਇਕਾਂ, ਜਿਨ੍ਹਾਂ ਨੇ ਧਰਤੀ ਉਪਰ ਪਹਿਲੀ ਵਾਰ ਕਿਰਤੀ ਲੋਕਾਂ ਦੇ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਂਝੀਵਾਲਤਾ ਵਾਲੇ ਸਮਾਜ ਦਾ ਨੀਂਹ ਪੱਥਰ ਰੱਖਿਆ-ਕਾਮਰੇਡ ਲੈਨਿਨ, ਸਟਾਲਿਨ ਤੇ ਦੂਸਰੇ ਨੇਤਾਵਾਂ ਨਾਲ ਵੀ ਅਜਿਹਾ ਹੀ ਸਲੂਕ ਕੀਤਾ ਗਿਆ। ਚੀਨ ਦੇ ਮਹਾਨ ਕ੍ਰਾਂਤੀਕਾਰੀ ਮਾਓ-ਜ਼ੇ-ਤੁੰਗ ਤੇ ਮਨੁੱਖਤਾ ਲਈ ਵਿਕਾਸ ਦੇ ਨਵੇਂ ਰਸਤੇ ਤਲਾਸ਼ ਕਰਨ ਵਾਲੇ ਸੰਸਾਰ ਭਰ ਦੇ ਮਹਾਨ ਇਨਕਲਾਬੀਆਂ, ਕੌਮੀ ਮੁਕਤੀ ਲਹਿਰਾਂ ਦੇ ਜਰਨੈਲਾਂ ਤੇ ਸਰਮਾਏਦਾਰੀ ਲੁੱਟ-ਖਸੁੱਟ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਯੋਧਿਆਂ ਨੂੰ ਸਰਮਾਏਦਾਰੀ ਦੇ ਜ਼ਰ-ਖਰੀਦ ਬੁੱਧੀਜੀਵੀਆਂ ਨੇ ਘਟੀਆ ਢੰਗਾਂ ਨਾਲ ਨੀਵੇਂ ਦਿਖਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰੰਤੂ ਇਨ੍ਹਾਂ ਦੁਸ਼ਮਣ ਲੁਟੇਰੀਆਂ ਧਿਰਾਂ ਦੇ ਸਾਰੇ ਹੋਛੇ ਯਤਨਾਂ ਦੇ ਬਾਵਜੂਦ ਸੰਸਾਰ ਭਰ ਦੇ ਕਰੋੜਾਂ ਲੋਕਾਂ ਦੇ ਦਿਲਾਂ ਵਿਚ ਆਪਣੇ ਇਨ੍ਹਾਂ ਆਗੂਆਂ ਪ੍ਰਤੀ ਸਨਮਾਨ ਤੇ ਵਿਸ਼ਵਾਸ਼ ਲਗਾਤਾਰ ਵੱਧਦਾ ਗਿਆ, ਜਿਨ੍ਹਾਂ ਨੇ ਲੋਕ ਹਿਤਾਂ ਖਾਤਰ ਆਪਣੇ ਆਪ ਨੂੰ ਸਮਰਪਤ ਕੀਤਾ।
ਉਤਰੀ ਕੋਰੀਆ ਦੇ ਆਗੂਆਂ ਵਲੋਂ ਆਪਣੀ ਸੁਰੱਖਿਆ ਤੇ ਆਜ਼ਾਦੀ ਦੀ ਰਾਖੀ ਲਈ ਲੋੜੀਂਦੇ ਹਥਿਆਰ ਤਿਆਰ ਕਰਨੇ ਐਵੇਂ ਨਿਰਮੂਲ ਨਹੀਂ ਸਨ। ਸੰਸਾਰ ਭਰ ਦੇ ਲੋਕਾਂ ਦਾ, ਸਾਮਰਾਜੀਆਂ ਵਲੋਂ ਧੌਂਸਵਾਦੀ ਹਥਕੰਡਿਆਂ ਰਾਹੀਂ ਦੂਸਰੇ ਦੇਸ਼ਾਂ ਦੀਆਂ ਆਜ਼ਾਦੀਆਂ ਨੂੰ ਗੁਲਾਮੀਆਂ ‘ਚ ਤਬਦੀਲ ਕਰਨ ਦਾ ਲੰਬਾ ਤੇ ਕੌੜਾ ਤਜ਼ਰਬਾ ਹੈ। ਵੀਅਤਨਾਮ, ਲਾਓਸ, ਕੰਬੋਡੀਆ, ਚਿੱਲੀ, ਵੈਨਜ਼ੁਏਲਾ ਆਦਿ ਅਨੇਕਾਂ ਮੁਲਕਾਂ ਅੰਦਰ ਕੌਮੀ ਆਜ਼ਾਦੀ ਦੇ ਘੋਲਾਂ ਤੇ ਸਾਂਝੀਵਾਲਤਾ ਵਾਲੇ ਸਮਾਜ ਸਿਰਜਣ ਵੱਲ ਸੇਧਤ ਸੰਘਰਸ਼ਾਂ ਨੂੰ ਕੁਚਲਣ ਲਈ ਸਾਮਰਾਜੀ, ਖਾਸਕਰ ਅਮਰੀਕਨ ਸਾਮਰਾਜ ਵਲੋਂ ਕਿੰਨੇ ਅਣਮਨੁੱਖੀ ਜ਼ੁਲਮ ਤੇ ਜ਼ਬਰ ਢਾਏ ਗਏ, ਅੱਜ ਵੀ ਯਾਦ ਕਰਕੇ ਹਰ ਮਨੁੱਖ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਅਫਗਾਨਿਸਤਾਨ ਵਿਚ ਹੋ ਰਿਹਾ ਖੂਨ ਖਰਾਬਾ ਸਾਮਰਾਜੀ ਦਖਲਅੰਦਾਜ਼ੀ ਦਾ ਹੀ ਸਿੱਟਾ ਹੈ। ਇਰਾਕ ਉਪਰ ਸਾਮਰਾਜੀ ਹਮਲਾ, ਜੋ ਮਾਰੂ ਹਥਿਆਰ ਰੱਖਣ ਦੇ ਸੌ ਪ੍ਰਤੀਸ਼ਤ ਝੂਠੇ ਇਲਜ਼ਾਮ ਲਗਾ ਕੇ ਕੀਤਾ ਗਿਆ, ਜਿਸ ਵਿਚ ਲੱਖਾਂ ਬੇਗੁਨਾਹ ਲੋਕ, ਬੱਚੇ, ਔਰਤਾਂ ਮਾਰੇ ਗਏ ਤੇ ਇਰਾਕ ਦੇ ਤੇਲ ਸਮੇਤ ਕੁਦਰਤੀ ਖਜ਼ਾਨਿਆਂ ਨੂੰ ਲੁਟਿਆ ਗਿਆ, ਦਰਸਾਉਂਦਾ ਹੈ ਕਿ ਸਾਮਰਾਜ ਕਿੰਨਾ ਧੋਖੇਬਾਜ, ਝੂਠਾ, ਫਰੇਬੀ ਤੇ ਜ਼ਾਲਮ ਹੈ। ਜਿਸ ਇਰਾਕੀ ਆਗੂ ਸੱਦਾਮ ਹੁਸੈਨ ਨੂੰ ਸੰਸਾਰ ਭਰ ‘ਚ ‘ਤਾਨਾਸ਼ਾਹ’ ਕਹਿ ਕੇ ਧ੍ਰੁੰਮਾਇਆ ਗਿਆ, ਉਹ ਆਪਣੇ ਦੇਸ਼ ਦੀ ਆਜ਼ਾਦੀ ਤੇ ਪ੍ਰਭੂਸੱਤਾ ਲਈ ਪੂਰੇ ਸਵੈਮਾਨ ਨਾਲ ਫਾਂਸੀ ਉਪਰ ਚੜ੍ਹ ਗਿਆ ਤੇ ਇਹ ਜਮਹੂਰੀਅਤ ਦੇ ਨਾਮ ਨਿਹਾਦ ਅਲੰਬਰਦਾਰ ਕਰੋੜਾਂ ਲੋਕਾਂ ਦੇ ਡੁੱਲੇ ਖੂਨ ‘ਤੇ ਬਾਘੀਆਂ ਪਾਉਂਦੇ ਰਹੇ। ਕੀ ਉਤਰੀ ਕੋਰੀਆ ਸਾਮਰਾਜ ਵਲੋਂ ਆਪਣੇ ਨਾਲ ਇਰਾਕ ਵਰਗੇ ਵਰਤਾਅ ਦੀ ਸੰਭਾਵਨਾ ਤੋਂ ਅੱਖਾਂ ਮੀਟ ਸਕਦਾ ਹੈ, ਜੋ ਹਰ ਪਲ ਉਤਰੀ ਕੋਰੀਆ ਵਿਰੁੱਧ ਸਾਜਿਸ਼ਾਂ ਰਚਣ ਵਿਚ ਗਲਤਾਨ ਹੈ?
ਸਮਾਜਵਾਦੀ ਢਾਂਚਾ ਤੇ ਕਮਿਊਨਿਸਟ ਆਗੂ ਸਾਮਰਾਜੀ ਤੇ ਪੂੰਜੀਵਾਦੀਆਂ ਦੀਆਂ ਅੱਖਾਂ ਵਿਚ ਹਮੇਸ਼ਾ ਰੜਕਦੇ ਰਹਿੰਦੇ ਹਨ। ਉਤਰੀ ਕੋਰੀਆ ਦੇ ਆਗੂ ਕਿੰਮ ਜੋਂਗ-ਊਨ ਦੀ ਕਿਸੇ ਨੀਤੀ ਜਾਂ ਵਿਵਹਾਰ ਬਾਰੇ ਕਿਸੇ ਨੂੰ ਵੀ ਮਤਭੇਦ ਹੋ ਸਕਦਾ ਹੈ। ਇਸ ਬਾਰੇ ਹਰ ਦੇਸ਼ ਜਾਂ ਵਿਅਕਤੀ ਨੂੰ ਤਰਕਪੂਰਨ ਅਲੋਚਨਾ ਕਰਨ ਦਾ ਵੀ ਪੂਰਨ ਅਧਿਕਾਰ ਹੈ। ਪ੍ਰੰਤੂ ਅੰਨ੍ਹੇ ਵਿਰੋਧ ਵਿਚੋਂ ਨਿਕਲੀ ਇਹ ਅਲੋਚਨਾ ਇਸ ਹੱਦ ਤੱਕ ਜਾਣੀ ਤਾਂ ਬਿਲਕੁਲ ਹੀ ਵਾਜ਼ਿਬ ਨਹੀਂ ਹੈ ਕਿ ਸਮਾਜਵਾਦੀ ਦੇਸ਼ ਦੇ ਕਿਸੇ ਆਗੂ ਨੂੰ ‘ਤਾਨਾਸ਼ਾਹ’ ਕਹਿਕੇ ਭੰਡਿਆ ਜਾਵੇ। ਕਿਉਂਕਿ ਉਹ ਆਪਣੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਲੋੜੀਂਦੀ ਤਿਆਰੀ ਕਰ ਰਿਹਾ ਹੈ।
ਜੇਕਰ ਅੱਜ ਅਮਰੀਕਨ ਰਾਸ਼ਟਰਪਤੀ ਤੇ ਕੋਰੀਆਈ ਆਗੂ ਦੀ ਸਿੰਗਾਪੁਰ ਵਿਚ ਸਿਖਰ ਵਾਰਤਾ ਸੰਭਵ ਹੋਈ ਹੈ, ਤਦ ਇਸ ਪਿੱਛੇ ਸੰਸਾਰ ਭਰ ਦੇ ਲੋਕਾਂ ਅੰਦਰ ਦੋਨਾਂ ਦੇਸ਼ਾਂ ਦੇ ਟਕਰਾਅ ਵਿਚੋਂ ਪੈਦਾ ਹੋਣ ਵਾਲੇ ਸੰਭਾਵੀ ਐਟਮੀ ਜੰਗੀ ਵਿਨਾਸ਼ ਬਾਰੇ ਚਿੰਤਾ ਤੇ ਗੁੱਸੇ ਦੇ ਨਾਲ ਨਾਲ ਉਤਰੀ ਕੋਰਿਆ ਦਾ ਆਪਣੀ ਸੁਰੱਖਿਆ ਲਈ ਪੂਰੀ ਤਰ੍ਹਾਂ ਸਤਰਕ ਰਹਿ ਕੇ ਲੋੜੀਂਦੀ ਤਿਆਰੀ ਕਰਨਾ ਵੀ ਪ੍ਰਮੁੱਖ ਕਾਰਨ ਹੈ। ਸਾਰੇ ਅਮਨ ਪਸੰਦ ਲੋਕ ਇਸ ਸਿਖਰ ਵਾਰਤਾ ਦੇ ਸਿੱਟੇ ਵਜੋਂ ਇਸ ਖਿੱਤੇ ਵਿਚ ਪੈਦਾ ਹੋਏ ਤਣਾਅ ਦੀ ਸਮਾਪਤੀ, ਉਤਰੀ ਕੋਰੀਆ ਦੀ ਸੁਰੱਖਿਆ ਦੀ ਗਰੰਟੀ ਤੇ ਜੰਗੀ ਹਥਿਆਰਾਂ ਦੀ ਦੌੜ ਉਪਰ ਪੁਰਨ ਰੂਪ ਵਿਚ ਪਾਬੰਦੀ ਦੇਖਣਾ ਚਾਹੁੰਦੇ ਹਨ। ਇਹ ਸਮਾਂ ਹੀ ਦੱਸੇਗਾ ਕਿ ਸਾਮਰਾਜੀ ਦੇਸ਼, ਜੋ ਸੰਸਾਰ ਭਰ ਵਿਚ ਐਟਮੀ ਹਥਿਆਰਾਂ ਦੇ ਭੰਡਾਰ ਕਰਨ ਅਤੇ ਜੰਗੀ ਮਾਹੌਲ ਸਿਰਜਣ ਲਈ ਮੁੱਖ ਤੌਰ ‘ਤੇ ਜਿੰਮੇਵਾਰ ਹਨ, ਲੋਕਾਂ ਦੀ ਇਸ ਖਾਹਸ਼ ਪ੍ਰਤੀ ਕਿੰਨੀ ਛੇਤੀ ਹੁੰਗਾਰਾ ਭਰਦੇ ਹਨ ਤੇ ਇਸ ਦਿਸ਼ਾ ਵਿਚ ਕਿਹੜੇ ਅਮਲੀ ਕਦਮ ਚੁੱਕਦੇ ਹਨ।